ਮੁੰਬਈ : ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਦੇ ਕਮਿਸ਼ਨਰ ਤੁਕਾਰਾਮ ਮੁਢੇ ਨੇ ਵੀਰਵਾਰ ਨੂੰ ਸੂਬੇ ਵਿੱਚ ਖੁੱਲ੍ਹਾ ਜਾਂ ਬਿਨਾਂ ਸੀਲ ਵਾਲਾ ਖਾਣ ਵਾਲਾ ਤੇਲ ਵੇਚਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਕਮਿਸ਼ਨਰ ਮੁਤਾਬਕ ਖੁੱਲ੍ਹਾ ਤੇਲ ਅਸੁਰੱਖਿਅਤ ਹੁੰਦਾ ਹੈ ਕਿਉਂਕਿ ਇਸ ਉੱਪਰ ਬੈਚ ਨੰਬਰ ਜਾਂ ਸਰੋਤ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਮਿਲਾਵਟਖੋਰੀ ਦਾ ਪਤਾ ਲਗਾਉਣਾ ਅਤੇ ਕਾਰਵਾਈ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਇਹ ਨਵਾਂ ਹੁਕਮ ਮੁੱਖ ਤੌਰ 'ਤੇ ਮੂੰਗਫਲੀ, ਸਰ੍ਹੋਂ, ਸੂਰਜਮੁਖੀ, ਚੌਲਾਂ ਦੀ ਭੂਸੀ, ਪਾਮ, ਨਾਰੀਅਲ ਅਤੇ ਮੱਕੀ ਵਰਗੇ ਤੇਲਾਂ 'ਤੇ ਲਾਗੂ ਹੋਵੇਗਾ। ਇਸ ਕਦਮ ਤਹਿਤ ਹੁਣ ਸਰ੍ਹੋਂ ਦਾ ਤੇਲ ਸਿਰਫ਼ 100 ਫ਼ੀਸਦੀ ਸ਼ੁੱਧ ਹੀ ਵੇਚਿਆ ਜਾ ਸਕੇਗਾ ਅਤੇ ਇਸ ਵਿੱਚ ਕਿਸੇ ਦੂਜੇ ਤੇਲ ਦੀ ਮਿਲਾਵਟ ਕਰਨ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਸਿਰਫ਼ ਫੂਡ-ਗ੍ਰੇਡ ਅਤੇ ਸੀਲਬੰਦ ਪੈਕੇਜਿੰਗ ਵਾਲਾ ਤੇਲ ਵੇਚਣ ਦੀ ਹੀ ਮਨਜ਼ੂਰੀ ਹੋਵੇਗੀ। ਪੁਰਾਣੇ, ਜੰਗ ਲੱਗੇ ਜਾਂ ਦੁਬਾਰਾ ਵਰਤੇ ਗਏ ਡੱਬਿਆਂ ਵਿੱਚ ਤੇਲ ਦੀ ਪੈਕਿੰਗ ਕਰਨਾ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ।
ਇਸ ਆਦੇਸ਼ ਦੀ ਪਾਲਣਾ ਕਰਨਾ ਸੂਬੇ ਦੇ ਸਾਰੇ ਤੇਲ ਕਾਰੋਬਾਰੀਆਂ ਲਈ ਲਾਜ਼ਮੀ ਕੀਤਾ ਗਿਆ ਹੈ, ਜਿਸ ਵਿੱਚ ਤੇਲ ਕੱਢਣ ਵਾਲੀਆਂ ਯੂਨਿਟ, ਪੈਕੇਜਿੰਗ ਯੂਨਿਟਾਂ, ਸੁਪਰਮਾਰਕੀਟਾਂ, ਈ-ਕਾਮਰਸ ਪਲੇਟਫਾਰਮ ਅਤੇ ਆਮ ਰਿਟੇਲ ਦੁਕਾਨਾਂ ਸ਼ਾਮਲ ਹਨ।
FDA ਕਮਿਸ਼ਨਰ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਦੀ ਧਾਰਾ 59 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਵੱਧ ਤੋਂ ਵੱਧ 7 ਸਾਲ ਦੀ ਜੇਲ੍ਹ ਅਤੇ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦਾ ਪ੍ਰਾਵਧਾਨ ਹੈ। ਇਸ ਤੋਂ ਇਲਾਵਾ ਘਟੀਆ ਕੁਆਲਿਟੀ ਦਾ ਤੇਲ ਵੇਚਣ 'ਤੇ 5 ਲੱਖ ਰੁਪਏ, ਗ਼ਲਤ ਲੇਬਲ ਵਾਲਾ ਤੇਲ ਵੇਚਣ 'ਤੇ 3 ਲੱਖ ਰੁਪਏ ਅਤੇ ਗੁਮਰਾਹਕੁਨ ਵਿਗਿਆਪਨ ਦੇਣ 'ਤੇ ਵੀ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
'ਅਗਲੇ ਜਨਮ 'ਚ ਡਾਕਟਰ ਬਣਾਂਗਾ'...NEET 'ਚ ਘੱਟ ਨੰਬਰ ਆਉਣ 'ਤੇ ਵਿਦਿਆਰਥੀ ਨੇ ਚੁੱਕਿਆ ਵੱਡਾ ਕਦਮ
NEXT STORY