ਨਵੀਂ ਦਿੱਲੀ— ਟੈਲੀਵਿਜ਼ਨ (ਟੀ. ਵੀ.) ਖਰੀਦਣ ਦਾ ਵਿਚਾਰ ਹੈ ਤਾਂ ਜਲਦ ਹੀ ਖਰੀਦ ਲਓ ਕਿਉਂਕਿ ਅਕਤੂਬਰ ਤੋਂ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਸਰਕਾਰ ਵੱਲੋ ਟੀ. ਵੀ. ਨਿਰਮਾਤਾਵਾਂ ਨੂੰ 'ਓਪਨ ਸੈੱਲ ਪੈਨਲ' 'ਤੇ ਦਰਾਮਦ ਡਿਊਟੀ 'ਚ ਦਿੱਤੀ ਗਈ ਛੋਟ ਇਸ ਮਹੀਨੇ ਦੇ ਅੰਤ 'ਚ ਖ਼ਤਮ ਹੋ ਜਾਏਗੀ। ਪਿਛਲੇ ਸਾਲ ਸਰਕਾਰ ਨੇ ਓਪਨ ਸੈੱਲ ਪੈਨਲਾਂ 'ਤੇ ਦਰਾਮਦ ਡਿਊਟੀ 'ਚ 5 ਫੀਸਦੀ ਛੋਟ ਦਿੱਤੀ ਸੀ। ਇਸ ਤੋਂ ਇਲਾਵਾ ਟੀ. ਵੀ. ਬਣਾਉਣ ਲਈ ਪੂਰੀ ਤਰ੍ਹਾਂ ਬਣੇ ਪੈਨਲਾਂ ਦੀਆਂ ਕੀਮਤਾਂ 'ਚ ਪਹਿਲਾਂ ਹੀ 50 ਫੀਸਦੀ ਵਾਧਾ ਹੋ ਚੁੱਕਾ ਹੈ। ਟੀ. ਵੀ. ਨਿਰਮਾਤਾਵਾਂ ਨੂੰ 32 ਇੰਚ ਪੈਨਲ ਹੁਣ ਤਕਰੀਬਨ 60 ਡਾਲਰ 'ਚ ਪੈ ਰਿਹਾ ਹੈ, ਜੋ ਪਹਿਲਾਂ 34 ਡਾਲਰ ਦਾ ਸੀ।
ਹਾਲਾਂਕਿ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਨਿਰਮਾਣ 'ਚ ਨਿਵੇਸ਼ ਲਿਆਉਣ 'ਚ ਸਹਾਇਤਾ ਕਰਨ ਲਈ ਦਰਾਮਦ ਡਿਊਟੀ 'ਚ ਰਿਆਇਤ ਵਧਾਉਣ ਦੇ ਹੱਕ 'ਚ ਹੈ। ਸੈਮਸੰਗ ਨੇ ਆਪਣਾ ਉਤਪਾਦਨ ਵੀਅਤਨਾਮ ਤੋਂ ਭਾਰਤ 'ਚ ਸ਼ਿਫਟ ਕੀਤਾ ਹੈ। ਇਸ ਤਰ੍ਹਾਂ ਡਿਊਟੀ 'ਚ ਰਿਆਇਤ ਨਾਲ ਹੋਰ ਕੰਪਨੀਆਂ ਨੂੰ ਵੀ ਭਾਰਤ 'ਚ ਉਤਪਾਦਨ ਲਈ ਉਤਸ਼ਾਹਤ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ 'ਤੇ ਅੰਤਿਮ ਫ਼ੈਸਲਾ ਵਿੱਤ ਮੰਤਰਾਲਾ ਲਵੇਗਾ।
ਟੀ. ਵੀ. ਕੰਪਨੀਆਂ ਦਾ ਕਹਿਣਾ ਹੈ ਕਿ ਡਿਊਟੀ 'ਚ ਰਿਆਇਤ 30 ਸਤੰਬਰ ਤੋਂ ਅੱਗੇ ਨਹੀਂ ਵਧਾਈ ਜਾਂਦੀ ਤਾਂ ਸਾਡੇ ਕੋਲ ਇਸ ਦਾ ਭਾਰ ਗਾਹਕਾਂ 'ਤੇ ਪਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ। ਐੱਲ. ਜੀ., ਪੈਨਾਸੋਨਿਕ, ਥੌਮਸਨ ਅਤੇ ਸੰਨਸੁਈ ਦਾ ਮੰਨਣਾ ਹੈ ਕਿ 32 ਇੰਚ ਦੇ ਟੈਲੀਵਿਜ਼ਨ ਦੀਆਂ ਕੀਮਤਾਂ 'ਚ ਲਗਭਗ 4 ਫੀਸਦੀ ਜਾਂ ਘੱਟ-ਘੱਟ 600 ਰੁਪਏ ਅਤੇ 42 ਇੰਚ ਦੇ ਟੀ. ਵੀ. ਦੀਆਂ ਕੀਮਤਾਂ 'ਚ 1,200 ਤੋਂ 1,500 ਰੁਪਏ ਦਾ ਵਾਧਾ ਹੋ ਸਕਦਾ ਹੈ।
Tiktok ਲਈ ਮਾਈਕਰੋਸਾਫਟ ਦੇ ਬਾਅਦ Oracle ਦਾ ਆਫਰ ਵੀ ਬਾਈਟਡਾਂਸ ਨੇ ਕੀਤਾ ਰੱਦ : CGTN
NEXT STORY