ਬਸ ਇਕ ਗੱਲ ਜੋ ਬਦਲ ਦੇਵੇ ਜ਼ਿੰਦਗੀ

You Are HereDharm
Thursday, April 20, 2017-10:17 AM
ਇਕ ਵਾਰ ਪ੍ਰਸਿੱਧ ਖਗੋਲ ਸ਼ਾਸਤਰੀ ਅਲ ਖਵਾਰਿਜ਼ਮੀ ਪਿੰਡ ਦੀ ਸੈਰ 'ਤੇ ਨਿਕਲੇ। ਉਸ ਵੇਲੇ ਉਹ ਤਾਰਿਆਂ ਵੱਲ ਦੇਖ ਕੇ ਜੀਵਨ ਦੀ ਰਫਤਾਰ ਦੱਸ ਦਿੰਦੇ ਸਨ। ਤਾਰਿਆਂ ਦੇ ਅਧਿਐਨ ਵਿਚ ਉਸ ਵੇਲੇ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ ਅਤੇ ਚਾਰੇ ਪਾਸੇ ਉਨ੍ਹਾਂ ਦੀ ਇਸ ਵਿੱਦਿਆ ਦੀ ਚਰਚਾ ਸੀ। ਰਾਤ ਨੂੰ ਉਹ ਤਾਰਿਆਂ ਨਾਲ ਭਰਿਆ ਆਕਾਸ਼ ਦੇਖਦੇ ਜਾ ਰਹੇ ਸਨ ਕਿ ਪੈਰਾਂ ਹੇਠਾਂ ਡੂੰਘਾ ਟੋਇਆ ਆਇਆ ਅਤੇ ਉਹ ਉਸ ਵਿਚ ਡਿਗ ਪਏ। ਰਾਤ ਵੇਲੇ ਕਾਫੀ ਦੇਰ ਤਕ ਉਹ ਉਸੇ ਟੋਏ ਵਿਚ ਫਸੇ ਮਦਦ ਲਈ ਚੀਕਦੇ ਰਹੇ ਪਰ ਦੂਰ-ਦੂਰ ਤਕ ਕੋਈ ਸੁਣਨ ਵਾਲਾ ਨਹੀਂ ਸੀ।
ਕਾਫੀ ਦੇਰ ਚੀਕਣ ਤੋਂ ਬਾਅਦ ਇਕ ਬੁੱਢੀ ਆਈ ਅਤੇ ਉਸ ਨੇ ਉਨ੍ਹਾਂ ਨੂੰ ਹੇਠਾਂ ਡਿਗੇ ਦੇਖਿਆ। ਉਹ ਅਨਪੜ੍ਹ ਬੁੱਢੀ ਬਹੁਤ ਜੱਦੋ-ਜਹਿਦ ਤੋਂ ਬਾਅਦ ਉਨ੍ਹਾਂ ਨੂੰ ਕੱਢ ਸਕੀ। ਬਾਹਰ ਨਿਕਲਦਿਆਂ ਹੀ ਅਲ ਖਵਾਰਿਜ਼ਮੀ ਨੇ ਬੁੱਢੀ ਦਾ ਧੰਨਵਾਦ ਕੀਤਾ। ਬੁੱਢੀ ਮੁਸਕਰਾਈ ਅਤੇ ਅੱਗੇ ਵਧ ਗਈ। ਅਲ ਖਵਾਰਿਜ਼ਮੀ ਨੇ ਉਸ ਨੂੰ ਪੁੱਛਿਆ, ''ਤੂੰ ਮੈਨੂੰ ਪਛਾਣਿਆ ਨਹੀਂ, ਮੈਂ ਪ੍ਰਸਿੱਧ ਜੋਤਿਸ਼ੀ ਵੀ ਹਾਂ। ਮੈਂ ਤਾਰਿਆਂ ਵੱਲ ਦੇਖ ਕੇ ਤੇਰੀ ਜ਼ਿੰਦਗੀ ਬਾਰੇ ਦੱਸ ਸਕਦਾ ਹਾਂ। ਤੂੰ ਮੇਰੀ ਮਦਦ ਕੀਤੀ ਹੈ, ਇਸ ਲਈ ਮੈਂ ਤੇਰਾ ਧੰਨਵਾਦੀ ਹਾਂ ਅਤੇ ਆਪਣੇ ਹੁਨਰ ਨਾਲ ਤੇਰਾ ਆਉਣ ਵਾਲਾ ਕੱਲ ਦੱਸ ਸਕਦਾ ਹਾਂ।''
ਇਸ 'ਤੇ ਬੁੱਢੀ ਬੋਲੀ, ''ਜਿਸ ਨੂੰ ਜ਼ਮੀਨ ਦੇ ਟੋਇਆਂ ਬਾਰੇ ਨਾ ਪਤਾ ਹੋਵੇ, ਉਹ ਕੀ ਸਵਾਹ ਮੇਰਾ ਕੱਲ ਦੱਸੇਗਾ। ਪਹਿਲਾਂ ਜਿਥੇ ਤੁਰ ਰਿਹਾ ਏਂ, ਉਸ ਥਾਂ ਬਾਰੇ ਜਾਣ ਲੈ, ਤਾਰਿਆਂ ਬਾਰੇ ਬਾਅਦ 'ਚ ਪੜ੍ਹੀਂ।''
ਬੁੱਢੀ ਦੀ ਗੱਲ ਅਲ ਖਵਾਰਿਜ਼ਮੀ ਦੇ ਦਿਲ ਨੂੰ ਲੱਗ ਗਈ ਕਿਉਂਕਿ ਉਹ ਸੱਚ ਕਹਿ ਰਹੀ ਸੀ। ਜਦੋਂ ਜ਼ਮੀਨ ਦਾ ਨਹੀਂ ਪਤਾ ਤਾਂ ਆਕਾਸ਼ ਨੂੰ ਜਾਣ ਕੇ ਕੀ ਕਰਾਂਗੇ। ਉਹ ਲੱਗ ਗਏ ਪਤਾਲ ਦੀ ਖੋਜ ਵਿਚ ਅਤੇ ਫਿਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਨਾਂ ਭੂ-ਗਰਭ ਸ਼ਾਸਤਰੀ ਦੇ ਰੂਪ 'ਚ ਕਮਾਇਆ। ਜਿਸ ਦਿਨ ਅਸੀਂ ਸੱਚ ਨੂੰ ਜਾਣ ਲੈਂਦੇ ਹਾਂ, ਉਸੇ ਦਿਨ ਦੁਨੀਆ ਨੂੰ ਆਸਾਨ ਕਰਨ ਦੀ ਗੰਢ ਖੁੱਲ੍ਹਣ ਲੱਗਦੀ ਹੈ। ਸਾਨੂੰ ਸਾਰਿਆਂ ਨੂੰ ਆਪਣੇ ਹੁਨਰ ਦਾ ਮਾਣ ਕਰਨਾ ਛੱਡ ਕੇ ਸਿੱਖਣ ਵਿਚ ਲੱਗਣਾ ਚਾਹੀਦਾ ਹੈ। ਕਿਸੇ ਵੀ ਇਨਸਾਨ ਦੀ ਇਕ ਗੱਲ ਸਾਡੀ ਦਿਸ਼ਾ ਬਦਲ ਸਕਦੀ ਹੈ, ਜੇ ਉਸ ਵਿਚ ਸੱਚਾਈ ਹੋਵੇ, ਜਿਵੇਂ ਉਸ ਬੁੱਢੀ ਔਰਤ ਨੇ ਅਲ ਖਵਾਰਿਜ਼ਮੀ ਦੀ ਦਿਸ਼ਾ ਬਦਲ ਦਿੱਤੀ।

Popular News

!-- -->