ਨਵੀਂ ਦਿੱਲੀ - ਮੀਂਹ ਤੋਂ ਬਾਅਦ ਸਬਜ਼ੀਆਂ ਦੀਆਂ ਕੀਮਤਾਂ ’ਚ ਤੇਜ਼ੀ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਓਖਲਾ ਸਬਜ਼ੀ ਮੰਡੀ ’ਚ ਬੀਤੇ ਇਕ ਹਫਤੇ ਦੌਰਾਨ ਕਈ ਸਬਜ਼ੀਆਂ ਦੇ ਥੋਕ ਭਾਅ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੀਂਹ ਨਾਲ ਫਸਲ ਪ੍ਰਭਾਵਿਤ ਹੋਣ ਅਤੇ ਦੂਜੇ ਸੂਬਿਆਂ ਤੋਂ ਸਬਜ਼ੀਆਂ ਦੀ ਆਮਦ ਰੁਕਣ ਕਾਰਨ ਕੀਮਤਾਂ ’ਤੇ ਦਬਾਅ ਵਧਿਆ ਹੈ।
ਮੰਡੀ ਕਾਰੋਬਾਰੀਆਂ ਅਨੁਸਾਰ ਭਿੰਡੀ ਦੀ ਕੀਮਤ ਇਕ ਹਫਤੇ ਪਹਿਲਾਂ 25-30 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ ਵਧ ਕੇ 40-45 ਰੁਪਏ ਹੋ ਗਈ ਹੈ। ਖੀਰਾ 15 ਰੁਪਏ ਤੋਂ ਵਧ ਕੇ ਲੱਗਭਗ 30 ਰੁਪਏ ਕਿਲੋ ਅਤੇ ਟਿੰਡਾ 30 ਰੁਪਏ ਤੋਂ ਵਧ ਕੇ 50 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਅਦਰਕ ਦੇ ਭਾਅ ’ਚ ਵੀ ਤੇਜ਼ ਉਛਾਲ ਆਇਆ ਹੈ ਅਤੇ ਇਹ 120 ਰੁਪਏ ਤੋਂ ਵਧ ਕੇ ਲੱਗਭਗ 200 ਰੁਪਏ ਕਿਲੋ ਵਿਕ ਰਿਹਾ ਹੈ।
ਮੀਂਹ ਦਾ ਅਸਰ ਪਿਆਜ਼ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ’ਤੇ ਵੀ ਪਿਆ ਹੈ। ਕਾਰੋਬਾਰੀਆਂ ਮੁਤਾਬਕ ਪਿਆਜ਼ ਦਾ ਭਾਅ ਇਕ ਹਫਤੇ ਪਹਿਲਾਂ 35-40 ਰੁਪਏ ਕਿਲੋ ਸੀ, ਜੋ ਹੁਣ ਲੱਗਭਗ 45 ਰੁਪਏ ਕਿਲੋ ਪਹੁੰਚ ਗਿਆ ਹੈ। ਫੁੱਲਗੋਭੀ, ਬੀਨਜ਼, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ’ਚ ਵੀ ਆਮਦ ਦੇ ਹਿਸਾਬ ਨਾਲ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ।
ਵਿਦੇਸ਼ੀ ਸਬਜ਼ੀਆਂ ਵੀ ਮਹਿੰਗੀਆਂ
ਦਿੱਲੀ ਦੇ ਬਾਜ਼ਾਰ ’ਚ ਵਿਕਣ ਵਾਲੀਆਂ ਵਿਦੇਸ਼ੀ ਸਬਜ਼ੀਆਂ ਦੀਆਂ ਕੀਮਤਾਂ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਐਵੋਕਾਡੋ 380 ਰੁਪਏ ਤੋਂ ਵਧ ਕੇ ਲੱਗਭਗ 500 ਰੁਪਏ ਕਿਲੋ ਹੋ ਗਿਆ ਹੈ। ਰੈੱਡ ਅਤੇ ਯੈਲੋ ਬੈੱਲ ਪੈਪਰ 250 ਤੋਂ ਵਧ ਕੇ 280 ਰੁਪਏ ਕਿਲੋ ਪਹੁੰਚ ਗਿਆ ਹੈ। ਬ੍ਰੋਕਲੀ ਲੱਗਭਗ 30 ਰੁਪਏ ਅਤੇ ਮਸ਼ਰੂਮ ਲੱਗਭਗ 10 ਰੁਪਏ ਕਿਲੋ ਮਹਿੰਗੀ ਹੋਈ ਹੈ। ਹਾਲਾਂਕਿ, ਜ਼ੂਕੀਨੀ ਦੇ ਭਾਅ ’ਚ ਫਿਲਹਾਲ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ।
ਬੀਨਜ਼ ਅਤੇ ਟਮਾਟਰ ਨੇ ਦਿੱਤੀ ਥੋੜ੍ਹੀ ਰਾਹਤ
ਸਾਰੀਆਂ ਸਬਜ਼ੀਆਂ ਦੇ ਭਾਅ ਵਧੇ ਹੋਣ, ਅਜਿਹਾ ਨਹੀਂ ਹੈ। ਬੀਨਜ਼ ਦੀ ਕੀਮਤ ’ਚ ਗਿਰਾਵਟ ਆਈ ਹੈ। ਇਕ ਹਫਤੇ ਪਹਿਲਾਂ ਲੱਗਭਗ 100 ਰੁਪਏ ਕਿਲੋ ਵਿਕਣ ਵਾਲੀ ਬੀਨਜ਼ ਹੁਣ ਲੱਗਭਗ 60 ਰੁਪਏ ਕਿਲੋ ਮਿਲ ਰਹੀ ਹੈ। ਟਮਾਟਰ ਵੀ ਪਹਿਲਾਂ ਦੀ ਤੁਲਨਾ ’ਚ ਸਸਤਾ ਹੋਇਆ ਹੈ ਅਤੇ ਲੱਗਭਗ 40 ਰੁਪਏ ਕਿਲੋ ਵਿਕ ਰਿਹਾ ਹੈ।
ਰੋਜ਼ਮਰਾ ’ਚ ਵਰਤੋਂ ਹੋਣ ਵਾਲੀਆਂ ਕੁਝ ਹੋਰ ਸਬਜ਼ੀਆਂ ਦੇ ਭਾਅ ਵੀ ਵਧੇ ਹਨ। ਲੌਕੀ ਲੱਗਭਗ 20 ਰੁਪਏ ਮਹਿੰਗੀ ਹੋ ਕੇ 40 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਘੀਆ ਲੱਗਭਗ 50 ਰੁਪਏ ਕਿਲੋ ਵਿਕ ਰਿਹਾ ਹੈ। ਟਿੰਡਾ ਅਤੇ ਕੱਦੂ ਦੇ ਭਾਅ ਵੀ ਵਧ ਕੇ ਲੱਗਭਗ 50 ਰੁਪਏ ਕਿਲੋ ਹੋ ਗਏ ਹਨ। ਹਾਲਾਂਕਿ ਕੁੰਦਰੂ ਅਤੇ ਪਰਵਲ ਦੀਆਂ ਕੀਮਤਾਂ ’ਚ ਫਿਲਹਾਲ ਜ਼ਿਆਦਾ ਬਦਲਾਅ ਨਹੀਂ ਹੋਇਆ ਹੈ।
ਮੀਂਹ ਜਾਰੀ ਰਿਹਾ ਤਾਂ ਹੋਰ ਵਧ ਸਕਦੇ ਹਨ ਭਾਅ
ਮੰਡੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਸਬਜ਼ੀਆਂ ਦੀਆਂ ਕੀਮਤਾਂ ’ਚ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਜੇਕਰ ਮੀਂਹ ਕਾਰਨ ਫਸਲ ਅਤੇ ਸਪਲਾਈ ਪ੍ਰਭਾਵਿਤ ਹੁੰਦੀ ਰਹੀ ਤਾਂ ਕੁਝ ਸਬਜ਼ੀਆਂ ਦੇ ਭਾਅ ਹੋਰ ਵਧ ਸਕਦੇ ਹਨ। ਹਾਲਾਂਕਿ, ਕਾਰੋਬਾਰੀਆਂ ਮੁਤਾਬਕ ਅਜੇ ਮਹਿੰਗਾਈ ਦਾ ਅਸਰ ਵਿਕਰੀ ’ਤੇ ਬਹੁਤ ਜ਼ਿਆਦਾ ਨਹੀਂ ਪਿਆ ਹੈ ਪਰ ਗਾਹਕ ਖਰੀਦਦਾਰੀ ’ਚ ਕੀਮਤਾਂ ਨੂੰ ਪਹਿਲਾਂ ਤੋਂ ਜ਼ਿਆਦਾ ਮਹੱਤਵ ਦੇ ਰਹੇ ਹਨ।
FDA ਦੀ ਵੱਡੀ ਕਾਰਵਾਈ: ਖਾਣ ਵਾਲਾ ਤੇਲ ਖੁੱਲ੍ਹਾ ਵੇਚਣ 'ਤੇ ਲੱਗੀ ਪਾਬੰਦੀ, ਹੋ ਸਕਦੀ ਹੈ 7 ਸਾਲ ਦੀ ਜੇਲ੍ਹ
NEXT STORY