ਨਵੀਂ ਦਿੱਲੀ (ਭਾਸ਼ਾ) - ਦੇਸ਼ ਤੋਂ ਵਾਹਨਾਂ ਦੀ ਬਰਾਮਦ ਚਾਲੂ ਵਿੱਤੀ ਸਾਲ ਦੀ ਪਹਿਲੀ ਅਪ੍ਰੈਲ-ਜੂਨ ਦੀ ਪਹਿਲੀ ਤਿਮਾਹੀ ’ਚ 28 ਫੀਸਦੀ ਘੱਟ ਗਈ ਹੈ। ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਫਰੀਕਾ ਅਤੇ ਵੱਖ-ਵੱਖ ਹੋਰ ਵਿਕਾਸਸ਼ੀਲ ਦੇਸ਼ਾਂ ’ਚ ਕਰੰਸੀ ਸੰਕਟ ਕਾਰਨ ਭਾਰਤ ਦੀ ਵਾਹਨ ਬਰਾਮਦ ’ਚ ਗਿਰਾਵਟ ਆਈ ਹੈ। ਅੰਕੜਿਆਂ ਅਨੁਸਾਰ, 30 ਜੂਨ, 2023 ਨੂੰ ਖਤਮ ਪਹਿਲੀ ਤਿਮਾਹੀ ’ਚ ਕੁਲ ਵਾਹਨ ਬਰਾਮਦ 10,32,449 ਇਕਾਈ ਰਹੀ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 14,25,967 ਇਕਾਈ ਰਿਹਾ ਸੀ।
ਇਹ ਵੀ ਪੜ੍ਹੋ : ਆਯੁਸ਼ਮਾਨ ਭਾਰਤ ਯੋਜਨਾ 'ਚ ਧੋਖਾਧੜੀ ਦਾ ਪਰਦਾਫਾਸ਼, 210 ਹਸਪਤਾਲ ਕੀਤੇ ਡੀ-ਇੰਪੈਨਲ ਤੇ 5 ਲੱਖ ਕਾਰਡ ਹੋਏ ਅਯੋਗ
ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਸ (ਸਿਆਮ) ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਪਹਿਲੀ ਤਿਮਾਹੀ ’ਚ ਸਾਰੇ ਵਾਹਨ ਸੈਕਟਰਾਂ ’ਚ ਬਰਾਮਦ ਘਟੀ ਹੈ। ਬਰਾਮਦ ਦੇ ਕਈ ਮਾਰਗ ਖਾਸ ਕਰ ਕੇ ਅਫਰੀਕਾ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ’ਚ ਕਰੰਸੀਆਂ ਦੀ ਗਿਰਾਵਟ ਹੋਣ ਨਾਲ ਵਾਹਨਾਂ ਦੀ ਮੰਗ ਘਟੀ ਹੈ, ਜਿਸ ਦੀ ਬਰਾਮਦ ’ਤੇ ਅਸਰ ਪਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਨੂੰ ਵਿਦੇਸ਼ੀ ਕਰੰਸੀ ਦੀ ਉਪਲੱਬਧਤਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਵਾਹਨਾਂ ਦੀ ਵਿਕਰੀ ਸੀਮਿਤ ਰਹੀ ਹੈ। ਹਾਲਾਂਕਿ, ਇਨ੍ਹਾਂ ਦੇਸ਼ਾਂ ’ਚ ਵਾਹਨਾਂ ਦੀ ਖਪਤਕਾਰ ਮੰਗ ਬਰਕਰਾਰ ਹੈ ਪਰ ਇਹ ਅਜੇ ਹੋਰ ਜ਼ਰੂਰੀ ਵਸਤਾਂ ਦੀ ਦਰਾਮਦ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਸਿਆਮ ਦੇ ਅੰਕੜਿਆਂ ਅਨੁਸਾਰ, ਜੂਨ ਤਿਮਾਹੀ ’ਚ ਯਾਤਰੀ ਵਾਹਨਾਂ ਦੀ ਕੁਲ ਬਰਾਮਦ 5 ਫੀਸਦੀ ਘੱਟ ਕੇ 1,52,156 ਇਕਾਈ ਰਹਿ ਗਈ। ਪਿਛਲੇ ਸਾਲ ਦੀ ਅਪ੍ਰੈਲ-ਜੂਨ ਦੀ ਮਿਆਦ ’ਚ ਇਹ ਅੰਕੜਾ 1,60,116 ਇਕਾਈ ਰਿਹਾ ਸੀ। ਸਮੀਖਿਆ ਅਧੀਨ ਮਿਆਦ ’ਚ ਯਾਤਰੀ ਕਾਰਾਂ ਦੀ ਬਰਾਮਦ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 1,04,400 ਇਕਾਈ ਦੇ ਅੰਕੜੇ ਤੋਂ ਘੱਟ ਕੇ 94,793 ਇਕਾਈ ਰਹਿ ਗਈ। ਇਸ ਤਰ੍ਹਾਂ, ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਯੂਜ਼ ਯਾਨੀ ਯੂਟੀਲਿਟੀ ਵਾਹਨਾਂ ਦੀ ਬਰਾਮਦ ਮਾਮੂਲੀ ਗਿਰਾਵਟ ਨਾਲ 55,419 ਇਕਾਈ ਰਹਿ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਯੂਟੀਲਿਟੀ ਵਾਹਨਾਂ ਦੀ ਬਰਾਮਦ 55,547 ਇਕਾਈ ਰਹੀ ਸੀ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਤੋਂ ਭਾਰਤ ਪੁੱਜੀ ਕਈ ਟਨ Gold Jewellery, ਸਰਕਾਰ ਨੇ ਇੰਪੋਰਟ ਨਿਯਮਾਂ ’ਚ ਕੀਤਾ ਬਦਲਾਅ
ਵਾਹਨ ਬਰਾਮਦ ’ਚ ਮਾਰੂਤੀ ਸੁਜ਼ੂਕੀ ਇੰਡੀਆ ਟਾਪ ’ਤੇ
ਵਾਹਨ ਬਰਾਮਦ ’ਚ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ ਆਈ.) ਟਾਪ ’ਤੇ ਰਹੀ। ਅਪ੍ਰੈਲ-ਜੂਨ ’ਚ ਮਾਰੂਤੀ ਦੀ ਬਰਾਮਦ 62,857 ਇਕਾਈ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਮਾਰੂਤੀ ਨੇ 68,987 ਯਾਤਰੀ ਵਾਹਨਾਂ ਦੀ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਹੁੰਡਈ ਮੋਟਰ ਇੰਡੀਆ ਦਾ ਸਥਾਨ ਰਿਹਾ। ਸਮੀਖਿਆ ਅਧੀਨ ਮਿਆਦ ’ਚ ਹੁੰਡਈ ਨੇ 35,100 ਵਾਹਨਾਂ ਦੀ ਬਰਾਮਦ ਕੀਤੀ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅੰਕੜਾ 34,520 ਇਕਾਈ ਰਿਹਾ ਸੀ। ਕਿਆ ਇੰਡੀਆ 22,511 ਇਕਾਈਆਂ ਦੀ ਬਰਾਮਦ ਨਾਲ ਤੀਜੇ ਸਥਾਨ ’ਤੇ ਰਹੀ । ਪਿਛਲੇ ਵਿੱਤੀ ਸਾਲ ਦੀ ਜੂਨ ਤਿਮਾਹੀ ’ਚ ਕੰਪਨੀ ਨੇ 21,459 ਵਾਹਨਾਂ ਦੀ ਬਰਾਮਦ ਕੀਤੀ ਸੀ।
ਅਪ੍ਰੈਲ-ਜੂਨ ਤਿਮਾਹੀ ’ਚ ਦੋਪਹੀਆ ਵਾਹਨਾਂ ਦੀ ਬਰਾਮਦ 31 ਫੀਸਦੀ ਘੱਟ ਕੇ 7,91,316 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 11,48,594 ਇਕਾਈ ਸੀ। ਇਸ ਤਰ੍ਹਾਂ, ਕਮਰਸ਼ੀਅਲ ਵਾਹਨਾਂ ਦੀ ਬਰਾਮਦ ਪਹਿਲੀ ਤਿਮਾਹੀ ’ਚ ਘੱਟ ਕੇ 14,625 ਇਕਾਈ ਰਹਿ ਗਈ, ਜੋ ਵਿੱਤੀ ਸਾਲ 2022-23 ਦੀ ਅਪ੍ਰੈਲ-ਜੂਨ ਤਿਮਾਹੀ ਦੇ 19,624 ਇਕਾਈ ਦੇ ਅੰਕੜੇ ਤੋਂ 25 ਫੀਸਦੀ ਘੱਟ ਹੈ । ਸਮੀਖਿਆ ਅਧੀਨ ਮਿਆਦ ’ਚ ਤਿੰਨਪਹੀਆ ਵਾਹਨਾਂ ਦੀ ਬਰਾਮਦ ਵੀ 25 ਫੀਸਦੀ ਘੱਟ ਕੇ 73,360 ਇਕਾਈ ਰਹਿ ਗਈ, ਜੋ ਪਿਛਲੇ ਵਿੱਤੀ ਸਾਲ ਦੀ ਜੂਨ ਤਿਮਾਹੀ ’ਚ 97,237 ਇਕਾਈ ਸੀ।
ਇਹ ਵੀ ਪੜ੍ਹੋ : YouTube ’ਤੇ ਵੀਡੀਓ ਰਾਹੀਂ ਗਲਤ ਨਿਵੇਸ਼ ਸਬੰਧੀ ਸਲਾਹ ਦੇਣ ਵਾਲੀਆਂ 9 ਇਕਾਈਆਂ ’ਤੇ ਰੋਕ ਬਰਕਰਾਰ
ਜੂਨ ’ਚ ਭਾਰਤ ਦੀ ਇਸਪਾਤ ਦਰਾਮਦ ’ਚ ਚੀਨ, ਵਿਅਤਨਾਮ ਦਾ ਹਿੱਸਾ ਵਧਿਆ
ਚੀਨ ਅਤੇ ਵਿਅਤਨਾਮ ਵਰਗੇ ਦੇਸ਼ਾਂ ਦੀ ਭਾਰਤ ਦੇ ਜੂਨ, 2023 ਦੇ 4.84 ਲੱਖ ਟਨ ਦੇ ਇਸਪਾਤ ਦਰਾਮਦ ’ਚ ਹਿੱਸਾ ਸਾਲਾਨਾ ਆਧਾਰ ’ਤੇ ਵਧਿਆ ਹੈ। ਆਧਿਕਾਰਕ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ ।
ਇਸਪਾਤ ਮੰਤਰਾਲਾ ਨੇ ਕਿਹਾ ਕਿ ਜੂਨ ’ਚ ਭਾਰਤ ਦੀ ਕੁਲ ਇਸਪਾਤ ਦਰਾਮਦ ਮਹੀਨਾਵਾਰ ਆਧਾਰ ’ਤੇ 5.9 ਫੀਸਦੀ ਅਤੇ ਜੂਨ, 2022 ਦੀ ਤੁਲਣਾ ’ਚ 7.6 ਫੀਸਦੀ ਵਧੀ ਹੈ। ਅੰਕੜਿਆਂ ਅਨੁਸਾਰ, ਭਾਰਤ ਦੀ ਇਸਪਾਤ ਦਰਾਮਦ ’ਚ ਚੀਨ, ਜਾਪਾਨ, ਵਿਅਤਨਾਮ, ਸਾਊਦੀ ਅਰਬ, ਰੂਸ, ਨੇਪਾਲ ਅਤੇ ਅਮਰੀਕਾ ਦਾ ਹਿੱਸਾ ਪਿਛਲੇ ਸਾਲ ਦੇ ਜੂਨ ਮਹੀਨੇ ਦੀ ਤੁਲਣਾ ’ਚ ਵਧਿਆ ਹੈ। ਜੂਨ, 2022 ’ਚ ਇਸਪਾਤ ਦਰਾਮਦ ’ਚ ਚੀਨ ਦਾ ਹਿੱਸਾ 26.1 ਫੀਸਦੀ ਅਤੇ ਵਿਅਤਨਾਮ ਦਾ ਇਕ ਫੀਸਦੀ ਸੀ, ਉਥੇ ਹੀ ਜੂਨ, 2023 ’ਚ ਭਾਰਤ ਦੀ ਇਸਪਾਤ ਦਰਾਮਦ ’ਚ ਚੀਨ ਦਾ ਹਿੱਸਾ ਵਧ ਕੇ 37.1 ਫੀਸਦੀ ਹੋ ਗਿਆ ਹੈ।
ਵਿਅਤਨਾਮ ਦਾ ਹਿੱਸਾ ਵੀ ਵਧ ਕੇ 4.8 ਫੀਸਦੀ ਹੋ ਗਿਆ ਹੈ। ਇਹ ਅੰਕੜਾ ਇਸ ਨਜ਼ਰ ਨਾਲ ਮਹੱਤਵਪੂਰਨ ਹੈ ਕਿ ਭਾਰਤ ਨੇ ਆਪਣੀ ਇਸਪਾਤ ਉਤਪਾਦਨ ਸਮਰੱਥਾ ਨੂੰ 30 ਕਰੋਡ਼ ਟਨ ’ਤੇ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਜੂਨ ’ਚ ਭਾਰਤ ਦੀ ਤਿਆਰ ਇਸਪਾਤ ਦੀ ਬਰਾਮਦ ਮਈ ਦੀ ਤੁਲਣਾ ’ਚ 27.6 ਫੀਸਦੀ ਘੱਟ ਕੇ 5.02 ਲੱਖ ਟਨ ਰਹਿ ਗਈ। ਜੂਨ, 2022 ਦੀ ਤੁਲਣਾ ’ਚ ਇਸ ’ਚ 21.3 ਫੀਸਦੀ ਦੀ ਗਿਰਾਵਟ ਆਈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜੂਨ, 2023 ’ਚ ਭਾਰਤ ਦੀ ਬਰਾਮਦ ’ਚ ਬ੍ਰਿਟੇਨ, ਮੈਕਸਿਕੋ, ਰੂਸ, ਇਟਲੀ, ਪੁਰਤਗਾਲ ਅਤੇ ਨੇਪਾਲ ਦਾ ਹਿੱਸਾ ਵਧਿਆ ਹੈ। ਜੂਨ ’ਚ ਆਇਰਨ ਓਰ ਦਾ ਮੁੱਲ 3,900 ਰੁਪਏ ਪ੍ਰਤੀ ਟਨ ’ਤੇ ਸਥਿਰ ਰਿਹਾ। ਮਈ ’ਚ ਵੀ ਇਹ ਇਸ ਪੱਧਰ ’ਤੇ ਸੀ। ਆਇਰਨ ਓਰ ਇਸਪਾਤ ਵਿਨਿਰਮਾਣ ’ਚ ਕੰਮ ਆਉਣ ਵਾਲਾ ਮੁੱਖ ਕੱਚਾ ਮਾਲ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧੀ ਚਾਂਦੀ ਦੀ ਮੰਗ, ਇਸ ਕਾਰਨ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਹੋ ਸਕਦੈ ਖ਼ਤਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਮਸਕ ਦੀ ਲੀਡਰਸ਼ਿਪ ’ਚ ਟਵਿੱਟਰ ’ਚੋਂ ਨਿਕਲਿਆ ਦਮ, ਰੈਵੇਨਿਊ ਅੱਧਾ ਹੋਣ ਨਾਲ ਚੜ੍ਹਿਆ ਭਾਰੀ ਕਰਜ਼ਾ
NEXT STORY