ਨਵੀਂ ਦਿੱਲੀ— ਡਾਲਰ ਮਹਿੰਗਾ ਹੋਣ ਨਾਲ ਤਿਉਹਾਰੀ ਸੀਜ਼ਨ 'ਚ ਐੱਨ. ਆਰ. ਆਈ. ਪਰਿਵਾਰਾਂ ਲਈ ਇਸ ਵਾਰ ਸ਼ਾਪਿੰਗ ਖਾਸ ਹੋਣ ਵਾਲੀ ਹੈ। ਬੀਤੇ ਇਕ ਮਹੀਨੇ ਤੋਂ ਡਾਲਰ 70 ਰੁਪਏ ਦੇ ਨੇੜੇ-ਤੇੜੇ ਘੁੰਮ ਰਿਹਾ ਹੈ, ਜਿਸ ਦਾ ਫਾਇਦਾ ਇਨ੍ਹਾਂ ਪਰਿਵਾਰਾਂ ਨੂੰ ਹੋ ਰਿਹਾ ਹੈ। ਗਲੋਬਲ ਟਰੇਡ ਵਾਰ, ਅਰਜਨਟੀਨਾ ਤੇ ਤੁਰਕੀ ਦੀ ਕਰੰਸੀ 'ਚ ਗਿਰਾਵਟ ਦਾ ਅਸਰ ਅਤੇ ਵਪਾਰ ਘਾਟਾ ਵਧਣ ਦੇ ਖਦਸ਼ੇ ਕਾਰਨ ਹੁਣ ਤਕ ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ ਤਕਰੀਬਨ 14 ਫੀਸਦੀ ਕਮਜ਼ੋਰ ਹੋ ਗਈ ਹੈ। 10 ਸਤੰਬਰ ਨੂੰ ਕਾਰੋਬਾਰ ਦੌਰਾਨ ਇਕ ਡਾਲਰ ਭਾਰਤੀ ਕਰੰਸੀ ਦੇ ਮੁਕਾਬਲੇ 72 ਰੁਪਏ 18 ਪੈਸੇ 'ਤੇ ਖੁੱਲ੍ਹਾ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਇਹ 71.73 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ, ਇਸ ਸਾਲ ਪਹਿਲੀ ਜਨਵਰੀ ਨੂੰ ਡਾਲਰ ਦਾ ਮੁੱਲ 63.68 ਰੁਪਏ ਸੀ। ਇਸ ਤਰ੍ਹਾਂ ਸਾਲ ਦੇ ਸ਼ੁਰੂ 'ਚ ਜਿੱਥੇ ਐੱਨ. ਆਰ. ਆਈ. ਪਰਿਵਾਰਾਂ ਨੂੰ ਇਕ ਡਾਲਰ ਬਦਲੇ ਤਕਰੀਬਨ 64 ਰੁਪਏ ਮਿਲ ਰਹੇ ਸਨ, ਉੱਥੇ ਹੀ ਹੁਣ 70 ਤੋਂ 72 ਰੁਪਏ ਮਿਲ ਰਹੇ ਹਨ।
ਹਾਲਾਂਕਿ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਕਮਜ਼ੋਰ ਹੋਣ ਨਾਲ ਕਈ ਇਲੈਕਟ੍ਰਾਨਿਕ ਸਾਮਾਨ ਮਹਿੰਗੇ ਹੋ ਸਕਦੇ ਹਨ। ਵਿਦੇਸ਼ੀ ਮੋਬਾਇਲ, ਟੈਲੀਵਿਜ਼ਨ ਵਰਗੇ ਇਲੈਕਟ੍ਰਾਨਿਕ ਸਾਮਾਨ ਮਹਿੰਗੇ ਹੋਣ ਦਾ ਖਦਸ਼ਾ ਹੈ। ਉੱਥੇ ਹੀ, ਜੋ ਕੰਪਨੀਆਂ ਵਿਦੇਸ਼ੀ ਮਾਲ 'ਤੇ ਜ਼ਿਆਦਾ ਨਿਰਭਰ ਹਨ ਉਨ੍ਹਾਂ ਦੇ ਪ੍ਰਾਡਕਟ ਬਣਾਉਣ ਦੀ ਲਾਗਤ ਵਧ ਗਈ ਹੈ, ਜਿਸ ਦਾ ਸਿੱਧਾ ਬੋਝ ਗਾਹਕਾਂ 'ਤੇ ਪੈ ਸਕਦਾ ਹੈ। ਰੁਪਏ ਦੀ ਕੀਮਤ 'ਚ ਸੁਧਾਰ ਨਾ ਹੋਇਆ ਤਾਂ ਬਹੁਤ ਜਲਦ ਕੰਜ਼ਿਊਮਰ ਵਸਤਾਂ ਦੇ ਮੁੱਲ 5-8 ਫੀਸਦੀ ਤਕ ਵਧ ਜਾਣਗੇ। ਮੋਬਾਇਲ ਅਤੇ ਕੰਜ਼ਿਊਮਰ ਕੰਪਨੀਆਂ ਹੁਣ ਤਕ ਰੁਪਏ ਦੀ ਚਾਲ ਦੇਖ ਰਹੀਆਂ ਹਨ ਪਰ ਹਾਲਾਤ ਨਾ ਸੁਧਰੇ ਤਾਂ ਜਲਦ ਫਰਿੱਜ, ਮੋਬਾਇਲ, ਵਾਸ਼ਿੰਗ ਮਸ਼ੀਨ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਇੰਨਾ ਹੀ ਨਹੀਂ ਡਾਲਰ ਮਹਿੰਗਾ ਹੋਣ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣਾ ਵੀ ਮੁਸ਼ਕਲ ਲੱਗ ਰਿਹਾ ਹੈ। ਭਾਰਤ 80 ਫੀਸਦੀ ਕੱਚਾ ਤੇਲ ਇੰਪੋਰਟ ਕਰਦਾ ਹੈ।
ਰੁਪਿਆ 45 ਪੈਸੇ ਟੁੱਟ ਕੇ 72.18 ਦੇ ਪੱਧਰ 'ਤੇ ਖੁੱਲ੍ਹਿਆ
NEXT STORY