ਚਿੰਤਪੂਰਨੀ ਮੰਦਰ ਸ਼ਕਤੀ ਪੀਠ ਮੰਦਰਾਂ 'ਚੋਂ ਇਕ ਹੈ। ਪੂਰੇ ਭਾਰਤ 'ਚ ਕੁਲ 51 ਸ਼ਕਤੀਪੀਠ ਹਨ, ਇਨ੍ਹਾਂ ਸਾਰਿਆਂ ਦੀ ਉਤਪਤੀ ਦੀ ਕਹਾਣੀ ਇਕ ਹੀ ਹੈ। ਇਸ ਥਾਂ 'ਤੇ ਕੁਦਰਤ ਦਾ ਸੁੰਦਰ ਨਜ਼ਾਰਾ ਦੇਖਣ ਨੂੰ ਮਿਲ ਜਾਂਦਾ ਹੈ। ਯਾਤਰਾ 'ਚ ਮਨਮੋਹਕ ਦ੍ਰਿਸ਼ ਯਾਤਰੀਆਂ ਦਾ ਮਨ ਮੋਹ ਲੈਂਦੇ ਹਨ। ਇਥੇ ਆ ਕੇ ਮਾਤਾ ਦੇ ਭਗਤਾਂ ਨੂੰ ਅਧਿਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਇਹ ਸਾਰੇ ਮੰਦਰ ਸ਼ਿਵ ਅਤੇ ਸ਼ਕਤੀ ਨਾਲ ਜੁੜੇ ਹੋਏ ਹਨ। ਧਾਰਮਿਕ ਗ੍ਰੰਥਾਂ ਅਨੁਸਾਰ ਇਨ੍ਹਾਂ ਸਾਰੀਆਂ ਥਾਵਾਂ 'ਤੇ ਦੇਵੀ ਦੇ ਅੰਗ ਡਿੱਗੇ ਸਨ। ਸ਼ਿਵ ਜੀ ਦੇ ਸਹੁਰੇ ਰਾਜਾ ਦਕਸ਼ ਨੇ ਯੱਗ ਦਾ ਆਯੋਜਨ ਕੀਤਾ, ਜਿਸ 'ਚ ਉਨ੍ਹਾਂ ਨੇ ਸ਼ਿਵਜੀ ਅਤੇ ਸਤੀ ਜੀ ਨੂੰ ਸੱਦਾ ਨਹੀਂ ਦਿੱਤਾ, ਕਿਉਂਕਿ ਉਹ ਸ਼ਿਵ ਜੀ ਨੂੰ ਆਪਣੇ ਬਰਾਬਰ ਨਹੀਂ ਸਮਝਦੇ ਸਨ। ਇਹ ਗੱਲ ਸਤੀ ਨੂੰ ਕਾਫੀ ਬੁਰੀ ਲੱਗੀ। ਉਹ ਬਿਨਾਂ ਬੁਲਾਏ ਯੱਗ 'ਚ ਪਹੁੰਚ ਗਈ, ਜਿਥੇ ਸ਼ਿਵ ਜੀ ਦਾ ਕਾਫੀ ਅਪਮਾਨ ਕੀਤਾ ਗਿਆ। ਇਸ ਨੂੰ ਸਤੀ ਸਹਿਣ ਨਹੀਂ ਕਰ ਸਕੀ ਅਤੇ ਉਹ ਹਵਨ ਕੁੰਡ 'ਚ ਕੁੱਦ ਗਈ।
ਜਦੋਂ ਭਗਵਾਨ ਸ਼ੰਕਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਤੀ ਦੇ ਸਰੀਰ ਨੂੰ ਹਵਨ ਕੁੰਡ 'ਚੋਂ ਕੱਢ ਕੇ ਤਾਂਡਵ ਕਰਨ ਲੱਗੇ, ਜਿਸ ਕਾਰਨ ਸਾਰੇ ਬ੍ਰਹਿਮੰਡ 'ਚ ਹਾਹਾਕਾਰ ਮਚ ਗਿਆ। ਪੂਰੇ ਬ੍ਰਹਿਮੰਡ ਨੂੰ ਇਸ ਸੰਕਟ ਤੋਂ ਬਚਾਉਣ ਲਈ ਭਗਵਾਨ ਵਿਸ਼ਣੂ ਨੇ ਸਤੀ ਦੇ ਸਰੀਰ ਨੂੰ ਆਪਣੇ ਸੁਦਰਸ਼ਨ ਚੱਕਰ ਨਾਲ 51 ਹਿੱਸਿਆਂ 'ਚ ਵੰਡ ਦਿੱਤਾ। ਜੋ ਅੰਗ ਜਿਥੇ ਡਿੱਗੇ ਉਹ ਸ਼ਕਤੀਪੀਠ ਬਣ ਗਿਆ। ਮਾਨਤਾ ਹੈ ਕਿ ਚਿੰਤਪੂਰਨੀ 'ਚ ਮਾਤਾ ਸਤੀ ਦੇ ਚਰਨ ਡਿੱਗੇ ਸਨ। ਇਨ੍ਹਾਂ ਨੂੰ ਛਿੰਨਮਸਤਿਕਾ ਦੇਵੀ ਵੀ ਕਿਹਾ ਜਾਂਦਾ ਹੈ। ਚਿੰਤਪੂਰਨੀ ਦੇਵੀ ਮੰਦਰ ਦੇ ਚਾਰੋਂ ਪਾਸੇ ਭਗਵਾਨ ਸ਼ੰਕਰ ਦੇ ਮੰਦਰ ਹਨ।
ਚਿੰਤਪੂਰਨੀ ਮੰਦਰ ਸੋਲਾ ਸਿੰਘੀ ਸ਼੍ਰੇਣੀ ਦੀ ਪਹਾੜੀ 'ਤੇ ਸਥਿਤ ਹੈ। ਭਰਵਈ ਪਿੰਡ ਹੁਸ਼ਿਆਰਪੁਰ-ਧਰਮਸ਼ਾਲਾ ਰੋਡ 'ਤੇ ਸਥਿਤ ਹੈ। ਇਥੋਂ ਚਿੰਤਪੂਰਨੀ 3 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਰੋਡ ਸੂਬਾ ਮਾਰਗ ਨਾਲ ਜੁੜਿਆ ਹੋਇਆ ਹੈ। ਸੈਲਾਨੀ ਆਪਣੇ ਨਿੱਜੀ ਵਾਹਨਾਂ ਨਾਲ ਚਿੰਤਪੂਰਨੀ ਬੱਸ ਸਟੈਂਡ ਤਕ ਜਾ ਸਕਦੇ ਹਨ। ਬੱਸ ਸਟੈਂਡ ਚਿੰਤਪੂਰਨੀ ਮੰਦਰ ਤੋਂ 1.5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਚੜ੍ਹਾਈ ਦਾ ਅੱਧਾ ਰਾਹ ਸਿੱਧਾ ਹੈ ਅਤੇ ਉਸ ਤੋਂ ਬਾਅਦ ਦਾ ਰਾਹ ਪੌੜੀਆਂ ਵਾਲਾ ਹੈ।
ਗਰਮੀ 'ਚ ਮੰਦਰ ਦੇ ਖੁੱਲ੍ਹਣ ਦਾ ਸਮਾਂ ਸਵੇਰੇ 4 ਵਜੇ ਤੋਂ ਰਾਤ 11 ਵਜੇ ਤਕ ਹੈ ਅਤੇ ਸਰਦੀਆਂ 'ਚ ਸਵੇਰੇ 5 ਵਜੇ ਤੋਂ ਰਾਤ 10 ਵਜੇ ਤਕ ਦਾ ਹੈ। ਦੁਪਹਿਰ 12 ਵਜੇ ਤੋਂ 12.30 ਤਕ ਭੋਗ ਲਾਇਆ ਜਾਂਦਾ ਹੈ ਅਤੇ 7.30 ਤੋਂ 8.30 ਤਕ ਸ਼ਾਮ ਦੀ ਆਰਤੀ ਹੁੰਦੀ ਹੈ। ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂ ਮਾਤਾ ਲਈ ਭੋਗ ਦੇ ਰੂਪ ਸੂਜੀ ਦਾ ਹਲਵਾ, ਲੱਡੂ, ਬਰਫੀ, ਬਤਾਸ਼ਾ, ਨਾਰੀਅਲ ਆਦਿ ਲਿਆਉਂਦੇ ਹਨ। ਕੁਝ ਸ਼ਰਧਾਲੂ ਆਪਣੀ ਮੰਨਤ ਪੂਰੀ ਹੋ ਜਾਣ 'ਤੇ ਝੰਡੇ ਅਤੇ ਲਾਲ ਚੁੰਨੀ ਮਾਤਾ ਨੂੰ ਭੇਟ ਕਰਕੇ ਪ੍ਰਦਾਨ ਕਰਦੇ ਹਨ।
ਮੰਦਰ ਦੇ ਮੁੱਖ ਦੁਆਰ 'ਤੇ ਦਾਖਲ ਕਰਦੇ ਸਿੱਧੇ ਹੱਥ 'ਤੇ ਤੁਹਾਨੂੰ ਇਕ ਪੱਥਰ ਦਿਖਾਈ ਦੇਵੇਗਾ। ਇਹ ਪੱਥਕ ਮਾਈਦਾਸ ਦਾ ਹੈ। ਇਹ ਉਹੀ ਥਾਂ ਹੈ, ਜਿਥੇ ਮਾਤਾ ਨੇ ਭਗਤ ਮਾਈਦਾਸ ਨੂੰ ਦਰਸ਼ਨ ਦਿੱਤੇ ਸਨ। ਭਵਨ ਦੇ ਵਿਚਾਲੇ ਮਾਤਾ ਦੀ ਗੋਲ ਆਕਾਰ ਦੀ ਪਿੰਡੀ ਹੈ, ਜਿਸ ਦੇ ਦਰਸ਼ਨ ਭਗਤ ਲਾਈਨ 'ਚ ਲੱਗ ਕੇ ਕਰਦੇ ਹਨ। ਸ਼ਰਧਾਲੂ ਮੰਦਰ ਦੀ ਪਰਿਕਰਮਾ ਕਰਦੇ ਹਨ। ਮਾਤਾ ਦੇ ਭਗਤ ਮੰਦਰ ਦੇ ਅੰਦਰ ਨਿਰੰਤਰ ਭਜਨ ਕੀਰਤਨ ਕਰਦੇ ਹਨ। ਮੰਦਰ ਨਾਲ ਵਟ ਦਾ ਰੁੱਖ ਹੈ, ਜਿਥੇ ਸ਼ਰਧਾਲੂ ਕੱਚੀ ਮੌਲੀ ਆਪਣੀ ਮਨੋਕਾਮਨਾ ਦੀ ਪੂਰਤੀ ਲਈ ਬੰਨ੍ਹਦੇ ਹਨ। ਪੱਛਮ ਵੱਲ ਵਧਣ 'ਤੇ ਬੋਹੜ ਦਾ ਰੁੱਖ ਹੈ, ਜਿਸ ਦੇ ਅੰਦਰ ਭੈਰੋ ਅਤੇ ਗਣੇਸ਼ ਦੇ ਦਰਸ਼ਨ ਹੁੰਦੇ ਹਨ।
ਮੰਦਰ ਦੇ ਮੁੱਖ ਦੁਆਰ 'ਤੇ ਸੋਨੇ ਦੀ ਪਰਤ ਚੜ੍ਹੀ ਹੋਈ ਹੈ। ਇਸ ਮੁੱਖ ਦੁਆਰ ਦੀ ਵਰਤੋਂ ਨਰਾਤਿਆਂ 'ਚ ਕੀਤੀ ਜਾਂਦੀ ਹੈ, ਜੇਕਰ ਮੌਸਮ ਸਾਫ ਹੋਵੇ ਤਾਂ ਤੁਸੀਂ ਇਥੋਂ ਧੌਲਧਾਰ ਪਰਬਤ ਸ਼੍ਰੇਣੀ ਨੂੰ ਦੇਖ ਸਕਦੇ ਹੋ। ਮੰਦਰ ਦੀਆਂ ਪੌੜੀਆਂ ਉਤਰਦੇ ਸਮੇਂ ਉੱਤਰ ਦਿਸ਼ਾ 'ਚ ਪਾਣੀ ਦਾ ਤਾਲਾਬ ਹੈ। ਪੰਡਿਤ ਮਾਈਦਾਸ ਦੀ ਸਮਾਧੀ ਵੀ ਤਾਲਾਬ ਦੇ ਪੱਛਮ ਦਿਸ਼ਾ ਵੱਲ ਹੈ। ਪੰਡਿਤ ਮਾਈਦਾਸ ਵਲੋਂ ਹੀ ਮਾਤਾ ਦੇ ਇਸ ਪਾਵਨ ਧਾਮ ਦੀ ਖੋਜ ਕੀਤੀ ਗਈ ਸੀ। ਇਥੇ ਰਹਿਣ ਲਈ ਕਾਫੀ ਗਿਣਤੀ 'ਚ ਹੋਟਲ ਅਤੇ ਧਰਮਸ਼ਾਲਾਵਾਂ ਹਨ। ਚਿੰਤਪੂਰਨੀ ਮੰਦਰ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਹਿਮਾਚਲ ਟੂਰਿਜ਼ਮ ਵਿਭਾਗ ਦਾ ਯਾਤਰੀ ਨਿਵਾਸ ਹੈ।
ਚਿੰਤਪੂਰਨੀ ਤਕ ਪਹੁੰਚਣ ਲਈ ਕਾਫੀ ਰਾਹ ਹਨ। ਜੇਕਰ ਤੁਸੀਂ ਦਿੱਲੀ ਤੋਂ ਚਿੰਤਪੂਰਨੀ ਆਉਂਦੇ ਹੋ ਤਾਂ ਤੁਹਾਨੂੰ ਦਿੱਲੀ ਤੋਂ ਚੰਡੀਗੜ੍ਹ, ਰੋਪੜ, ਨੰਗਲ, ਊਨਾ, ਮੁਬਾਰਕਪੁਰ, ਭਰਵਈ ਹੁੰਦੇ ਹੋਏ ਚਿੰਤਪੂਰਨੀ ਆਉਣਾ ਹੁੰਦਾ ਹੈ। ਤੁਸੀਂ ਸੜਕੀ ਮਾਰਗ ਤੈਅ ਕਰਕੇ 5 ਘੰਟੇ 'ਚ ਚੰਡੀਗੜ੍ਵ ਤੋਂ ਚਿੰਤਪੂਰਨੀ ਪਹੁੰਚ ਸਕਦੇ ਹੋ। ਚਿੰਤਪੂਰਨੀ ਤਕ ਜਾਣ ਲਈ ਨੇੜਲੇ ਹਵਾਈ ਅੱਡੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਹੈ। ਇਥੋਂ ਸੜਕੀ ਮਾਰਗ ਤੋਂ ਚਿੰਤਪੂਰਨੀ ਤਕ ਆਸਾਨੀ ਨਾਲ ਜਾ ਸਕਦੇ ਹਨ।
ਜੀਵਨ ਧੀਮਾਨ
ਰੋਗਾਂ ਤੋਂ ਮੁਕਤੀ ਅਤੇ ਧੰਨ ਦੀ ਪ੍ਰਾਪਤੀ ਲਈ ਐਤਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ
NEXT STORY