ਬਿਜ਼ਨੈੱਸ ਡੈਸਕ- ਅਮਰੀਕਾ ’ਚ ਗੂਗਲ, ਮਾਈਕ੍ਰੋਸਾਫਟ ਅਤੇ ਐਮਾਜ਼ੋਨ ਵਰਗੀਆਂ ਕੰਪਨੀਆਂ ’ਚ ਹਾਲ ਹੀ ’ਚ ਹੋਈ ਛਾਂਟੀ ਤੋਂ ਬਾਅਦ ਬੇਰੋਜ਼ਗਾਰ ਹੋ ਚੁੱਕੇ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੇ ਹਜ਼ਾਰਾਂ ਭਾਰਤੀ ਪੇਸ਼ੇਵਰ ਹੁਣ ਇਸ ਦੇਸ਼ ’ਚ ਰਹਿਣ ਲਈ ਆਪਣੇ ਕੰਮਕਾਜ਼ੀ ਵੀਜ਼ਾ ਦੇ ਤਹਿਤ ਨਿਰਧਾਰਤ ਮਿਆਦ ਦੇ ਅੰਦਰ ਨਵਾਂ ਰੋਜ਼ਗਾਰ ਪਾਉਣ ਲਈ ਜ਼ੱਦੋ-ਜ਼ਹਿਦ ਕਰ ਰਹੇ ਹਨ। ਬੇਰੋਜ਼ਗਾਰ ਭਾਰੀਤ ਨੌਕਰੀ ਲੱਭਣ ਲਈ ਥਾਂ-ਥਾਂ ਭਟਕ ਰਹੇ ਹਨ।
‘ਦਿ ਵਾਸ਼ਿੰਗਟਨ ਪੋਸਟ’ ਮੁਤਾਬਕ ਪਿਛਲੇ ਸਾਲ ਨਵੰਬਰ ਤੋਂ ਆਈ. ਟੀ. ਖੇਤਰ ਦੇ ਕਰੀਬ 2,00,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਉਦਯੋਗ ਦੇ ਸੂਤਰਾਂ ਨੇ ਦੱਸਿਆ ਕਿ ਨੌਕਰੀਆਂ ਤੋਂ ਕੱਢੇ ਗਏ ਲੋਕਾਂ ’ਚੋਂ 30 ਤੋਂ 40 ਫੀਸਦੀ ਭਾਰਤੀ ਆਈ. ਟੀ. ਪੇਸ਼ੇਵਰ ਹਨ, ਜਿਨ੍ਹਾਂ ’ਚੋਂ ਵੱਡੀ ਗਿਣਤੀ ਐੱਚ-1ਬੀ ਜਾਂ ਐੱਲ1 ਵੀਜ਼ਾ ’ਤੇ ਇੱਥੇ ਆਏ ਲੋਕਾਂ ਦੀ ਹੈ।
ਅਮਰੀਕਾ ’ਚ ਬਣੇ ਰਹਿਣ ਦੀ ਜੱਦੋ-ਜਹਿਦ
ਹੁਣ ਇਹ ਲੋਕ ਅਮਰੀਕਾ ’ਚ ਬਣੇ ਰਹਿਣ ਲਈ ਬਦਲ ਦੀ ਭਾਲ ’ਚ ਹਨ ਅਤੇ ਨੌਕਰੀ ਜਾਣ ਤੋਂ ਬਾਅਦ ਵਿਦੇਸ਼ੀ ਕੰਮਕਾਜੀ ਵੀਜ਼ਾ ਦੇ ਤਹਿਤ ਮਿਲਣ ਵਾਲੇ ਕੁੱਝ ਮਹੀਨਿਆਂ ਦੀ ਨਿਰਧਾਰਤ ਮਿਆਦ ’ਚ ਨਵਾਂ ਰੋਜ਼ਗਾਰ ਲੱਭਣ ਲਈ ਸੰਘਰਸ਼ ਕਰ ਰਹੇ ਹਨ ਤਾਂ ਕਿ ਆਪਣੀ ਵੀਜ਼ਾ ਸਥਿਤੀ ਨੂੰ ਵੀ ਬਦਲ ਸਕਣ। ਐਮਾਜ਼ੋਨ ’ਚ ਕੰਮ ਕਰਨ ਲਈ ਗੀਤਾ (ਬਦਲਿਆ ਨਾਂ) ਸਿਰਫ ਤਿੰਨ ਮਹੀਨੇ ਪਹਿਲਾਂ ਇੱਥੇ ਆਈ ਸੀ। ਇਸ ਹਫਤੇ ਉਸ ਨੂੰ ਦੱਸਿਆ ਗਿਆ ਕਿ 20 ਮਾਰਚ ਉਸ ਦੇ ਕਾਰਜਕਾਲ ਦਾ ਆਖਰੀ ਦਿਨ ਹੋਵੇਗਾ। ਐੱਚ-1ਬੀ ਵੀਜ਼ਾ ’ਤੇ ਅਮਰੀਕਾ ਆਈ ਇਕ ਹੋਰ ਆਈ. ਟੀ. ਪੇਸ਼ੇਵਰ ਨੂੰ ਮਾਈਕ੍ਰੋਸਾਫਟ ਨੇ 18 ਜਨਵਰੀ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ।
60 ਦਿਨਾਂ ਦੇ ਅੰਦਰ ਨੌਕਰੀ ਲੱਭਣਾ ਜ਼ਰੂਰੀ
ਉਹ ਕਹਿੰਦੀ ਹੈ ਕਿ ਸਥਿਤੀ ਬਹੁਤ ਖਰਾਬ ਹੈ। ਜੋ ਲੋਕ ਐੱਚ-1ਬੀ ਵੀਜ਼ਾ ’ਤੇ ਇੱਥੇ ਆਏ ਹਨ, ਉਨ੍ਹਾਂ ਲਈ ਤਾਂ ਸਥਿਤੀ ਹੋਰ ਵੀ ਭਿਆਨਕ ਹੈ ਕਿਉਂਕਿ ਉਨ੍ਹਾਂ ਨੂੰ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਲੱਭਣੀ ਹੋਵੇਗੀ ਜਾਂ ਫਿਰ ਭਾਰਤ ਪਰਤਣਾ ਹੋਵੇਗਾ। ਸਿਲੀਕਾਨ ਵੈਲੀ ’ਚ ਉੱਦਮੀ ਅਤੇ ਭਾਈਚਾਰਕ ਨੇਤਾ ਅਜੇ ਜੈਨ ਭੂਤੋੜੀਆ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਤਕਨਾਲੋਜੀ ਖੇਤਰ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ, ਵਿਸ਼ੇਸ਼ ਕਰ ਕੇ ਐੱਚ-1ਬੀ ਵੀਜ਼ਾ ’ਤੇ ਆਏ ਲੋਕਾਂ ਲਈ ਤਾਂ ਚੁਣੌਤੀਆਂ ਹੋਰ ਵੀ ਵੱਡੀਆਂ ਹਨ ਕਿਉਂਕਿ ਉਨ੍ਹਾਂ ਨੂੰ ਨੌਕਰੀ ’ਤੇ ਜਾਣ ਦੇ 60 ਦਿਨਾਂ ਦੇ ਅੰਦਰ ਨਵਾਂ ਰੋਜ਼ਗਾਰ ਲੱਭਣਾ ਹੈ ਅਤੇ ਆਪਣਾ ਵੀਜ਼ਾ ਟ੍ਰਾਂਸਫਰ ਕਰਵਾਉਣਾ ਹੈ ਜਾਂ ਫਿਰ ਦੇਸ਼ ਤੋਂ ਜਾਣ ਲਈ ਮਜਬੂਰ ਹੋਣਾ ਹੋਵੇਗਾ। ਗਲੋਬਲ ਇੰਡੀਆ ਤਕਨਾਲੋਜੀ ਪ੍ਰੋਫੈਸ਼ਨਲਜ਼ ਐਸੋਸੀਏਸ਼ਨ (ਜੀ. ਆਈ. ਟੀ. ਪੀ. ਆਰ. ਓ.) ਅਤੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਰਸਪੋਰਾ ਸਟੱਡੀਜ਼ (ਐੱਫ. ਆਈ. ਆਈ. ਡੀ. ਐੱਸ.) ਨੇ ਇਨ੍ਹਾਂ ਆਈ. ਟੀ. ਪੇਸ਼ੇਵਰਾਂ ਦੀ ਮਦਦ ਕਰਨ ਲਈ ਐਤਵਾਰ ਨੂੰ ਇਕ ਭਾਈਚਾਰਕ ਪਹਿਲ ਸ਼ੁਰੂ ਕੀਤੀ।
ਤਕਨਾਲੋਜੀ ’ਚ ਭਾਰਤੀਆਂ ਦੀ ਵੱਡੀ ਗਿਣਤੀ
ਐੱਫ. ਆਈ. ਆਈ. ਡੀ. ਐੱਸ. ਦੇ ਖਾਂਡੇਰਾਵ ਕੰਦ ਨੇ ਕਿਹਾ ਕਿ ਤਕਨਾਲੋਜੀ ਉਦਯੋਗ ’ਚ ਵੱਡੇ ਪੈਮਾਨੇ ’ਤੇ ਨੌਕਰੀਆਂ ’ਚ ਕਟੌਤੀ ਕਾਰਣ ਜਨਵਰੀ 2023 ਤਕਨਾਲੋਜੀ ਖੇਤਰ ਦੇ ਪੇਸ਼ੇਵਰਾਂ ਲਈ ਬਹੁਤ ਔਖਾ ਰਿਹਾ ਹੈ। ਕਈ ਹੁਨਰਮੰਦ ਲੋਕਾਂ ਦੀ ਨੌਕਰੀ ਚਲੀ ਗਈ। ਤਕਨਾਲੋਜੀ ਉਦਯੋਗ ’ਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਧੇਰੇ ਹੋਣ ਕਾਰਣ ਸਭ ਤੋਂ ਵੱਧ ਪ੍ਰਭਾਵਿਤ ਵੀ ਉਹ ਹੀ ਹੋਏ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਐਕਸਪੋਰਟ ਡਿਊਟੀ ਹਟਾਉਣ ਨਾਲ ਸਟੀਲ ਸੈਕਟਰ ਨੂੰ ਮਿਲੇਗੀ ਵੱਡੀ ਰਾਹਤ : ਸ਼ੇਸ਼ਾਗਿਰੀ ਰਾਵ
NEXT STORY