ਨਵੀਂ ਦਿੱਲੀ- ਕਰਜ਼ੇ ਵਿਚ ਡੁੱਬੀ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਵਿੱਤੀ ਸਾਲ 2021-22 ਦੀ ਜੂਨ ਤਿਮਾਹੀ ਵਿਚ ਕੰਪਨੀ ਨੂੰ 7,319 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਇਹ 25,460 ਕਰੋੜ ਰੁਪਏ ਸੀ। ਮਾਰਚ ਤਿਮਾਹੀ ਵਿਚ ਵੀ ਕੰਪਨੀ ਨੂੰ 7,000 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਐਕਸਚੇਂਜ ਫਾਈਲਿੰਗ ਅਨੁਸਾਰ, ਕੰਪਨੀ ਦੀ ਆਮਦਨ 9,152 ਕਰੋੜ ਰੁਪਏ ਰਹੀ, ਜਦੋਂ ਕਿ ਇਕ ਸਾਲ ਪਹਿਲਾਂ ਦੀ ਤਿਮਾਹੀ ਵਿਚ ਇਹ 10,659 ਕਰੋੜ ਰੁਪਏ ਸੀ। ਕੰਪਨੀ ਦੀ ਪ੍ਰਤੀ ਗਾਹਕ ਕਮਾਈ (ਏ. ਆਰ. ਪੀ. ਯੂ.) ਮਾਰਚ ਤਿਮਾਹੀ ਵਿਚ 107 ਰੁਪਏ ਦੇ ਮੁਕਾਬਲੇ 104 ਰੁਪਏ ਰਹਿ ਗਈ, ਜਦੋਂ ਕਿ ਤਾਲਾਬੰਦੀ ਦੌਰਾਨ ਇੰਟਰਨੈੱਟ ਡਾਟਾ ਦੀ ਮੰਗ ਪਿਛਲੀ ਤਿਮਾਹੀ ਦੇ ਮੁਕਾਬਲੇ 13.2 ਫ਼ੀਸਦੀ ਵੱਧ ਰਹੀ।
ਵੋਡਾਫੋਨ ਆਈਡੀਆ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਰਵਿੰਦਰ ਠੱਕਰ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਅੱਗੇ ਰੱਖਣ ਲਈ ਆਪਣੀ ਰਣਨੀਤੀ 'ਤੇ ਧਿਆਨ ਦੇ ਰਹੇ ਹਾਂ, ਨਾਲ ਹੀ, ਅਸੀਂ ਫੰਡ ਜੁਟਾਉਣ ਲਈ ਸੰਭਾਵੀ ਨਿਵੇਸ਼ਕਾਂ ਨਾਲ ਗੱਲਬਾਤ ਕਰ ਰਹੇ ਹਾਂ। ਕੰਪਨੀ ਨੇ ਦੱਸਿਆ ਕਿ 30 ਜੂਨ ਨੂੰ ਖ਼ਤਮ ਹੋਈ ਤਿਮਾਹੀ ਤੱਕ ਕੰਪਨੀ 'ਤੇ ਕੁੱਲ ਕਰਜ਼ਾ 1,91,590 ਕਰੋੜ ਰੁਪਏ ਸੀ। ਇਸ ਵਿਚ 1,06,010 ਕਰੋੜ ਰੁਪਏ ਦੀ ਸਪੈਕਟ੍ਰਮ ਭੁਗਤਾਨ ਦੇਣਦਾਰੀ ਅਤੇ 62,180 ਕਰੋੜ ਰੁਪਏ ਦੀ ਏ. ਜੀ. ਆਰ. ਦੇਣਦਾਰੀ ਸ਼ਾਮਲ ਹੈ। ਵੋਡਾਫੋਨ ਆਈਡੀਆ ਨੇ ਐਕਸਚੇਂਜ ਨੂੰ ਦੱਸਿਆ ਕਿ ਉਸ ਨੇ ਏ. ਜੀ. ਆਰ. ਮਾਮਲੇ ਵਿਚ ਸੁਪਰੀਮ ਕੋਰਟ ਵਿਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿਚ ਕੰਪਨੀ ਨੇ ਸੁਪਰੀਮ ਕੋਰਟ ਤੋਂ ਆਪਣੇ 23 ਜੁਲਾਈ ਦੇ ਆਦੇਸ਼ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੋਡਾਫੋਨ-ਆਈਡੀਆ ਸਮੇਤ ਹੋਰ ਦੂਰਸੰਚਾਰ ਕੰਪਨੀਆਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਜਿਸ ਵਿਚ ਏ. ਜੀ. ਆਰ. ਗਣਨਾ ਵਿਚ ਸੁਧਾਰ ਦੀ ਅਪੀਲ ਕੀਤੀ ਗਈ ਸੀ।
HMD ਨੇ 1 ਅਰਬ ਤੋਂ ਵੱਧ ਆਟੋ ਡਿਸੇਬਲ ਸਰਿੰਜਾਂ ਦੀ ਉਤਪਾਦਨ ਸਮਰੱਥਾ ਕੀਤੀ
NEXT STORY