ਜਲੰਧਰ (ਪੁਨੀਤ)– ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੀ ਸ਼ਾਮ 5 ਵਜੇ ਤੋਂ ਬਾਅਦ ਤਕ ਚੱਲੀ ਹੜਤਾਲ ਨਾਲ ਸਰਕਾਰੀ ਬੱਸਾਂ ਦੀ 75-80 ਫ਼ੀਸਦੀ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ 2600 ਕਾਊਂਟਰ ਟਾਈਮ ਮਿਸ ਹੋਏ ਅਤੇ ਵਿਭਾਗ ਨੂੰ 1.83 ਕਰੋੜ ਤੋਂ ਵੱਧ ਦਾ ਵਿੱਤੀ ਨੁਕਸਾਨ ਝੱਲਣਾ ਪਿਆ। ਦੂਜੇ ਪਾਸੇ ਹੜਤਾਲ ਕਾਰਨ ਆਪਣੇ ਰੂਟ ਦੀਆਂ ਬੱਸਾਂ ਲੱਭ ਰਹੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ ਅਤੇ ਲੋਕ ਵਿਭਾਗੀ ਨੀਤੀਆਂ ਨੂੰ ਨਿੰਦਦੇ ਨਜ਼ਰ ਆਏ। ਡਿਪੂਆਂ ਦੇ ਸਾਹਮਣੇ ਯੂਨੀਅਨ ਨੇ ਧਰਨੇ ਦੌਰਾਨ ਵਿਭਾਗੀ ਨੀਤੀਆਂ ਖਿ਼ਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਵਿਰੋਧ ਜਤਾਇਆ। ਹੜਤਾਲ ਦੌਰਾਨ ਰੋਡਵੇਜ਼ ਦੇ ਪੱਕੇ ਕਰਮਚਾਰੀਆਂ ਵੱਲੋਂ ਬੱਸਾਂ ਚਲਾਈਆਂ ਗਈਆਂ ਪਰ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਰਹੀ। ਦੂਜੇ ਪਾਸੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਦੇ ਬਾਵਜੂਦ ਯਾਤਰੀਆਂ ਦੀ ਡਿਮਾਂਡ ਪੂਰੀ ਨਹੀਂ ਹੋ ਸਕੀ, ਜਿਸ ਕਾਰਨ ਕਾਊਂਟਰਾਂ ’ਤੇ ਭਾਰੀ ਰਸ਼ ਦੇਖਣ ਨੂੰ ਮਿਲਿਆ। ਹੜਤਾਲ ਕਾਰਨ 3000 ਤੋਂ ਵੱਧ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ ਹੈ ਅਤੇ 6800 ਠੇਕਾ ਕਰਮਚਾਰੀਆਂ ਨੇ ਕੰਮਕਾਜ ਦਾ ਬਾਈਕਾਟ ਕੀਤਾ।
ਪਨਬੱਸ-ਪੀ. ਆਰ. ਟੀ. ਸੀ. ਯੂਨੀਅਨ ਦੇ ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਦਿਲਰਾਜ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਮੰਨੀਆਂ ਗਈਆਂ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ 10 ਜੁਲਾਈ ਤਕ ਦਾ ਸਮਾਂ ਲਿਆ ਗਿਆ ਹੈ। ਯੂਨੀਅਨ ਨੇ ਵਿਭਾਗ ਤੋਂ ਮੰਗਾਂ ਮੰਨਣ ਸਬੰਧੀ ਲਿਖਤੀ ਚਿੱਠੀ ਲੈ ਕੇ ਹੜਤਾਲ ਵਾਪਸ ਲੈ ਲਈ ਅਤੇ ਦੋ-ਟੁੱਕ ਕਿਹਾ ਕਿ ਜੇਕਰ ਤੈਅ ਸਮੇਂ ਦੌਰਾਨ ਮੰਗਾਂ ਲਾਗੂ ਨਾ ਹੋਈਆਂ ਤਾਂ 11 ਜੁਲਾਈ ਨੂੰ ਬਿਨਾਂ ਅਗਾਊਂ ਸੂਚਨਾ ਦੇ ਦੋਬਾਰਾ ਹੜਤਾਲ ਕੀਤੀ ਜਾਵੇਗੀ। ਪੈਨਲ ਮੀਟਿੰਗ ’ਤੇ ਪਹੁੰਚੇ ਸਰਪ੍ਰਸਤ ਕਮਲ ਕੁਮਾਰ, ਪ੍ਰਧਾਨ ਰੇਸ਼ਮ ਸਿੰਘ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ, ਕੈਸ਼ੀਅਰ ਬਲਜਿੰਦਰ ਸਿੰਘ ਅਤੇ ਰਮਨਦੀਪ ਸਿੰਘ ਨੇ ਕਰਮਚਾਰੀਆਂ ਦੀਆਂ ਮੰਗਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ। ਹੜਤਾਲ ਤਹਿਤ ਯੂਨੀਅਨ ਮੈਂਬਰਾਂ ਵੱਲੋਂ ਡਿਪੂ ਨੰਬਰ 1 ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ। ਯੂਨੀਅਨ ਦੇ ਸੂਬਾਈ ਕਾਰਜਕਾਰਨੀ ਮੈਂਬਰ ਚਾਨਣ ਸਿੰਘ ਚੰਨਾ, ਦਲਜੀਤ ਸਿੰਘ ਜੱਲੇਵਾਲ, ਡਿਪੂ-2 ਦੇ ਪ੍ਰਧਾਨ ਸਤਪਾਲ ਸਿੰਘ ਸੱਤਾ, ਡਿਪੂ-1 ਤੋਂ ਗੁਰਪ੍ਰੀਤ ਸਿੰਘ ਭੁੱਲਰ ਤੋਂ ਇਲਾਵਾ ਸੀਨੀਅਰ ਆਗੂ ਬਲਵਿੰਦਰ ਸਿੰਘ ਰਾਠ ਨੇ ਸੰਬੋਧਨ ਕੀਤਾ। ਇਸ ਦੌਰਾਨ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਸੂਬੇ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਹੋਈ ਭਾਰੀ ਪ੍ਰੇਸ਼ਾਨੀ
ਹੜਤਾਲ ਦੌਰਾਨ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਜਾਰੀ ਰਹੀ ਪਰ ਹਿਮਾਚਲ, ਉੱਤਰਾਖੰਡ, ਹਰਿਆਣਾ, ਦਿੱਲੀ ਅਤੇ ਦੂਜੇ ਸੂਬਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ। ਯਾਤਰੀ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ’ਤੇ ਨਿਰਭਰ ਰਹੇ, ਜਿਸ ਕਾਰਨ ਬੱਸ ਅੱਡੇ ਵਿਚ ਆਉਣ ਵਾਲੀਆਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿਚ ਭਾਰੀ ਭੀੜ ਦੇਖਣ ਨੂੰ ਮਿਲੀ। ਪ੍ਰਾਈਵੇਟ ਕੋਲ ਨਾਮਾਤਰ ਪਰਮਿਟ ਹੋਣ ਕਾਰਨ ਦੂਜੇ ਸੂਬਿਆਂ ਨੂੰ ਜਾਣ ਵਾਲੇ ਯਾਤਰੀ ਸਰਕਾਰੀ ਬੱਸਾਂ ਦੀ ਵਰਤੋਂ ਕਰਦੇ ਹਨ। ਚੱਕਾ ਜਾਮ ਦੌਰਾਨ ਬਾਹਰ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ ਅਤੇ ਕਈਆਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ।
ਵਿਭਾਗ ਨਾਲ ਇਨ੍ਹਾਂ ਮੁੱਖ ਮੰਗਾਂ ’ਤੇ ਬਣੀ ਸਹਿਮਤੀ
ਮੀਟਿੰਗ ਦੌਰਾਨ ਮੁੱਖ ਤੌਰ ’ਤੇ ਤਨਖ਼ਾਹ ਸੋਧ ਅਤੇ ਹਰ ਸਾਲ ਤਨਖਾਹ ਵਿਚ 5 ਫ਼ੀਸਦੀ ਵਾਧੇ ਦੀ ਗੱਲ ’ਤੇ ਸਹਿਮਤੀ ਬਣੀ ਹੈ। ਉਥੇ ਹੀ, ਬਲੈਕਲਿਸਟ ਕੀਤੇ ਗਏ ਕਰਮਚਾਰੀਆਂ ਨੂੰ ਬਹਾਲ ਕਰਨ ’ਤੇ ਵਿਭਾਗੀ ਅਧਿਕਾਰੀਆਂ ਨੇ ਡਿਪੂਆਂ ਤੋਂ ਰਿਪੋਰਟ ਮੰਗਵਾਈ। ਯੂਨੀਅਨ ਦਾ ਕਹਿਣਾ ਹੈ ਕਿ ਵਿਭਾਗ ਵਿਚ ਪਿਛਲੇ 10-15 ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਵੱਖ-ਵੱਖ ਕੇਸ ਬਣਾ ਕੇ ਬਲੈਕਲਿਸਟ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬਹਾਲ ਕਰਨਾ ਸਮੇਂ ਦੀ ਲੋੜ ਹੈ। ਇਸ ਨਾਲ ਵਿਭਾਗ ਵਿਚ ਸਟਾਫ਼ ਦੀ ਕਮੀ ਪੂਰੀ ਹੋਵੇਗੀ। ਮੁੱਖ ਤੌਰ ’ਤੇ ਚਲੀਆਂ ਆ ਰਹੀਆਂ ਕੰਡੀਸ਼ਨਾਂ ਵਿਚ ਸੁਧਾਰ ਦੀ ਮੰਗ ਨੂੰ ਲੈ ਕੇ ਅਧਿਕਾਰੀਆਂ ਵਿਚ ਜਲਦ ਇਸਦਾ ਡਰਾਫਟ ਪੇਸ਼ ਕਰਨ ’ਤੇ ਸਹਿਮਤੀ ਜਤਾਈ ਗਈ ਹੈ। ਯੂਨੀਅਨ ਦਾ ਕਹਿਣਾ ਹੈ ਕਿ ਛੋਟੇ-ਛੋਟੇ ਕੇਸ ਬਣਾ ਕੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਪਾਉਂਦੀ। ਵਿਭਾਗ ਹੁਣ ਇਸ ਵਿਚ ਸੁਧਾਰ ਕਰ ਕੇ ਨਵੇਂ ਨਿਯਮ ਬਣਾਏਗਾ, ਜਿਸ ਨਾਲ ਕਰਮਚਾਰੀਆਂ ਨੂੰ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ
3 ਰਾਊਂਡ ਚੱਲੀ ਮੀਟਿੰਗ ਤੋਂ ਬਾਅਦ ਹਟਾਇਆ ਗਿਆ ਧਰਨਾ
ਯੂਨੀਅਨ ਦੇ ਪੈਨਲ ਦੀ ਅਧਿਕਾਰੀਆਂ ਨਾਲ 3 ਰਾਊਂਡ ਮੀਟਿੰਗ ਚੱਲੀ। ਪਹਿਲੀ ਮੀਟਿੰਗ ਸਵੇਰੇ 10 ਵਜੇ ਸ਼ੁਰੂ ਹੋ ਕੇ 11.50 ਵਜੇ ਤੱਕ ਚੱਲੀ ਪਰ ਇਸ ਵਿਚ ਕੋਈ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਸਥਾਨਕ ਡਿਪੂਆਂ ਵਿਚ ਰੋਸ ਪ੍ਰਦਰਸ਼ਨ ਤੇਜ਼ ਕਰ ਦਿੱਤੇ ਗਏ। ਦੂਜੀ ਮੀਟਿੰਗ ਦੁਪਹਿਰ 1 ਵਜੇ ਤੋਂ ਬਾਅਦ ਸ਼ੁਰੂ ਹੋਈ ਅਤੇ ਤੀਜੀ ਮੀਟਿੰਗ ਦੁਪਹਿਰ 3.30 ਵਜੇ ਤੋਂ ਬਾਅਦ ਸਮਾਪਤ ਹੋਈ, ਜਿਸ ਤੋਂ ਬਾਅਦ ਯੂਨੀਅਨ ਮੈਂਬਰਾਂ ਨੇ ਡਿਪੂਆਂ ਅੱਗੋਂ ਧਰਨਾ ਹਟਾ ਦਿੱਤਾ।
ਔਰਤਾਂ ਨੂੰ ਨਹੀਂ ਮਿਲ ਸਕੀ ਮੁਫ਼ਤ ਸਫ਼ਰ ਦੀ ਸਹੂਲਤ
ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਔਰਤਾਂ ਫਿਰ ਹੀ ਮੁਫ਼ਤ ਸਫ਼ਰ ਕਰ ਸਕਦੀਆਂ ਹਨ, ਜਦੋਂ ਉਨ੍ਹਾਂ ਨੂੰ ਸਰਕਾਰੀ ਬੱਸਾਂ ਮਿਲ ਸਕਣ। ਹੜਤਾਲ ਦੌਰਾਨ ਸਰਕਾਰੀ ਬੱਸਾਂ ਨਜ਼ਰ ਨਹੀਂ ਆ ਰਹੀਆਂ ਸਨ। ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਸਨ, ਉਨ੍ਹਾਂ ਵਿਚ ਵੀ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਸੀ। ਇਸ ਦੌਰਾਨ ਔਰਤਾਂ ਨੂੰ ਬੱਸਾਂ ਦੀਆਂ ਟਿਕਟਾਂ ਖ਼ਰੀਦ ਕੇ ਸਫ਼ਰ ਕਰਨਾ ਪਿਆ। ਉਥੇ ਹੀ, ਵੇਖਣ ਵਿਚ ਆਇਆ ਕਿ ਸਰਕਾਰੀ ਬੱਸਾਂ ਵਾਲੇ ਵੀ ਔਰਤਾਂ ਤੋਂ ਟਿਕਟਾਂ ਦੇ ਪੈਸੇ ਲੈ ਰਹੇ ਸਨ। ਬੱਸਾਂ ਦੀ ਘਾਟ ਕਾਰਨ ਔਰਤਾਂ ਵੱਲੋਂ ਵੀ ਇਸ ਦਾ ਵਿਰੋਧ ਨਹੀਂ ਕੀਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਜਲੰਧਰ 'ਚ ਬੇਖ਼ੌਫ਼ ਲੁਟੇਰੇ, ਪ੍ਰਵਾਸੀ ਪਰਿਵਾਰ ਦੇ ਬੱਚਿਆਂ ਦੀ ਕੁੱਟਮਾਰ ਕਰਕੇ ਲੁੱਟਿਆ ਰਸੋਈ ਗੈਸ ਸਿਲੰਡਰ
NEXT STORY