ਅਜਿਹੀ ਮਾਨਤਾ ਹੈ ਕਿ ਸ਼੍ਰੀ ਰਾਮ ਦੇ ਸਪੁੱਤਰ ਲਵ ਨੇ ਲਾਹੌਰ ਦੀ ਬੁਨਿਆਦ ਰੱਖੀ ਸੀ। ਭਾਰਤ ਵੰਡ ਤੋਂ ਪਹਿਲਾਂ ਲਾਹੌਰ 'ਚ ਕਈ ਮੰਦਰਾਂ ਦੀ ਮੌਜੂਦਗੀ ਦੇ ਸਬੂਤ ਮਿਲਦੇ ਹਨ ਪਰ ਵੰਡ ਦਾ ਨਤੀਜਾ ਇਹ ਨਿਕਲਿਆ ਕਿ ਪੂਰਬੀ ਅਤੇ ਪੱਛਮੀ ਪੰਜਾਬ 'ਚ ਕਈ ਧਾਰਮਿਕ ਸਥਾਨਾਂ ਦੀ ਹੋਂਦ ਖ਼ਤਰੇ 'ਚ ਪੈ ਗਈ। ਕੁਝ ਸਾਲ ਪਹਿਲਾਂ ਤੱਕ ਲਾਹੌਰ 'ਚ ਸਿਰਫ਼ ਸ਼੍ਰੀ ਕ੍ਰਿਸ਼ਨ ਮੰਦਰ 'ਚ ਹੀ ਭਾਰਤੀ ਸ਼ਰਧਾਲੂਆਂ ਨੂੰ ਜਥਿਆਂ ਨਾਲ ਆਉਣ 'ਤੇ ਪ੍ਰਵੇਸ਼ ਦੀ ਇਜਾਜ਼ਤ ਹੁੰਦੀ ਸੀ। ਇਹ ਮੰਦਰ ਟਿੰਬਰ ਮਾਰਕੀਟ ਦੇ ਸਾਹਮਣੇ ਰਾਵੀ ਰੋਡ 'ਤੇ ਸਥਿਤ ਹੈ।
ਇਸ ਮੰਦਰ ਦਾ ਪ੍ਰਬੰਧ ਅਤੇ ਸਾਂਭ-ਸੰਭਾਲ ਵਕਫ ਬੋਰਡ ਵੱਲੋਂ ਕੀਤਾ ਜਾਂਦਾ ਹੈ। ਬੋਰਡ ਨੇ 2005 'ਚ ਇਸ ਦੇ ਨਵੀਨੀਕਰਨ ਲਈ 12 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਸੀ। 2006 'ਚ ਬਾਬਰੀ ਮਸਜਿਦ ਵਿਵਾਦ ਕਾਰਨ ਇਹ ਮੰਦਰ ਮੀਡੀਆ 'ਚ ਢਾਹੇ ਜਾਣ ਦੀਆਂ ਅਫਵਾਹਾਂ ਕਾਰਨ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣ ਗਿਆ। ਪਾਕਿਸਤਾਨ ਘੱਟ ਗਿਣਤੀ ਕਲਿਆਣ ਪ੍ਰੀਸ਼ਦ ਦੇ ਜਨਰਲ ਸਕੱਤਰ ਓਮ ਪ੍ਰਕਾਸ਼ ਨਾਰਾਇਣ ਨੇ ਵਿਵਾਦਿਤ ਸਥਾਨ 'ਤੇ ਨਿਰਮਾਣ ਰੋਕਣ ਲਈ ਲਾਹੌਰ ਹਾਈ ਕੋਰਟ 'ਚ 16 ਜੂਨ, 2006 ਨੂੰ ਪਟੀਸ਼ਨ ਦਾਇਰ ਕਰ ਦਿੱਤੀ ਪਰ 15 ਦਿਨਾਂ ਬਾਅਦ ਸਥਿਤੀ ਸਪੱਸ਼ਟ ਹੋਈ ਤਾਂ ਇਹ ਕਹਿੰਦੇ ਹੋਏ ਕਿ ਮੰਦਰ ਤਾਂ ਕਾਇਮ ਹੈ, ਉਨ੍ਹਾਂ ਨੇ ਪਟੀਸ਼ਨ ਵਾਪਸ ਲੈ ਲਈ। ਜਿਸ ਸ਼ਾਪਿੰਗ ਮਾਲ ਦਾ ਨਿਰਮਾਣ ਵਿਵਾਦ ਦੀ ਜੜ੍ਹ ਸੀ, ਉਹ ਮੰਦਰ ਵਾਲੀ ਥਾਂ ਤੋਂ ਕਾਫੀ ਦੂਰੀ 'ਤੇ ਬਣ ਰਿਹਾ ਹੈ।
ਇਸ ਵਾਰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਜੋ ਭਾਰਤੀ ਜਥਾ ਪਾਕਿਸਤਾਨ ਗਿਆ, ਉਸ ਵਿਚ ਸ਼ਾਮਲ ਰਾਜੀਵ ਨਾਗਪਾਲ ਦਾ ਕਹਿਣਾ ਹੈ ਕਿ ਸ਼੍ਰੀ ਕ੍ਰਿਸ਼ਨ ਮੰਦਰ ਦੇ ਦਰਸ਼ਨ ਲਈ ਪਹਿਲਾਂ ਤੋਂ ਜ਼ਿਆਦਾ ਨਰਮ ਰਵੱਈਆ ਸਰਕਾਰ ਨੇ ਦਿਖਾਇਆ ਪਰ ਇਸ ਮੰਦਰ ਦੇ ਇੰਚਾਰਜ ਅਤੇ ਪਾਕਿਸਤਾਨ ਹਿੰਦੂ ਕਾਊਂਸਲ ਦੇ ਪ੍ਰਧਾਨ ਡਾ. ਮਨੋਹਰ ਚਾਂਦ ਦੀ ਕਮੀ ਰੜਕ ਰਹੀ ਸੀ। ਡਾ. ਚਾਂਦ ਦਾ ਪਿਛਲੇ ਸਾਲ ਮਾਰਚ ਮਹੀਨੇ 'ਚ ਦਿਹਾਂਤ ਹੋ ਗਿਆ ਸੀ। ਵਕਫ ਬੋਰਡ ਦੇ ਅਧਿਕਾਰੀਆਂ ਤੇ ਮੰਦਰ ਦੇ ਪੁਜਾਰੀ ਕਾਂਸ਼ੀ ਰਾਮ ਦੇ ਪਰਿਵਾਰ ਨੇ ਸ਼ਰਧਾਲੂਆਂ ਦੇ ਸਵਾਗਤ 'ਚ ਕੋਈ ਕਸਰ ਬਾਕੀ ਨਹੀਂ ਰੱਖੀ। ਭਜਨ ਕੀਰਤਨ ਦਾ ਆਨੰਦ ਵੀ ਸਾਰੇ ਸ਼ਰਧਾਲੂਆਂ ਨੇ ਚੁੱਕਿਆ। ਸਾਂਭ-ਸੰਭਾਲ 'ਚ ਵੀ ਕੋਈ ਕਮੀ ਨਜ਼ਰ ਨਹੀਂ ਆਈ।
ਇਕ ਹੋਰ ਯਾਤਰੀ ਸੰਜੇ ਗਰਗ ਦੇ ਕਹੇ ਅਨੁਸਾਰ ਯਾਤਰੀਆਂ ਲਈ ਖੁਸ਼ੀ ਦਾ ਵਿਸ਼ਾ ਇਹ ਵੀ ਸੀ ਕਿ ਲਵ-ਕੁਸ਼ ਦੀ ਸਮਾਧੀ 'ਤੇ ਜਾਣ ਅਤੇ ਭਜਨ-ਕੀਰਤਨ ਕਰਨ ਦੀ ਛੋਟ ਮਿਲੀ। ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਸ਼੍ਰੀ ਕ੍ਰਿਸ਼ਨ ਮੰਦਰ ਤੋਂ ਇਲਾਵਾ ਹੁਣ ਲਾਹੌਰ ਦੇ ਅਨਾਰਕਲੀ ਬਾਜ਼ਾਰ 'ਚ ਸਥਿਤ 1200 ਸਾਲ ਪੁਰਾਣਾ ਵਾਲਮੀਕਿ ਮੰਦਰ ਵੀ ਪੂਰੀ ਤਰ੍ਹਾਂ ਅਧਿਆਤਮਕ ਤੇ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਹੈ। ਇਸ ਮੰਦਰ 'ਚ ਕਾਲੀ ਮਾਤਾ, ਮਾਤਾ ਸ਼ੇਰਾਂਵਾਲੀ, ਸ਼ਿਵ-ਪਾਰਵਤੀ, ਲਕਸ਼ਮੀ-ਨਾਰਾਇਣ, ਮਾਂ ਸਰਸਵਤੀ ਤੇ ਸ਼੍ਰੀ ਰਾਮ ਚੰਦਰ ਦੇ ਚਿੱਤਰ ਵੀ ਮੌਜੂਦ ਹਨ।
ਪਾਕਿਸਤਾਨ ਦੀ ਇਕ ਪੱਤਰਕਾਰ ਸਨਾ ਅਮਜਦ ਨੇ ਇਸ ਮੰਦਰ ਦੇ ਪੁਜਾਰੀ ਪੰਡਿਤ ਭਜਨ ਲਾਲ ਨਾਲ ਇੰਟਰਵਿਊ 'ਚ ਮੰਦਰ ਦੇ ਸਦੀਆਂ ਪੁਰਾਣੇ ਇਤਿਹਾਸ ਅਤੇ ਮਾਨਤਾ 'ਤੇ ਵਿਸਥਾਰਪੂਰਵਕ ਚਰਚਾ ਦੌਰਾਨ ਇਹ ਸਪੱਸ਼ਟ ਕਰਨ ਦਾ ਯਤਨ ਕੀਤਾ ਕਿ 4 ਅਗਸਤ, 2022 ਨੂੰ ਜਦੋਂ ਇਸ ਮੰਦਰ ਦੀ ਜ਼ਿੰਮੇਵਾਰੀ ਵਕਫ ਬੋਰਡ ਕੋਲ ਵਾਪਸ ਆਈ ਤਾਂ ਘੱਟ ਗਿਣਤੀ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀ।
ਇਕ ਈਸਾਈ ਪਰਿਵਾਰ ਨੇ ਇਸ ਮੰਦਰ ਕੰਪਲੈਕਸ 'ਤੇ ਆਪਣਾ ਕਬਜ਼ਾ ਜਤਾਉਂਦੇ ਹੋਏ 2010 ਤੋਂ ਕਾਨੂੰਨੀ ਲੜਾਈ ਸ਼ੁਰੂ ਕੀਤੀ ਹੋਈ ਸੀ, ਜਿਸ ਕਾਰਨ ਇਥੇ ਪੂਜਾ-ਪਾਠ ਕਰਨਾ ਜਾਂ ਦਰਸ਼ਨ ਲਈ ਪ੍ਰਵੇਸ਼ ਦੀ ਇਜਾਜ਼ਤ ਨਹੀਂ ਸੀ। ਵਕਫ ਬੋਰਡ ਦੇ ਬੁਲਾਰੇ ਆਮਿਰ ਹਾਸ਼ਮੀ ਦਾ ਕਹਿਣਾ ਸੀ ਕਿ ਅਦਾਲਤ ਨੇ ਈਸਾਈ ਪਰਿਵਾਰ ਦੀ ਨਾ ਸਿਰਫ਼ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਸਗੋਂ ਝੂਠਾ ਦਾਅਵਾ ਕਰਨ ਲਈ ਫਿਟਕਾਰ ਵੀ ਲਗਾਈ।
4 ਅਗਸਤ, 2022 ਨੂੰ ਜਦੋਂ ਭਗਵਾਨ ਵਾਲਮੀਕਿ ਮੰਦਰ ਦੁਬਾਰਾ ਵਕਫ ਬੋਰਡ ਨੇ ਸੰਭਾਲਿਆ ਤਾਂ ਆਯੋਜਿਤ ਸ਼ਾਨਦਾਰ ਪ੍ਰੋਗਰਾਮ 'ਚ 100 ਹਿੰਦੂਆਂ ਤੋਂ ਇਲਾਵਾ ਸਿੱਖ, ਈਸਾਈ ਤੇ ਮੁਸਲਿਮ ਨੇਤਾ ਵੀ ਮੌਜੂਦ ਸਨ। ਬੋਰਡ ਨੇ ਭਰੋਸਾ ਦਿੱਤਾ ਹੈ ਕਿ ਇਕ ਯੋਜਨਾਬੱਧ ਤਰੀਕੇ ਨਾਲ ਇਸ ਮੰਦਰ ਦਾ ਨਵੀਨੀਕਰਨ ਕੀਤਾ ਜਾਏਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰ੍ਹਾਂ ਹੁਣ ਪਾਕਿਸਤਾਨ ਹਿੰਦੂ ਮੰਦਰ ਕਮੇਟੀ ਦਾ ਵੀ ਕਾਨੂੰਨੀ ਤੌਰ ’ਤੇ ਗਠਨ ਕਰ ਦਿੱਤਾ ਗਿਆ ਹੈ। ਇਸ ਦੇ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੂੰ ਵਿਸ਼ਵਾਸ ਹੈ ਕਿ ਭਾਵੇਂ ਲਾਹੌਰ 'ਚ ਦੋ ਵੱਡੇ ਮੰਦਰਾਂ 'ਚ ਹੀ ਰੌਣਕ ਦਿਖਾਈ ਦਿੰਦੀ ਹੈ ਪਰ ਸਰਕਾਰ ਦੇ ਸਹਿਯੋਗ ਨਾਲ ਇਨ੍ਹਾਂ ਦਾ ਵਿਕਾਸ ਹੋਣ 'ਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਵੀ ਇਨ੍ਹਾਂ ਦੇ ਦਰਸ਼ਨ ਕੀਤੇ ਬਿਨਾਂ ਆਪਣੀ ਯਾਤਰਾ ਅਧੂਰੀ ਸਮਝਣਗੇ।
—ਰਾਜ ਸਦੋਸ਼
ਵਿਆਹੁਤਾ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੇਗਾ ਚਾਂਦੀ ਦਾ ਮੋਰ, ਜਾਣੋ ਕਿੱਥੇ ਰੱਖੀਏ ਇਸ ਨੂੰ
NEXT STORY