ਨਵੀਂ ਦਿੱਲੀ (ਭਾਸ਼ਾ) - ਭਾਰਤ ਅਤੇ ਕਤਰ ਨੇ ਮੰਗਲਵਾਰ ਨੂੰ ਅਗਲੇ 5 ਸਾਲਾਂ ’ਚ ਦੋ-ਪੱਖੀ ਵਪਾਰ ਨੂੰ ਦੁੱਗਣਾ ਕਰ ਕੇ 28 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦੀ ਵਚਨਬੱਧਤਾ ਪ੍ਰਗਟਾਈ। ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਐਲਾਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ-ਸਾਨੀ ਨਾਲ ਗੱਲਬਾਤ ਕੀਤੀ। ਦੋਹਾਂ ਪੱਖਾਂ ਨੇ 2 ਸਮਝੌਤਿਆਂ ’ਤੇ ਵੀ ਦਸਤਖਤ ਕੀਤੇ–ਇਕ ਰਣਨੀਤਕ ਭਾਈਵਾਲੀ ਸਥਾਪਤ ਕਰਨ ’ਤੇ ਅਤੇ ਦੂਜਾ ਸੋਧੇ ਦੋਹਰੇ ਟੈਕਸੇਸ਼ਨ ਬਚਾਅ ਸਮਝੌਤੇ ’ਤੇ।
ਇਸ ਤੋਂ ਇਲਾਵਾ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ, ਪੁਰਾਲੇਖ ਪ੍ਰਬੰਧਨ ਵਰਗੇ ਖੇਤਰਾਂ ’ਚ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਯੁਵਾ ਮਾਮਲਿਆਂ ਤੇ ਖੇਡਾਂ ’ਚ ਸਹਿਯੋਗ ਲਈ 5 ਸਮਝੌਤਿਆਂ ’ਤੇ ਦਸਤਖ਼ਤ ਵੀ ਕੀਤੇ ਗਏ। ਵਿਦੇਸ਼ ਮੰਤਰਾਲਾ ਦੇ ਸਕੱਤਰ ਅਰੁਣ ਕੁਮਾਰ ਚੈਟਰਜੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਰਣਨੀਤਕ ਭਾਈਵਾਲੀ ਸਮਝੌਤਾ ਦੋ-ਪੱਖੀ ਸਬੰਧਾਂ ਦੀ ਮੌਜੂਦਾ ਸਥਿਤੀ ਨੂੰ ਰਣਨੀਤਕ ਪੱਧਰ ਤੱਕ ਵਧਾਏਗਾ। ਅਸੀਂ ਵਪਾਰ, ਊਰਜਾ ਸੁਰੱਖਿਆ ਦੇ ਨਾਲ-ਨਾਲ ਖੇਤਰੀ ਤੇ ਕੌਮਾਂਤਰੀ ਮੰਚਾਂ ’ਤੇ ਸਹਿਯੋਗ ਵਧਾਉਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਮੋਦੀ ਅਤੇ ਕਤਰ ਦੇ ਅਮੀਰ ਨੇ ਅਗਲੇ 5 ਸਾਲਾਂ ’ਚ ਦੋ-ਪੱਖੀ ਵਪਾਰ ਨੂੰ ਮੌਜੂਦਾ 14 ਅਰਬ ਡਾਲਰ ਤੋਂ ਦੁੱਗਣਾ ਕਰ ਕੇ 28 ਅਰਬ ਡਾਲਰ ਕਰਨ ਦਾ ਟੀਚਾ ਵੀ ਤੈਅ ਕੀਤਾ ਹੈ। ਪਿਛਲੇ ਸਾਲ ਮੋਦੀ ਦੇ ਕਤਰ ਦੌਰੇ ਦੌਰਾਨ ਭਾਰਤ ਨੇ ਖਾੜੀ ਦੇਸ਼ ਤੋਂ ਐੱਲ. ਐੱਨ. ਜੀ. ਦਰਾਮਦ ਨੂੰ 2048 ਤੱਕ ਵਧਾਉਣ ਲਈ 78 ਅਰਬ ਡਾਲਰ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਅਪ੍ਰੈਲ, 2000 ਤੋਂ ਸਤੰਬਰ, 2024 ਦੌਰਾਨ ਭਾਰਤ ਨੂੰ ਕਤਰ ਤੋਂ 1.5 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਪ੍ਰਾਪਤ ਹੋਇਆ।
ਭਾਰਤ ਅਤੇ ਕਤਰ ਵਿਚਾਲੇ ਦੋ-ਪੱਖੀ ਵਪਾਰ 2022-23 ਦੇ 18.77 ਅਰਬ ਡਾਲਰ ਤੋਂ ਘੱਟ ਕੇ 2023-24 ’ਚ 14 ਅਰਬ ਡਾਲਰ ਰਹਿ ਗਿਆ ਹੈ। ਕਤਰ ਤੋਂ ਭਾਰਤ ਨੂੰ ਕੀਤੀ ਜਾਣ ਵਾਲੀ ਪ੍ਰਮੁੱਖ ਬਰਾਮਦ ’ਚ ਐੱਲ. ਐੱਨ. ਜੀ., ਐੱਲ. ਪੀ. ਜੀ., ਰਸਾਇਣ ਅਤੇ ਪੈਟਰੋਰਸਾਇਣ, ਪਲਾਸਟਿਕ ਤੇ ਐਲੂਮੀਨੀਅਮ ਉਤਪਾਦ ਸ਼ਾਮਲ ਹਨ, ਜਦੋਂ ਕਿ ਭਾਰਤ ਦੀ ਪ੍ਰਮੁੱਖ ਬਰਾਮਦ ’ਚ ਅਨਾਜ, ਤਾਂਬੇ ਦੇ ਉਤਪਾਦ, ਲੋਹਾ ਅਤੇ ਇਸਪਾਤ ਉਤਪਾਦ, ਸਬਜ਼ੀਆਂ, ਫਲ, ਮਸਾਲੇ, ਪ੍ਰੋਸੈਸਡ ਖੁਰਾਕੀ ਉਤਪਾਦ, ਇਲੈਕਟ੍ਰੀਕਲ ਅਤੇ ਹੋਰ ਮਸ਼ੀਨਰੀ, ਪਲਾਸਟਿਕ ਉਤਪਾਦ, ਨਿਰਮਾਣ ਸਮੱਗਰੀ, ਪਹਿਰਾਵੇ, ਰਸਾਇਣ, ਕੀਮਤੀ ਪੱਥਰ ਅਤੇ ਰਬੜ ਸ਼ਾਮਲ ਹਨ।
ਗੂਗਲ ਨੇ ਦਿਖਾਈ 'ਗਲਤ' ਵੀਡੀਓ, ਅਦਾਲਤ ਨੇ ਲਗਾ 'ਤਾ 36 ਲੱਖ ਜ਼ੁਰਮਾਨਾ
NEXT STORY