ਨਵੀਂ ਦਿੱਲੀ— ਹੁਣ ਦੁਕਾਨਾਂ 'ਤੇ ਮੌਜੂਦ ਪੀ. ਓ. ਐੱਸ. ਮਸ਼ੀਨ 'ਤੇ ਤੁਹਾਨੂੰ ਭੁਗਤਾਨ ਕਰਨ ਲਈ ATM ਕਾਰਡ ਸਵਾਈਪ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ। ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਟਾਇਟਨ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨਾਲ ਮਿਲ ਕੇ ਅਜਿਹੀਆਂ ਘੜੀਆਂ ਲਾਂਚ ਕੀਤੀਆਂ ਹਨ। ਬੈਂਕ ਨੇ ਇਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ।
ਭਾਰਤੀ ਸਟੇਟ ਬੈਂਕ ਨੇ ਕਿਹਾ ਕਿ ਟਾਈਟਨ ਦੀਆਂ ਇਨ੍ਹਾਂ ਘੜੀਆਂ 'ਚ ਉਸ ਦੀ ਮੋਬਾਇਲ ਬੈਂਕਿੰਗ ਐਪ ਯੋਨੋ ਸ਼ਾਮਲ ਕੀਤੀ ਗਈ ਹੈ। ਇਸ 'ਚ ਬਿਨਾਂ ਸੰਪਰਕ 'ਚ ਆਏ ਭੁਗਤਾਨ ਦੀ ਸੁਵਿਧਾ ਹੈ। 2,000 ਰੁਪਏ ਤੱਕ ਦੇ ਭੁਗਤਾਨ ਲਈ ਪਿੰਨ ਦੀ ਜ਼ਰੂਰਤ ਨਹੀਂ ਹੋਵੇਗੀ।
ਇਨ੍ਹਾਂ ਘੜੀਆਂ ਦੀ ਮਦਦ ਨਾਲ ਗਾਹਕ ਹੁਣ ਪੀ. ਓ. ਐੱਸ. ਮਸ਼ੀਨਾਂ 'ਤੇ ਬਿਨਾਂ ਡੈਬਿਟ ਕਾਰਡ ਇਸਤੇਮਾਲ ਕੀਤੇ ਭੁਗਤਾਨ ਕਰ ਸਕਣਗੇ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ, ''ਸਾਡਾ ਮੰਨਣਾ ਹੈ ਕਿ ਇਹ ਪੇਸ਼ਕਸ਼ ਸਾਡੇ ਗਾਹਕਾਂ ਲਈ 'ਟੈਪ ਅਤੇ ਪੇ' ਤਕਨੀਕ ਨਾਲ ਖਰੀਦਦਾਰੀ ਦੇ ਤਜਰਬੇ ਨੂੰ ਫਿਰ ਤੋਂ ਪ੍ਰਭਾਸ਼ਿਤ ਕਰੇਗੀ। ਇਸ 'ਚ ਅਣਗਿਣਤ ਮੌਕੇ ਹਨ, ਕਿਉਂਕਿ ਅਸੀਂ ਡਿਜੀਟਲ ਲੈਣ-ਦੇਣ 'ਚ ਆਏ ਉਛਾਲ ਨੂੰ ਦੇਖਿਆ ਹੈ। ਇਹ ਸਮਾਂ ਸੰਪਰਕ ਰਹਿਤ ਭੁਗਤਾਨ ਲਈ ਸਹੀ ਹੈ।'' ਉਨ੍ਹਾਂ ਕਿਹਾ ਕਿ ਇਸ ਸੁਵਿਧਾ ਦਾ ਫਾਇਦਾ ਲੈਣ ਲਈ ਗਾਹਕ ਨੂੰ ਯੋਨੋ ਦਾ ਰਜਿਸਟਰਡ ਯੂਜ਼ਰ ਹੋਣਾ ਹੋਵੇਗਾ। ਹੁਣ ਤੱਕ ਯੋਨੋ ਦੇ 260 ਲੱਖ ਯੂਜ਼ਰਜ਼ ਹਨ। ਰਿਪੋਰਟਾਂ ਮੁਤਾਬਕ, ਇਨ੍ਹਾਂ ਘੜੀਆਂ ਦੀ ਕੀਮਤ 2,995 ਰੁਪਏ ਤੋਂ ਲੈ ਕੇ 5,995 ਰੁਪਏ ਤੱਕ ਹੈ।
ਸੰਸਦ ਦੀ ਨਵੀਂ ਇਮਾਰਤ ਦਾ ਹੋਵੇਗਾ ਨਿਰਮਾਣ, ਟਾਟਾ ਪ੍ਰੋਜੈਕਟਸ ਨੇ ਜਿੱਤੀ ਬੋਲੀ
NEXT STORY