ਹਰਪ੍ਰੀਤ ਸਿੰਘ ਕਾਹਲੋਂ ਦੀ ਰਿਪੋਰਟ
ਰਾਜਾ ਬਾਜ਼ਾਰ ਰਾਵਲਪਿੰਡੀ ਦਾ ਮਸ਼ਹੂਰ ਬਾਜ਼ਾਰ ਹੈ। ਇਸ ਬਾਜ਼ਾਰ ਦੇ ਨਾਲ ਕਬਾੜੀ ਬਾਜ਼ਾਰ ਦੇ ਨਾਲ ਸਦਰ ਏਰੀਏ ਵਿਚ ਪੌੜ੍ਹੀ ਪੁੱਲ ਕੋਲ ‘ਕ੍ਰਿਸ਼ਨ ਮੰਦਰ’ ਹੈ। ਇਹ ਮੰਦਰ ਰਾਵਲਪਿੰਡੀ ਦਾ 123 ਸਾਲ ਪੁਰਾਣਾ ‘ਕ੍ਰਿਸ਼ਨ ਮੰਦਰ’ ਹੈ। ਸ਼੍ਰੀ ਕ੍ਰਿਸ਼ਨ ਮੰਦਰ 1897 ਵਿੱਚ ਬਣਿਆ ਸੀ।
ਇਸਲਾਮਾਬਾਦ ਵਿਆਹੇ ਵਰਸ਼ਾ ਅਰੋੜਾ ਦੱਸਦੇ ਹਨ ਕਿ ਅਸੀਂ ਰਾਵਲਪਿੰਡੀ ਵਿੱਚ 5 ਪੀੜ੍ਹੀਆਂ ਤੋਂ ਹਾਂ। ਇੱਥੇ 250 ਸਾਲਾਂ ਤੋਂ ਵੱਧ ਸਮਾਂ ਸਾਡੇ ਪਰਿਵਾਰ ਨੇ ਵੇਖਿਆ ਹੈ। ਪਿੰਡੀ ਦੇ ਅੰਦਰੂਨ ਹਿੱਸੇ ਵਿੱਚ ਸ਼੍ਰੀ ਕ੍ਰਿਸ਼ਨ ਮੰਦਰ ਅਸੀਂ ਬਚਪਨ ਤੋਂ ਵੇਖਦੇ ਆਏ ਹਾਂ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਾਡੇ ਮੁਹੱਲੇ ਦੇ ਕ੍ਰਿਸ਼ਨ ਮੰਦਰ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਸਾਲ ਦਰ ਸਾਲ ਜਨਮ ਅਸ਼ਟਮੀ ਦਾ ਦਿਨ ਸਾਡੇ ਲਈ ਅਥਾਹ ਖੁਸ਼ੀ ਦਾ ਸਬੱਬ ਬਣਦਾ ਹੈ। ਪਰਿਵਾਰ ‘ਚ ਜਨਾਨੀਆਂ ਰਾਤ ਨੂੰ ਵਰਤ ਰੱਖਦੀਆਂ ਹਨ। ਪਕਵਾਣ ‘ਚ ਬਿਨਾਂ ਲੂਣ ਤੋਂ ਭੌਜਣ ਤਿਆਰ ਹੁੰਦਾ ਹੈ। ਖਾਣ ਪੀਣ ‘ਚ ਮਿੱਠਾ ਵੱਧ ਵਰਤਾਇਆ ਜਾਂਦਾ ਹੈ। ਨਿੱਕੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਦਾ ਰੂਪ ਧਾਰਨ ਕਰਵਾ ਕੇ ਤਿਆਰ ਕੀਤਾ ਜਾਂਦਾ ਹੈ। ਮੰਦਰ ਦੇ ਪੁਜਾਰੀ ਅਤੇ ਸੰਗਤਾਂ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਦੁੱਧ ਨਾਲ ਇਸ਼ਨਾਨ ਕਰਵਾ ਪੰਗੂੜੇ ‘ਚ ਪਾ ਝੂਟੇ ਦਿੰਦੀਆਂ ਹਨ। ਕ੍ਰਿਸ਼ਨ ਭਗਤੀ ਦੇ ਭਜਨ ਗਾਏ ਜਾਂਦੇ ਹਨ।
ਰਾਵਲਪਿੰਡੀ ’ਚ ਕੋਰੋਨਾ ਦੇ ਚੱਲਦਿਆਂ ਇਸ ਵਾਰ ਸ਼ਾਇਦ ਜਨਮ ਅਸ਼ਟਮੀ ਵੱਡੇ ਰੂਪ ‘ਚ ਨਾ ਮਨਾਈ ਜਾਵੇ। ਵਰਸ਼ਾ ਦੇ ਪਿਤਾ ਜਗਮੋਹਨ ਅਰੋੜਾ ਮੁਹੱਲੇ ਦੇ ਮਸ਼ਹੂਰ ਵਪਾਰੀ ਅਤੇ ਮੋਹਤਬਰ ਸੱਜਣ ਸਨ। ਜਗਮੋਹਨ ਅਰੋੜਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਵਰਸ਼ਾ ਮੁਤਾਬਕ ਪਿੰਡੀ ਵਿੱਚ 300 ਦੇ ਲੱਗਭਗ ਹਿੰਦੂ ਪਰਿਵਾਰ ਹਨ। ਇਨ੍ਹਾਂ ਵਿਚੋਂ ਬਹੁਤੇ ਖੱਤਰੀ ਬਰਾਦਰੀ ਨਾਲ ਸਬੰਧ ਰੱਖਦੇ ਹਨ।
ਅਲੀ ਅੱਬਾਸ ਤੂਰ ਦੱਸਦੇ ਹਨ ਕਿ ਸ਼੍ਰੀ ਕ੍ਰਿਸ਼ਨ ਮੰਦਰ ਦੇ ਪੁਜਾਰੀ ਜੈ ਰਾਮ ਸਿੰਧ ਤੋਂ ਹਨ। ਇਸ ਮੰਦਰ ਦਾ ਪ੍ਰਬੰਧ ਹਿੰਦੂ ਅਵੈਕਿਊ ਟ੍ਰੱਸਟ ਵਲੋਂ ਚਲਾਇਆ ਜਾਂਦਾ ਹੈ। ਪਿੰਡੀ ‘ਚ ਹਿੰਦੂ ਬਰਾਦਰੀ ਦਾ ਰਹਿਣ ਸਹਿਣ ਨਾਨਕਪੰਥੀਆਂ ਵਰਗਾ ਹੈ।ਅਸੀਂ ਮੰਦਰ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵੀ ਜਾਂਦੇ ਹਨ। ਇਸ ਤੋਂ ਇਲਾਵਾ 9ਵੀਂ ਅਤੇ 10ਵੀਂ ਨੂੰ ਮੁਹੱਰਮ ਦੇ ਜਲੂਸ ਵਿੱਚ ਵੀ ਸ਼ਮੂਲੀਅਤ ਕਰਦੇ ਹਾਂ। ਵਰਸ਼ਾ ਅਰੋੜਾ ਦੇ ਫੇਰੇ ਅਗਨੀ ਦੁਆਲੇ ਹੋਏ ਸਨ ਪਰ ਇਸ ਤੋਂ ਇਲਾਵਾ ਹਿੰਦੂ ਭਾਈਚਾਰੇ ਵਿੱਚ ਆਨੰਦ ਕਾਰਜ ਦਾ ਰੁਝਾਣ ਵੀ ਹੈ। ਵਰਸ਼ਾ ਮੁਤਾਬਕ ਆਨੰਦ ਕਾਰਜ ਲਈ ਪਿੰਡੀ ਦੇ ਲੋਕ ਰਾਵਲਪਿੰਡੀ ਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਪੰਜਾ ਸਾਹਿਬ ਵੀ ਜਾਂਦੇ ਹਨ।
ਪਿੰਡੀ ਦੇ ਵਾਸੀ ਠਾਕੁਰ ਸ਼ੁਭਾਸ਼ ਮੁਤਾਬਕ ਇੱਥੇ ਰਹਿੰਦਿਆਂ ਸਾਨੂੰ ਕਦੀ ਕੋਈ ਤਲਖੀ ਨਹੀਂ ਝੱਲਣੀ ਪਈ। ਸਾਡੀਆਂ ਮਾਂਵਾਂ-ਭੈਣਾਂ ਆਪਣੀ ਰਵਾਇਤ ਮੁਤਾਬਕ ਸਿੰਧੂਰ ਮੰਗਲਸੂਤਰ ਪਾ ਬਾਹਰ-ਅੰਦਰ ਜਾਂਦੀਆਂ ਹਨ। ਇੰਝ ਸਗੋਂ ਇੱਥੋਂ ਦੇ ਗੈਰ ਹਿੰਦੂ ਪਰਿਵਾਰਾਂ ‘ਚ ਸਾਨੂੰ ਵੇਖਣ ਦੀ ਖਿੱਚ ਜ਼ਰੂਰ ਰਹਿੰਦੀ ਹੈ। 1992 ਨੂੰ ਬਾਬਰੀ ਮਸੀਤ ਢਹਿਣ ਵੇਲੇ ਸਾਨੂੰ ਜ਼ਰੂਰ ਰਾਵਲਪਿੰਡੀ ‘ਚ ਤਲਖੀ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਤੋਂ ਇਲਾਵਾ ਰਾਵਲਪਿੰਡੀ ‘ਚ ਸਾਡੇ ਜਿਊਂਦਿਆਂ ਮਾਹੌਲ ਸੁਖਾਵਾਂ ਹੀ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਦਿਵਾਲੀ ਦੇ ਮੌਕੇ ਸਾਡੇ ਲਈ ਖੁਸ਼ੀ ਦਾ ਅਦਭੁੱਤ ਮਾਹੌਲ ਹੁੰਦਾ ਹੈ।
ਪੰਜਾਬੀ ਮੁਸਲਮਾਨ ਤਸਵੀਰ ਘਾੜੇ ਅਬਦੁਰ ਰਹਿਮਾਨ ਚੁਗਤਾਈ ਦੇ ‘ਰਾਧਾ ਕ੍ਰਿਸ਼ਨ’
ਅਬਦੁਰ ਰਹਿਮਾਨ ਚੁਗਤਾਈ ਦੱਖਣੀ ਏਸ਼ੀਆ ਦੇ ਮਸ਼ਹੂਰ ਤਸਵੀਰ ਘਾੜੇ ਹੋਏ ਹਨ। ਉਨ੍ਹਾਂ ਨੇ ਰਾਧਾ ਕ੍ਰਿਸ਼ਨ ਦੀਆਂ ਕਈ ਤਸਵੀਰਾਂ ਬਣਾਈਆਂ ਹਨ। ਚੁਗਤਾਈ ਦੀ ਤਸਵੀਰਾਂ ਵਿੱਚ ਸ਼੍ਰੀ ਕ੍ਰਿਸ਼ਨ ਪੱਕੇ ਰੰਗ ਦੇ ਹਨ। ਅਬਦੁਰ ਰਹਿਮਾਨ ਦਾ ਜਨਮ 21 ਸਤੰਬਰ 1894 ਨੂੰ ਹੋਇਆ। 17 ਜਨਵਰੀ 1975 ਨੂੰ ਉਹ ਫੌਤ ਹੋਏ। ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਖ਼ਾਨ ਬਹਾਦੁਰ ਦੀ ਉਪਾਧੀ ਦਿੱਤੀ ਸੀ। ਪਾਕਿਸਤਾਨ ਸਰਕਾਰ ਅਬਦੁਰ ਚੁਗਤਾਈ ਦੀਆਂ ਤਸਵੀਰਾਂ ਦੇਸ਼ ‘ਚ ਆਏ ਵਿਦੇਸ਼ੀ ਮਹਿਮਾਨਾਂ ਨੂੰ ਸੌਗਾਤ ਵਜੋਂ ਭੇਂਟ ਕਰਦੀ ਹੈ।
ਅਬਦੁਰ ਰਹਿਮਾਨ 1947 ਵੰਡ ਤੋਂ ਪਹਿਲਾਂ ਦੇ ਉਹ ਚਿੱਤਰਕਾਰ ਹਨ, ਜਿੰਨ੍ਹਾ ਸਾਂਝੀ ਵਿਰਾਸਤ ਦੀ ਰਵਾਇਤ ਵਿਚੋਂ ਨੁਕਤਿਆਂ ਨੂੰ ਸਿੱਖਿਆ। ਚਿੱਤਰਕਾਰੀ ਦੇ ਮਾਹਰ ਵਿਸ਼ਲੇਸ਼ਕ ਜਗਤਾਰਜੀਤ ਸਿੰਘ ਮੁਤਾਬਕ ਲਾਹੌਰ ਦਾ ਮਿਓ ਸਕੂਲ ਆਫ ਆਰਟਸ ਤੋਂ ਲੈਕੇ ਇਨ੍ਹਾਂ ਚਿੱਤਰਕਾਰਾਂ ਅਤੇ ਅਧਿਆਪਕਾਂ ਦੀ ਬੰਗਾਲ ਚਿੱਤਰਕਾਰੀ ਸਕੂਲ ਤੱਕ ਸ਼ਮੂਲੀਅਤ ਸਾਂਝੀ ਵਿਰਾਸਤ ਦੀ ਰਹੀ ਹੈ। ਇਸੇ ਕਰਕੇ ਇਹਨਾਂ ਦਾ ਪ੍ਰਭਾਵ ਵੀ ਸਾਂਝੀ ਵਿਰਾਸਤ ਦਾ ਰੂਪ ਹੈ।
ਬੰਗਾਲੀ ਚਿੱਤਰਕਾਰੀ ਦੀ ‘ਵਾਸ਼ ਤਕਨੀਕ’ ਨੂੰ ਹੀ ਅਬਦੁਰ ਰਹਿਮਾਨ ਚੁਗਤਾਈ ਨੇ ਵਰਤਿਆ ਹੈ। ਉਨ੍ਹਾਂ ਦੀ ਚਿੱਤਰਕਾਰੀ ਵਿੱਚ ਸ਼੍ਰੀ ਕ੍ਰਿਸ਼ਨ ਇੱਕਲੇ ਨਹੀਂ ਸਗੋਂ ਰਾਧਾ ਕ੍ਰਿਸ਼ਨ ਦੇ ਸਾਂਝੇ ਰੂਪ ਵਿੱਚ ਆਉਂਦੇ ਹਨ। ਵਾਸ਼ ਤਕਨੀਕ ਵਿੱਚ ਪਾਣੀ ਵਾਲੇ ਰੰਗ ਵਰਤੇ ਜਾਂਦੇ ਹਨ ਅਤੇ ਰੰਗਾਂ ਨੂੰ ਤੇਜ਼ ਤੋਂ ਹਲਕੇ ਕੀਤਾ ਜਾਂਦਾ ਹੈ। ਆਮ ਚਿੱਤਰਕਾਰੀ ਵਿੱਚ ਹਲਕੇ ਤੋਂ ਤੇਜ਼ ਰੰਗ ਕਰਨ ਦਾ ਰੁਝਾਣ ਹੁੰਦਾ ਹੈ। ਇਹ ਚਿੱਤਰਕਾਰੀ ਬਹੁਤ ਮਹੀਨ ਹੁੰਦੀ ਹੈ। ਇਸ ਵਿੱਚ ਅਕਾਰਾਂ ਦੀ ਲਕੀਰ, ਰੰਗਾਂ ਨੂੰ ਸੰਭਾਲਣਾ, ਸ਼ੇਡ ਦੇਣੀ ਅਤੇ ਕਾਗਜ਼ ਨੂੰ ਸੰਭਾਲਣ ‘ਤੇ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ। ਜੇ ਇੰਝ ਨਾ ਕੀਤਾ ਗਿਆ ਤਾਂ ਤਸਵੀਰ ਆਪਣਾ ਪ੍ਰਭਾਵ ਗਵਾ ਦਿੰਦੀ ਹੈ।
ਅਬਦੁਰ ਰਹਿਮਾਨ ਚੁਗਤਾਈ ਦੀਆਂ ‘ਰਾਧਾ ਕ੍ਰਿਸ਼ਨ’ ਤਸਵੀਰਾਂ ਵਿੱਚ ਇਹੋ ਕਮਾਲ ਹੈ। ਚੁਗਤਾਈ ਦੀਆਂ ਤਸਵੀਰਾਂ ‘ਰਾਧਾ ਕ੍ਰਿਸ਼ਨ’ ਦੇ ਰੂਪ ‘ਚ ਮੁਸਲਿਮ ਚਿੱਤਰਕਾਰ ਨੂੰ ਸਾਂਝੀ ਵਿਰਸਾਤ ਵਜੋਂ ਅਜਿਹਾ ਇਸ਼ਾਰਾ ਕਰਦੀਆਂ ਹਨ, ਜੋ ਇਸ ਦੌਰ ਦੀਆਂ ਪਈਆਂ ਨਫ਼ਰਤੀ ਲਕੀਰਾਂ ਨੂੰ ਬੇਹਤਰ ਸਮਝਣ ਦੀ ਲੋੜ ਹੈ।
ਅਬਦੁਰ ਚੁਗਤਾਈ ਦੀਆਂ ਤਸਵੀਰਾਂ ਇੱਕਲੇ ਲਾਹੌਰ ਦੇ ਅਜਾਇਬ ਘਰ ਹੀ ਨਹੀਂ ਸਗੋਂ ਇਸਲਾਮਾਬਾਦ ਦੀ ਨੈਸ਼ਨਲ ਗੈਲਰੀ, ਇੰਗਲੈਂਡ ਦੇ ਬ੍ਰਿਟਿਸ਼ ਮਿਊਜ਼ੀਅਮ, ਨਵੀਂ ਦਿੱਲੀ ਦੀ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਵਿੱਚ ਵੀ ਨੁੰਮਾਇਸ਼ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਵੀ ਖਬਰ - Janmashtami 2020: ਜਾਣੋ ਕਿਉਂ ਮਨਾਇਆ ਜਾਂਦਾ ਹੈ ਦਹੀਂ-ਹਾਂਡੀ ਉਤਸਵ, ਕਿਵੇਂ ਹੋਈ ਇਸ ਦੀ ਸ਼ੁਰੂਆਤ
ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੌਰਾਨ ਨੂਡਲਜ਼ 'ਤੇ ਪਾਸਤਾ ਦੀ ਖਪਤ 'ਚ ਹੋਇਆ ਬੇਤਹਾਸ਼ਾ ਵਾਧਾ (ਵੀਡੀਓ)
ਪੰਜਾਬੀ ਲੋਕ ਧਾਰਾ ਵਿੱਚ ‘ਸ਼੍ਰੀ ਕ੍ਰਿਸ਼ਨ’ ਗੀਤਾਂ ਵਿਚ ਰਚੇ ਹਨ !
ਪੰਜਾਬ ਦੀ ਜ਼ਹਿਨੀਅਤ ਵਿੱਚ ਸ਼੍ਰੀ ਕ੍ਰਿਸ਼ਨ ਦਾ ਜ਼ਿਕਰ ਉੱਮਰ ਦੇ ਹਰ ਪੜਾਅ ਵਿੱਚ ਆਪਣੇਪਣ ਨਾਲ ਹੈ। ਪੰਜਾਬੀ ਲੋਕ ਗੀਤਾਂ, ਟੱਪਿਆਂ, ਸਿੱਠਣੀਆਂ, ਲੋਰੀਆਂ ‘ਚ ਸ਼੍ਰੀ ਕ੍ਰਿਸ਼ਨ ਦਾ ਖਾਸ ਥਾਂ ਹੈ। ਸ਼੍ਰੀ ਕ੍ਰਿਸ਼ਨ ਜੀ ਦਾ ਜ਼ਿਕਰ ਪੰਜਾਬੀ ਲੋਕ ਧਾਰਾ ਵਿੱਚ ਕਿੰਝ ਦਾ ਹੈ, ਇਸ ਬਾਰੇ ਡਾ. ਹਰਸਿਮਰਨ ਕੌਰ ਦੀ ਖ਼ੋਜ ਬਹੁਤ ਮਹੱਤਵਪੂਰਨ ਹੈ। ਲੋਕ ਗੀਤਾਂ ਦੇ ਮਾਹਰ ਡਾ. ਹਰਸਿਮਰਨ ਕੌਰ ਮੁਤਾਬਕ ਪੁੱਤਰ ਦੇ ਜਨਮ ਦੀ ਖੁਸ਼ੀਆਂ ਨੂੰ ਕ੍ਰਿਸ਼ਨ ਦੇ ਜਨਮ ਵਾਂਗ ਸਵੀਕਾਰਿਆ ਗਿਆ ਹੈ –
ਘਰ ਨੰਦ ਦੇ ਮਿਲਣ ਵਧਾਈਆਂ
ਅੱਧੀ ਰਾਤੀਂ ਪੁੱਤ ਜੰਮਿਆਂ
ਸ਼ਾਮ (ਸ਼੍ਰੀ ਕ੍ਰਿਸ਼ਨ) ਨੂੰ ਪਤੀ ਰੂਪ ‘ਚ ਸਵੀਕਾਰਦਿਆਂ –
ਡਾਕੀਏ ਨੂੰ ਦੋਸ਼ ਦਿੰਦੀ ਐ
ਤੇਰਾ ਸ਼ਾਮ ਚਿੱਠੀ ਨਾ ਪਾਵੇ
ਸਿੱਠਣੀਆਂ ਰਾਹੀਂ ਕੁੜਮਾਂ ਤੇ ਮੁੰਡੇ/ਦਾਦਕਿਆਂ ਨੂੰ ਠਿੱਠ ਕਰਦਿਆਂ –
ਉਠ ਨੀ ਜੀਤੋ ਤੇਰੇ ਮਾਮੇ ਆਏ
ਮਾਮੀਆਂ ਚੌਣੇ ਦੀਆਂ ਵੱਛੀਆਂ
ਮਾਮੇ ਚਾਰਦੇ ਆਏ
ਮਾਮੀਆਂ ਕਾਨ੍ਹਾਂ ਦੀਆਂ ਗੋਪੀਆਂ
ਨੀ ਮਾਮੇ ਨਾਨੀ ਦੇ ਜਾਏ
ਕੁੜੀ ਦੇ ਵਿਆਹ ਸਮੇਂ ਵਰ ਜਾਂ ਲਾੜੇ ਨੂੰ ਲਾਵਾਂ ਜਾਂ ਰੋਟੀ ਖਾਣ ਵੇਲੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ-
ਸੰਗਤ ਪੁੱਛਦੀ ਆ ਕੇਹੜਾ ਸਾਡਾ ਕਾਨ੍ਹ (ਕ੍ਰਿਸ਼ਨ) ਅੜੀਓ
ਜੇਹੜਾ ਵੱਗ ਵਿੱਚ ਫਿਰਦਾ ਆ ਸਾਨ੍ਹ ਅੜੀਓ।
ਸੰਗਤ ਪੁੱਛਦੀ ਆ ਸਤਰੰਗੀ ਸਾਡਾ ਕੇਹੜਾ ਜੀ
ਸ਼੍ਰੀ ਕ੍ਰਿਸ਼ਨ ਪੰਜਾਬੀ ਲੋਕ ਧਾਰਾ ਵਿੱਚ ਭਗਤੀ,ਮੁਹੱਬਤ,ਹਾਸਿਆਂ ਵਿੱਚ,ਪਤੀ ਭਾਵ ਤੋਂ ਲੈਕੇ ਪੁੱਤਰ ਤੱਕ ਹਰ ਰੂਪ ‘ਚ ਲੋਕ ਬੋਲੀਆਂ ‘ਚ ਹਾਜ਼ਰ ਹਨ। ਮਾਂ ਦਾ ਪੁੱਤ ਲਈ ਪਿਆਰ ਦਾ ਗੀਤ ਕੁਝ ਇੰਝ ਹੈ-
ਵੇ ਸ਼ਾਮਾਂ ! ਵੇ ਕ੍ਰਿਸ਼ਨਾ !
ਗੋਰਾ ਦੁੱਧ ਕਟੋਰੀ ਪਾਵਾਂ
ਚਿੱਟੀ ਚਿੱਟੀ ਖੰਡ ਰਲਾਵਾਂ
ਸ਼ਾਮ ਮੇਰਾ ਪੀਂਦਾ ਜਾਂਦਾ ਈ
ਇਕ ਸ਼ਰੀਕਣੀ ਦੌੜੀ ਦੌੜੀ ਆਈ
ਉਸਨੇ ਕਾਲਾ ਟਿੱਕਾ ਲਾਈ
ਭੈਣਾਂ ਜ਼ਰੂਰ ਨਜ਼ਰ ਉਸ ਨੇ ਲਾਈ
ਲੈ ਲਾ ਸ਼ਾਮ ਲੋਰੀਆਂ
ਜਿੰਨੀਆਂ ਦਵਾਂ ਉਨ੍ਹੀਆਂ ਥੋੜ੍ਹੀਆਂ
ਪੰਜਾਬੀ ਜ਼ਿੰਦਗੀ ਵਿੱਚ ਬਾਬਲ ਵੱਲੋਂ ਚੁਣਿਆਂ ਵਰ ਸ਼ਕਾਇਤ ਦੇ ਰੂਪ ਵਿੱਚ ਵੀ ਹੈ ਅਤੇ ਕੁੜੀ ਵੱਲੋਂ ਇੱਛਾ ਦੇ ਰੂਪ ਵਿੱਚ ਹੀ ਹੈ ਅਤੇ ਮਾਂ ਦੀ ਜਵਾਈ ਦੇ ਰੂਪ ਵਿੱਚ ਸੌਲਾਂ ਕਲਾਂ ਸੰਪਰੂਨ ਇੱਛਾ ਦੇ ਰੂਪ ਵਿੱਚ ਵੀ ਹੈ –
1.
ਮੈਂ ਕੀਕਣ ਪਰਖਾਂ ਨੀ,ਨੀ ਸਹੇਲੀਓ
ਮੇਰਾ ਬਾਬਲ ਬੈਠੇ ਕੋਲੇ ਨੀ ਸਹੀਓਂ
ਨੀ ਸਹੀਓਂ ਕਾਹਨ ਸੁਣੀਂਦਾ ਕਾਲਾ
ਨੀ ਸਹੇਲੀਓ ਕਾਹਨ ਦਾ ਰੰਗ ਕਾਲਾ
ਨੀ ਰਾਧਾ ਤੇਰੇ ਬਾਬਲ ਪਰਖਿਆ ਨੀ
ਨੀ ਮੇਰੀ ਸਾਹਿਬਾ ਬਾਬਲ ਪਰਖਿਆ ਨੀ।
2.
ਨਾ ਦੇਈਏ ਸ਼ਿਸ਼ਪਾਲ, ਨਾ ਦੇਈਏ ਅਸਲ ਨੂੰ
ਨਾ ਦਈਏ ਗੋਵਿੰਦ, ਕੰਨਿਆਂ ਦੇਈਏ ਕ੍ਰਿਸ਼ਨ ਨੂੰ
3.
ਬੇਟੀ ਕਿਹੋ ਜਿਹਾ ਵਰ ਲੋੜੀਏ ?
ਨੀ ਜਾਈਏ ਕਿਹੋ ਜਿਹਾ ਵਰ ਲੋੜੀਏ ?
ਬਾਬਲ ! ਜਿਉਂ ਤਾਰਿਆਂ ਵਿਚੋਂ ਚੰਨ
ਚੰਨਾਂ ਵਿਚੋਂ ਕਾਨ੍ਹ, ਕਨ੍ਹਈਆ ਵਰ ਲੋੜੀਏ
Janmashtami 2020: ਜਾਣੋ ਕਿਉਂ ਮਨਾਇਆ ਜਾਂਦਾ ਹੈ ਦਹੀਂ-ਹਾਂਡੀ ਉਤਸਵ, ਕਿਵੇਂ ਹੋਈ ਇਸ ਦੀ ਸ਼ੁਰੂਆਤ
NEXT STORY