ਚੰਡੀਗੜ੍ਹ (ਪਾਬਲਾ, ਬਠਲਾ)–ਪਿੰਡ ਕੁੱਬਾਹੇਡ਼ੀ ਵਿਖੇ ਬੀਤੇ ਦਿਨੀ ਕੁਲਾਰ ਫਾਰਮ ਦੇ ਮਾਲਕ ਵਲੋਂ ਸਾਥੀਆਂ ਸਮੇਤ ਪਿੰਡ ਕੁੱਬਾਹੇਡ਼ੀ ਦੇ ਵਸਨੀਕ ਬਹਾਦਰ ਸਿੰਘ ਨੂੰ ਅਗਵਾਹ ਕਰਨ ਕਰਕੇ ਪਿੰਡ ਵਾਸੀਆਂ ਤੇ ਫਾਰਮ ਮਾਲਕਾਂ ਵਿਚ ਝਗਡ਼ਾ ਹੋਇਆ ਸੀ ਅਤੇ ਪੁਲਸ ਨੇ ਰਸੂਖਦਾਰ ਵਿਅਕਤੀਆਂ ਦਾ ਪੱਖ ਪੂਰਦੇ ਹੋਏ ਪਹਿਲਾਂ ਪਿੰਡ ਦੇ 33 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਫਿਰ ਲੋਕਾਂ ਨੇ ਇਸਦਾ ਵਿਰੋਧ ਕੀਤਾ ਜਿਸ ਕਾਰਨ ਪੁਲਸ ਨੇ ਲਿੱਪਾਪੋਚੀ ਕਰਦੇ ਹੋਏ ਕੁਲਾਰ ਫਾਰਮ ਦੇ ਮਾਲਕ ਨਾਲ ਆਏ ਉਸਦੇ ਚਾਰ ਸਾਥੀਆਂ ’ਤੇ ਮਾਮਲਾ ਦਰਜ ਕਰ ਲਿਆ। ਪੁਲਸ ਵਲੋਂ ਪਿੰਡ ਵਾਸੀਆਂ ਨਾਲ ਕੀਤੇ ਗਏ ਇਸ ਧੱਕੇ ਕਾਰਨ ਪਿੰਡ ਵਾਸੀਆਂ ਵਿਚ ਪੁਲਸ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫਾਰਮ ਮਾਲਕ ਅਜੀਤ ਸਿੰਘ ਨੇ ਖੁਦ ਮੌਕੇ ’ਤੇ ਹਾਜ਼ਰ ਹੋ ਕੇ ਬਹਾਦਰ ਸਿੰਘ ਨੂੰ ਅਗਵਾ ਕੀਤਾ ਤੇ ਉਸਦੀਆਂ ਲਡ਼ਕੀਆਂ ਨਾਲ ਧੱਕਾ-ਮੁੱਕੀ ਕੀਤੀ ਪਰ ਅਜੀਤ ਸਿੰਘ ਰਸੂਖਦਾਰ ਵਿਅਕਤੀ ਹੋਣ ਕਾਰਨ ਪੁਲਸ ਨੇ ਉਸ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਸਦੇ ਸਾਥੀਆਂ ’ਤੇ ਮਾਮਲਾ ਦਰਜ ਕਰਕੇ ਪਿੰਡ ਵਾਸੀਆਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ। ਪਿੰਡ ਵਾਸੀਆਂ ਵਿਚ ਪੁਲਸ ਦੀ ਇਸ ਕਾਰਵਾਈ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਪੁਲਸ ਵਲੋਂ ਸ਼ਰੇਆਮ ਅਜੀਤ ਸਿੰਘ ਕੁਲਾਰ ਨੂੰ ਬਚਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਪਿੰਡ ਵਾਸੀ ਐੱਸ. ਡੀ. ਐੱਮ. ਖਰਡ਼ ਵਿਨੋਦ ਬੰਸਲ ਨੂੰ ਮਿਲੇ ਅਤੇ ਇਨਸਾਫ ਦੀ ਮੰਗ ਕੀਤੀ। ਐੱਸ. ਡੀ. ਐੱਮ. ਨੇ ਅੱਜ ਪਿੰਡ ਕੁੱਬਾਹੇਡ਼ੀ ਦਾ ਦੌਰਾ ਕੀਤਾ ਅਤੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਬਿਆਨ ਕਲਮਬੰਦ ਕੀਤੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਝਗਡ਼ੇ ਦੇ ਅਸਲ ਵਿਅਕਤੀ ਅਜੀਤ ਸਿੰਘ ਕੁਲਾਰ ਜਿਸਦੀ ਸ਼ਹਿ ’ਤੇ ਸਭ ਕੁਝ ਹੋਇਆ ਹੈ, ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਪਿੰਡ ਵਾਸੀਆਂ ਖਿਲਾਫ ਦਰਜ ਕੀਤਾ ਮਾਮਲਾ ਰੱਦ ਕੀਤਾ ਜਾਵੇ। ਕੀ ਕਹਿੰਦੇ ਹਨ ਐੱਸ. ਡੀ. ਐੱਮ. ਖਰਡ਼? ਜਦੋ ਇਸ ਦੇ ਸਬੰਧ ਵਿਚ ਐੱਸ. ਡੀ. ਐੱਮ. ਖਰਡ਼ ਵਿਨੋਦ ਬੰਸਲ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਮੈਂ ਪਿੰਡ ਵਾਸੀਆਂ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ ਮੌਕਾ ਵੀ ਵੇਖ ਲਿਆ ਹੈ। ਮੈਂ ਇਸ ਦੀ ਇਨਕੁਆਰੀ ਕਰਕੇ ਅਗਲੇਰੀ ਕਾਰਵਾਈ ਕਰਾਂਗਾ।
ਮੀ ਟੂ ਦੇ ਮੁੱਦੇ ’ਤੇ ਕੈਬਨਿਟ ਮੰਤਰੀ ਚੰਨੀ ਤੁਰੰਤ ਅਸਤੀਫਾ ਦੇਵੇ : ਬੀਬੀ ਸੰਧੂ
NEXT STORY