ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਥੜਾ ਸਾਹਿਬ ਉਹ ਅਸਥਾਨ ਹੈ, ਜਿਸਨੂੰ ਤਿਆਗ ਦੀ ਮੂਰਤ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਚਰਨ ਛੋਹ ਬਖਸ਼ਕੇ ਇਤਿਹਾਸਕ ਹੋਣ ਦਾ ਮਾਣ ਦਿੱਤਾ ਹੈ। ਇਹ ਗੁਰਦੁਆਰਾ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨੇੜੇ ਹੈ। ਇਹ ਉਹ ਇਤਿਹਾਸਕ ਅਸਥਾਨ ਹੈ, ਜਿੱਥੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਦਰਬਾਰ ਸਾਹਿਬ ਦੇ ਭ੍ਰਿਸ਼ਟ ਤੇ ਹੰਕਾਰੀ ਪੁਜਾਰੀਆਂ ਨੂੰ ਇਹ ਬਚਨ ਕਹੇ.. ਨਹਿਂ ਮਸੰਦ ਤੁਮ ਅੰਮ੍ਰਿਤਸਰੀਏ ।। ਤ੍ਰਿਸ਼ਨਾਗਨ ਤੇ ਅੰਤਰ ਸਰੀਏ।।
ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਬਾਅਦ 1664 ਈ. ਨੂੰ ਬਾਬਾ ਬਕਾਲਾ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਵਿਖੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਸਤਿਕਾਰ ਭੇਟ ਕਰਨ ਆਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਮਿਹਰਵਾਨ ਦੇ ਪੁੱਤਰ ਹਰਿ ਜੀ ਤੇ ਸਮੇਂ ਦੇ ਹੰਕਾਰੀ ਮਸੰਦ ਤੇ ਪੁਜਾਰੀਆਂ ਨੇ ਦਰਸ਼ਨੀ ਦਰਵਾਜੇ ਦੇ ਕਵਾੜ ਬੰਦ ਕਰ ਦਿੱਤੇ। ਦਰਅਸਲ ਉਨ੍ਹਾਂ ਨੂੰ ਡਰ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪੈਣ ਨਾਲ ਇਹ ਅਸਥਾਨ ਉਨ੍ਹਾਂ ਦੇ ਹੱਥੋਂ ਨਾ ਜਾਂਦਾ ਰਹੇ।
ਭਾਈ ਮੱਖਣ ਸ਼ਾਹ ਤੇ ਹੋਰ ਗੁਰੂ ਘਰ ਪ੍ਰੇਮੀ ਗੁਰਸਿੱਖ ਵੀ ਉਸ ਵੇਲੇ ਗੁਰੂ ਸਾਹਿਬ ਦੇ ਨਾਲ ਸਨ। ਗੁਰੂ ਜੀ ਨੇ ਅੰਮ੍ਰਿਤ ਸਰੋਵਰ ’ਚ ਇਸ਼ਨਾਨ ਕੀਤਾ ਤੇ ਪਰਿਕਰਮਾ ’ਚੋਂ ਹੀ ਸ੍ਰੀ ਹਰਿਮੰਦਰ ਸਾਹਿਬ ਨੂੰ ਨਤਮਸਤਕ ਹੋਏ ਅਰਦਾਸ ਕੀਤੀ । ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋ ਕੇ ਗੁਰਦੁਆਰਾ ਥੜਾ ਸਾਹਿਬ ਦੇ ਅਸਥਾਨ ’ਤੇ ਬਿਰਾਜਮਾਨ ਹੋਏ। ਗੁਰੂ ਜੀ ਨੇ ਇੱਥੇ ਬੈਠਕੇ ਕੁਝ ਸਮਾਂ ਸਿਮਰਨ ਕੀਤਾ ਤੇ ਫਿਰ ਵੱਲੇ ਨੂੰ ਚਾਲੇ ਪਾ ਦਿੱਤੇ।
ਸ੍ਰੀ ਗੁਰੂ ਤੇਗਬਹਾਦਰ ਜੀ ਦੇ ਬਿਰਾਜਮਾਨ ਹੋਣ ਦੇ ਅਸ਼ਥਾਨ ਤੇ ਸ਼ਰਧਾਲੂ ਸੰਗਤਾਂ ਤੇ ਪ੍ਰੇਮੀਆਂ ਨੇ ਇੱਕ ਥੜਾ ਉਸਾਰ ਦਿੱਤਾ। ਸਮਾਂ ਪਾ ਕੇ ਥੜਾ ਸਾਹਿਬ ਵਾਲੇ ਅਸਥਾਨ ਤੇ ਭੌਰਾ ਸਾਹਿਬ ਤੇ ਫਿਰ ਉਪਰਲੀ ਮੰਜ਼ਿਲ ਦੀ ਉਸਾਰੀ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ’ਚ ਗੁਰਦੁਆਰਾ ਥੜਾ ਸਾਹਿਬ ਦੀ ਇਸ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਾਰਜ ਕਰਵਾਇਆ ਗਿਆ।
ਗੁਰਦੁਆਰਾ ਸਾਹਿਬ ਦੀ ਉਪਰਲੀ ਮੰਜ਼ਿਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ, ਜਿੱਥੇ ਸ਼ਰਧਾ ਨਾਲ ਮੱਥਾ ਟੇਕਣ ਤੋਂ ਬਾਅਦ ਸੰਗਤ ਹੇਠਾਂ ਬਣੇ ਭੌਰਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੀ ਹੈ। ਭੌਰਾ ਸਾਹਿਬ ’ਚ ਹੀ ਉਹ ਮੂਲ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਜੀ ਬਿਰਾਜੇ ਸਨ। ਭੌਰਾ ਸਾਹਿਬ ਚ ਮੂਲ ਅਸਥਾਨ ਥੜਾ ਸਾਹਿਬ ਅਤੇ ਉਹ ਪੁਰਾਤਨ ਦਰੱਖ਼ਤ, ਜਿਸ ਨਾਲ ਗੁਰੂ ਸਾਹਿਬ ਬੈਠੇ ਸਨ, ਉਸਨੂੰ ਪਹਿਲੀ ਹਾਲਤ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇੱਥੇ ਵੀ ਗੁਰਬਾਣੀ ਦਾ ਪ੍ਰਵਾਹ ਚਲਦਾ ਹੈ ਤੇ ਸੰਗਤ ਬੜੇ ਪਿਆਰ ਨਾਲ ਦਰਸ਼ਨ ਕਰਦੀ ਤੇ ਸ੍ਰੀ ਗੁਰੂ ਤੇਗਬਹਾਦਰ ਜੀ ਨੂੰ ਸਿਮਰਦੀ ਹੈ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੰਗਤ ਗੁਰੂ ਤੇਗਬਹਾਦਰ ਜੀ ਦੇ ਇਸ ਅਸ਼ਥਾਨ ਦੇ ਦਰਸ਼ਨ ਕਰਕੇ ਜੀਵਨ ਸਫਲ ਕਰਦੀ ਹੈ।
ਅੰਮ੍ਰਿਤਸਰ : ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਸਮੂਹ ਸਿੱਖ ਸੰਪ੍ਰਦਾਵਾਂ ਦੀ ਹੋਈ ਇਕੱਤਰਤਾ
NEXT STORY