ਨਵੀਂ ਦਿੱਲੀ– ਕੋਰੋਨਾ ਕਾਲ ਅਤੇ ਬਾਰਿਸ਼ ਦੌਰਾਨ ਲੋਕਾਂ ਨੇ ਆਪਣੇ ਸਰੀਰ ਦੀ ਰੋਗ ਰੋਕੂ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਉਪਾਅ ’ਤੇ ਖੂਬ ਅਮਲ ਕੀਤਾ ਹੈ। ਰਿਪੋਰਟ ਅਜਿਹੀ ਆਈ ਹੈ ਕਿ ਇਸ ਦੌਰਾਨ ਲੋਕਾਂ ਨੇ ਮਸਾਲਿਆਂ ਅਤੇ ਭਾਰਤੀ ਪਰੰਪਰਾਗਤ ਖੁਰਾਕ ਪਦਾਰਥਾਂ ਦਾ ਇਸਤੇਮਾਲ ਵਧਾਇਆ ਹੈ। ਇਸ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਤਾਂ ਮਜ਼ਬੂਤ ਹੋਈ ਹੀ, ਭਾਰਤੀ ਮਸਾਲਿਆਂ ਦੀ ਵੀ ਵਿਕਰੀ ਵਧ ਗਈ ਹੈ।
ਬਾਜ਼ਾਰ ਦਾ ਸਰਵੇਖਣ ਕਰਨ ਵਾਲੀ ਕੰਪਨੀ ਨੀਲਸਨ ਦੀ ਹਾਲ ਹੀ ’ਚ ਆਈ ਇਕ ਰਿਪੋਰਟ ਮੁਤਾਬਕ ਮੌਜੂਦਾ ਮਹਾਮਾਰੀ ਨਾਲ ਲੜਨ ਲਈ ਰੋਕਥਾਮ ਉਪਾਅ ਦੇ ਰੂਪ ’ਚ ਸੁਰੱਖਿਆ, ਸਿਹਤ ਅਤੇ ਸਰੀਰ ਦੀ ਰੋਗ ਰੋਕੂ ਸਮਰੱਥਾ ’ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਸਰੀਰ ਦੇ ਰੋਗ ਰੋਕੂ ਸਿਸਟਮ ਨੂੰ ਮਜ਼ਬੂਤ ਕਰਨ ਦੇ ਘਰੇਲੂ ਨੁਸਖਿਆਂ ’ਚ ਹਲਦੀ ਦੀ ਵਰਤੋਂ ਪੁਰਾਣੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਨ੍ਹੀਂ ਦਿਨੀਂ ਕਈ ਲੋਕਾਂ ਨੇ ਹਲਦੀ ਦੁੱਧ ਜਾਂ ਕਾੜ੍ਹੇ ਬਣਾਉਣ ਲਈ ਹਲਦੀ ਦੀ ਵਰਤੋਂ ਵਧਾਈ ਹੈ। ਹਲਦੀ ਅਤੇ ਦੂਜੇ ਮਸਾਲਿਆਂ ਦੇ ਨਾਲ-ਨਾਲ ਕਾਲੀ ਮਿਰਚ, ਅਦਰਕ, ਲਸਣ, ਤੁਲਸੀ, ਪੁਦੀਨਾ ਆਦਿ ਨੂੰ ਵੀ ਐਂਟੀਸੈਪਟਿਕ, ਜੀਵਾਣੁਰੋਧੀ ਗੁਣਾਂ ਲਈ ਪਛਾਣਿਆ ਜਾਂਦਾ ਹੈ। ਇਹ ਪਦਾਰਥ ਮਾਨਸੂਨ ਦੌਰਾਨ ਬੀਮਾਰੀਆਂ ਨੂੰ ਦੂਰ ਰੱਖਣ ’ਚ ਮਦਦ ਕਰਦੇ ਹਨ, ਇਸ ਲਈ ਉਨ੍ਹਾਂ ਦੀ ਮੰਗ ਵੀ ਕਾਫੀ ਵਧ ਚੁੱਕੀ ਹੈ।
ਜਿਨ੍ਹਾਂ ਭਾਰਤੀ ਮਸਾਲਿਆਂ ਦੀ ਮੰਗ ਇਸ ਸਮੇਂ ਵਧ ਰਹੀ ਹੈ, ਉਨ੍ਹਾਂ ’ਚ ਹਲਦੀ ਦੀ ਮੰਗ ’ਚ ਖਾਸ ਤੇਜ਼ੀ ਦੇਖੀ ਗਈ ਹੈ। ਪਿਛਲੇ ਕੁਝ ਮਹੀਨਿਆਂ ’ਚ ਈ-ਕਾਮਰਸ ਪਲੇਟਫਾਰਮਸ ’ਤੇ ਇਸ ਦੀ ਮੰਗ ’ਚ 40 ਫੀਸਦੀ ਦਾ ਵਾਧਾ ਹੋਇਆ ਹੈ। ਨੀਲਸਨ ਰਿਪੋਰਟ ’ਚ ਇਹ ਵੀ ਦੇਖਿਆ ਹੈ ਕਿ ਅਗਲੇ 6 ਮਹੀਨਿਆਂ ਤੱਕ ਜਿਆਦਾਤਰ ਗਾਹਕ ਸੁਰੱਖਿਆ ਅਤੇ ਰੋਗ ਰੋਕੂ ਸਮਰੱਥਾ ਵਧਾਉਣ ਦੀਆਂ ਆਦਤਾਂ ਨੂੰ ਜਾਰੀ ਰੱਖਣਗੇ।
ਘਰ ਬਣਿਆ ਖਾਣਾ ਸਭ ਤੋਂ ਵਧੀਆ
ਮਾਨਸੂਨ ਦੌਰਾਨ ਰੋਗ ਰੋਕੂ ਸਮਰੱਥਾ ਨੂੰ ਵਧਾਉਣ ਵਾਲੇ ਖੁਰਾਕ ਪਦਾਰਥਾਂ ਦਾ ਇਸਤੇਮਾਲ ਵਧਾਉਣ ਦੇ ਰੁਝਾਨ ਬਾਰੇ ਟਾਟਾ ਯੰਤਰ ਦੀ ਨਿਊਟ੍ਰਿਸ਼ਨ ਮਾਹਕ ਕਵਿਤਾ ਦੇਵਗਣ ਦਾ ਕਹਿਣਾ ਹੈ ਕਿ ਭਾਰਤੀ ਤਰੀਕੇ ਦੇ ਪੋਸ਼ਕ ਆਹਾਰ ’ਚ ਪੌਸ਼ਟਿਕ ਸ਼ਕਤੀ ਨਾਲ ਭਰਪੂਰ ਖੁਰਾਕ ਪਦਾਰਥਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਸ ਨਾਲ ਨਾ ਸਿਰਫ ਰੋਗ ਰੋਕੂ ਸਮਰੱਥਾ ’ਚ ਸੁਧਾਰ ਹੋਣ ’ਚ ਮਦਦ ਹੁੰਦੀ ਹੈ ਸਗੋਂ ਸਭ ਗੁਣ ਸੰਪੰਨ ਸਿਹਤ ਵੀ ਪਾਈ ਜਾ ਸਕਦੀ ਹੈ। ਘਰ ’ਚ ਪਕਾਇਆ ਜਾਣ ਵਾਲਾ ਸਾਦਾ ਭੋਜਨ ਸਿਹਤ ਦੀ ਸੁਰੱਖਿਆ ’ਚ ਸਭ ਤੋਂ ਅੱਗੇ ਰਹਿੰਦਾ ਹੈ, ਨਾਲ ਹੀ ਸਰੀਰ ਦੇ ਵਿਆਪਕ ਕਲਿਆਣ ਅਤੇ ਪੋਸ਼ਣ ’ਚ ਮਦਦਗਾਰ ਹੁੰਦਾ ਹੈ।
ਸਹੀ ਖੁਰਾਕ ਪਦਾਰਥ ਚੁਣਨਾ ਵੀ ਅਹਿਮ
ਦੇਵਗਣ ਦਾ ਕਹਿਣਾ ਹੈ ਕਿ ਸਹੀ ਖੁਰਾਕ ਪਦਾਰਥ ਚੁਣਨਾ ਵੀ ਅਹਿਮ ਹੈ ਤਾਂ ਕਿ ਮਾਨਸੂਨ ਦੇ ਨਾਲ ਆਉਣ ਵਾਲੀਆਂ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕੇ। ਉਦਾਹਰਣ ਦੇ ਤੌਰ ’ਤੇ ਚੰਗੀ ਹਲਦੀ, ਜੋ ਸੇਲਮ ਤੋਂ ਲਿਆਂਦੀ ਜਾਂਦੀ ਹੈ, ’ਚ ਕੁਦਰਤੀ ਤੇਲ ਬਚਾ ਕੇ ਰੱਖਿਆ ਜਾਂਦਾ ਹੈ। ਸਰੀਰ ਦੇ ਰੋਗ ਰੋਕੂ ਸਿਸਟਮ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਕਰਕਿਊਮਨ ਇਸ ਹਲਦੀ ’ਚ 3 ਫੀਸਦੀ ਹੁੰਦਾ ਹੈ। ਇਹ ਹਲਦੀ ਚੰਗੀ ਸਿਹਤ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਨਾਲ ਜਿਨ੍ਹਾਂ ਤੋਂ ਪੋਸ਼ਕ ਤੱਤਾਂ ਨੂੰ ਕੱਢਿਆ ਗਿਆ ਹੈ, ਅਜਿਹੀਆਂ ਪ੍ਰੋਸੈਸਡ ਦਾਲਾਂ ਦਾ ਇਸਤੇਮਾਲ ਕਰਨ ਦੀ ਬਜਾਏ ਅਨਪਾਲਿਸ਼ਡ ਦਾਲਾਂ ਦੀ ਵਰਤੋਂ ਕਰੋ। ਅਜਿਹਾ ਇਸ ਲਈ ਕਿਉਂਕਿ ਇਹ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਪੋਸ਼ਣ ਮਾਹਰ ਕਹਿੰਦੇ ਹਨ ਕਿ ਸਹੀ ਸਿਹਤ ਲਈ ਹਰ ਦਿਨ 2 ਵਾਰ ਦਾਲਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ।
ਨਿੱਜੀ ਬੈਂਕਾਂ ਦਾ ਜ਼ੋਰਦਾਰ ਝਟਕਾ, UPI ਲੈਣ-ਦੇਣ 'ਤੇ ਦੇਣਾ ਪਵੇਗਾ ਇੰਨਾ ਚਾਰਜ
NEXT STORY