ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਵੱਡੀ ਪੁਲਾਂਘ ਪੁੱਟਦਿਆਂ ਇੱਕ ਨਵਾਂ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਤਾਂ ਜੋ ਉਹ ਘਰ ਬੈਠੇ ਹੀ ਸੂਬੇ ਦੀਆਂ ਵੱਖ-ਵੱਖ ਕਿਸਮ ਦੀਆਂ ਸੇਵਾਵਾਂ ਦਾ ਲਾਭ ਲੈ ਸਕਣ। ਇਸ ਗੱਲ ਦੀ ਜਾਣਕਾਰੀ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ ਨੇ ਚੰਡੀਗੜ੍ਹ ਵਿਖੇ ਰੱਖਿਆ ਕਰਮੀਆਂ ਦੀ ਸਹੂਲਤ ਲਈ ਨਵਾਂ ਵੈੱਬ ਪੋਰਟਲ 'ਈ-ਸੇਨਾਨੀ' ਲਾਂਚ ਕਰਨ ਮੌਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਔਖੀ ਘੜੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਰੱਖਿਆ ਸੈਨਿਕਾਂ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਭਲਾਈ ਲਈ ਵੀ ਵਚਨਬੱਧ ਹੈ।
ਇਹ ਵੀ ਪੜ੍ਹੋ : 1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ
ਸਾਬਕਾ ਸੈਨਿਕਾਂ ਲਈ ਸ਼ੁਰੂ ਕੀਤੀਆਂ ਗਈਆਂ ਆਨਲਾਈਨ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਨੂੰ ਆਪਣੀ ਜ਼ਿੰਦਗੀ ਦੇ ਮੁਸ਼ਕਿਲ ਦੌਰ ਵਿੱਚ ਲਾਭਪਾਤਰੀ ਸੇਵਾਵਾਂ ਲੈਣ ਲਈ ਸਬੰਧਤ ਜ਼ਿਲ੍ਹਾ ਸੁਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਉਹ ਆਪਣੇ ਘਰ ਬੈਠਿਆਂ ਜਾਂ ਵਿਦੇਸ਼ਾਂ ਤੋਂ ਵੀ ਲੋੜੀਂਦੇ ਦਸਤਾਵੇਜ਼ ਅਪਲੋਡ ਕਰਕੇ ਕੋਈ ਵੀ ਸੇਵਾ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਆਸ਼ਰਿਤ ਸੂਬਾ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀਆਂ ਨੌਕਰੀਆਂ ਲਈ ਬਿਨੈ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵੈੱਬ ਪੋਰਟਲ ’ਤੇ ਇਕ ਵਿਸ਼ੇਸ਼ 'ਈ-ਸੇਨਾਨੀ' ਵਿੰਡੋ ਉਪਲਬਧ ਕਰਵਾਈ ਗਈ ਹੈ ਜਿੱਥੇ ਸਾਬਕਾ ਸੈਨਿਕ ਅਤੇ ਵਿਧਵਾਵਾਂ ਪਛਾਣ ਪੱਤਰ ਪ੍ਰਾਪਤ ਕਰਨ ਲਈ ਆਨਲਾਈਨ ਰਜਿਸਟਰ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਇਸ ਮੌਕੇ ਬੋਲਦਿਆਂ ਮੰਤਰੀ ਸਰਾਰੀ ਨੇ ਕਿਹਾ ਕਿ 'ਆਪ' ਸਰਕਾਰ ਨੇ ਦੇਸ਼ ਵਿੱਚ ਵੱਖ-ਵੱਖ ਫ਼ੌਜੀ ਆਪ੍ਰੇਸ਼ਨਾਂ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦ ਰੱਖਿਆ ਸੈਨਿਕਾਂ ਦੇ ਆਸ਼ਰਿਤਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਇਤਿਹਾਸਕ ਫ਼ੈਸਲਾ ਲਾਗੂ ਕੀਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਸਾਬਕਾ ਸੈਨਿਕਾਂ, ਜੰਗੀ ਵਿਧਵਾਵਾਂ, ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਾਂ ਲਈ ਵੱਖ-ਵੱਖ ਭਲਾਈ ਸਕੀਮਾਂ ਅਤੇ ਵਿੱਤੀ ਸਹਾਇਤਾ ਵੀ ਉਪਲਬਧ ਕਰਵਾਈ ਗਈ ਹੈ।
ਨੋਟ : ਪੰਜਾਬ ਸਰਕਾਰ ਦਾ ਇਹ ਉਪਰਾਲਾ ਤੁਹਾਨੂੰ ਕਿਵੇਂ ਲੱਗਾ ? ਕੁਮੈਂਟ ਕਰ ਦਿਓ ਰਾਏ
ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
NEXT STORY