ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਾਰੋਬਾਰ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਉਬੇਰ ਨੇ ਵੀ ਭਾਰਤ 'ਚ ਆਪਣੀ ਕੁੱਲ 2,400 ਵਰਕਫੋਰਸ 'ਚੋਂ 25 ਫੀਸਦੀ ਦੀ ਵੱਡੀ ਕਟੌਤੀ ਕਰ ਦਿੱਤੀ ਹੈ। ਉਬੇਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਦੇਸ਼ ਭਰ 'ਚ ਵੱਖ-ਵੱਖ ਪੱਧਰਾਂ ਅਤੇ ਟੀਮਾਂ 'ਚੋਂ 600 ਲੋਕਾਂ ਨੂੰ ਕੱਢ ਦਿੱਤਾ ਹੈ। ਇਹ ਕਟੌਤੀ ਗਾਹਕ ਤੇ ਡਰਾਈਵਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੇ, ਬਿਜ਼ਨੈੱਸ ਡਿਵੈੱਲਪਮੈਂਟ, ਲੀਗਲ, ਫਾਈਨਾਂਸ, ਪਾਲਿਸੀ ਤੇ ਮਾਰਕੀਟਿੰਗ ਦੇ ਖੇਤਰ 'ਚ ਕੀਤੀ ਗਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਉਬੇਰ ਨੇ ਵਿਸ਼ਵ ਪੱਧਰ 'ਤੇ 6,700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਇਸ ਸਾਲ ਦੇ ਸ਼ੁਰੂ 'ਚ ਭਾਰਤ 'ਚ ਚੋਟੀ ਦੀ ਕੈਬ ਸਰਵਿਸ ਕੰਪਨੀ ਹੋਣ ਦਾ ਦਾਅਵਾ ਕਰਨ ਵਾਲੀ ਦਿੱਗਜ ਅਮਰੀਕੀ ਕੰਪਨੀ ਉਬੇਰ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ ਉਨ੍ਹਾਂ ਨੂੰ ਅਗਲੇ 10 ਤੋਂ 12 ਹਫਤਿਆਂ ਦੀ ਤਨਖਾਹ ਦਿੱਤੀ ਜਾਵੇਗੀ, ਨਾਲ ਹੀ 6 ਮਹੀਨਿਆਂ ਦਾ ਮੈਡੀਕਲ ਬੀਮਾ ਕਵਰ ਵੀ ਦਿੱਤਾ ਜਾ ਰਿਹਾ ਹੈ।
ਉਬੇਰ ਦੇ ਭਾਰਤ ਤੇ ਦੱਖਣੀ ਏਸ਼ੀਆ ਕਾਰੋਬਾਰ ਦੇ ਮੁਖੀ ਪ੍ਰਦੀਪ ਪਰਮੇਸਵਰਨ ਨੇ ਕਿਹਾ, ''ਕੋਵਿਡ-19 ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਉਬੇਰ ਇੰਡੀਆ ਕੋਲ ਇਸ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਸੀ। ਇਹ ਸਾਡੇ ਉਬੇਰ ਪਰਿਵਾਰ ਤੇ ਕੰਪਨੀ 'ਚੋਂ ਬਾਹਰ ਜਾਣ ਵਾਲੇ ਸਾਥੀਆਂ ਲਈ ਬਹੁਤ ਹੀ ਦੁਖਦਾਈ ਦਿਨ ਹੈ।'' ਉਨ੍ਹਾਂ ਬਿਆਨ ਜਾਰੀ ਕਰ ਕਿਹਾ, ''ਮੈਂ ਰਵਾਨਗੀ ਕਰਨ ਵਾਲੇ ਸਾਥੀਆਂ ਤੋਂ ਮੁਆਫੀ ਮੰਗਦਾ ਹਾਂ ਅਤੇ ਕੰਪਨੀ 'ਚ ਉਨ੍ਹਾਂ ਦੇ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।''
ਇਸ ਤੋਂ ਹਫਤਾ ਕੁ ਪਹਿਲਾਂ ਓਲਾ ਨੇ ਵੀ 1,400 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਜ਼ਿਕਰਯੋਗ ਹੈ ਕਿ ਭਾਰਤ 'ਚ ਮਾਰਚ ਦੇ ਅਖੀਰ 'ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ, ਜਿਸ ਨਾਲ ਦੇਸ਼ ਭਰ 'ਚ ਜਨਤਕ ਆਵਾਜਾਈ ਸਰਵਿਸ ਬੰਦ ਹੋ ਗਈ। ਹਾਲ ਹੀ 'ਚ ਸਰਕਾਰ ਨੇ ਪਾਬੰਦੀਆਂ 'ਚ ਕੁਝ ਢਿੱਲ ਦਿੱਤੀ ਹੈ, ਜਿਸ ਨਾਲ ਓਲਾ ਤੇ ਉਬੇਰ ਦੋਹਾਂ ਨੂੰ ਦੁਬਾਰਾ ਕਈ ਸੇਵਾਵਾਂ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ। ਹਾਲਾਂਕਿ, ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਕਾਫੀ ਹਨ ਉੱਥੇ ਸਰਵਿਸ ਸ਼ੁਰੂ ਕਰਨ ਦੀ ਢਿੱਲ ਨਹੀਂ ਦਿੱਤੀ ਗਈ ਹੈ, ਨਾਲ ਹੀ ਸਵਾਰੀਆਂ ਦੀ ਗਿਣਤੀ ਵੀ ਤੈਅ ਕੀਤੀ ਗਈ ਹੈ।
ਲਾਕਡਾਊਨ ਦਾ ਅਸਰ : ਲਗਾਤਾਰ 5ਵੇਂ ਮਹੀਨੇ ਸੋਨੇ ਦੀ ਦਰਾਮਦ 'ਚ ਗਿਰਾਵਟ
NEXT STORY