ਜਲੰਧਰ (ਖੁਰਾਣਾ)–ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਪ੍ਰਕਿਰਿਆ ਪੂਰੀ ਹੋ ਜਾਣ ਅਤੇ ਇਥੋਂ ਸੱਤਾ ਧਿਰ ਯਾਨੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਜਿੱਤ ਜਾਣ ਨਾਲ ਜਿੱਥੇ ਪੰਜਾਬ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ, ਉਥੇ ਹੁਣ ਇਸ ਜ਼ਿਮਨੀ ਚੋਣ ਦੌਰਾਨ ਪੈਦਾ ਹੋਈ ਵੱਖ-ਵੱਖ ਹਾਲਾਤ ਨੂੰ ਲੈ ਕੇ ਹੁਣ ਮੰਥਨ ਚੱਲ ਰਿਹਾ ਹੈ ਅਤੇ ਕਈ ਪ੍ਰਸ਼ਾਸਨਿਕ ਫ਼ੈਸਲੇ ਲਏ ਜਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਜ਼ਿਮਨੀ ਚੋਣ ਦੌਰਾਨ ਵੈਸਟ ਵਿਧਾਨ ਸਭਾ ਹਲਕੇ ਦਾ ਕਾਫ਼ੀ ਬੁਰਾ ਹਾਲ ਸੀ ਕਿਉਂਕਿ ਜਲੰਧਰ ਨਿਗਮ ਨੇ ਲੰਮੇ ਸਮੇਂ ਤੋਂ ਇਸ ਹਲਕੇ ਨੂੰ ਅਣਡਿੱਠ ਕੀਤਾ ਹੋਇਆ ਸੀ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਜ਼ਿਮਨੀ ਚੋਣ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਤਾਂ ਜਲੰਧਰ ਦੀ ਅਫਸਰਸ਼ਾਹੀ ਨੂੰ ਕਾਫੀ ਮੁਸ਼ਕਲਾਂ ਆਈਆਂ।
ਇਹ ਵੀ ਪੜ੍ਹੋ- ਔਰਤ ਦੇ ਕਤਲ ਦਾ ਮਾਮਲਾ ਸੁਲਝਿਆ, ਭਰਾ ਹੀ ਨਿਕਲਿਆ ਕਾਤਲ, ਸਿਰ 'ਤੇ ਡੰਡੇ ਮਾਰ-ਮਾਰ ਦਿੱਤੀ ਬਰੇਹਿਮ ਮੌਤ
ਜ਼ਿਮਨੀ ਚੋਣ ਦੌਰਾਨ ਸੀ. ਐੱਮ. ਅਤੇ ਹੋਰਨਾਂ ਨੂੰ ਪਤਾ ਲੱਗਾ ਕਿ ਵੈਸਟ ਵਿਧਾਨ ਸਭਾ ਹਲਕੇ ਦੀ ਸੀਵਰ ਸਮੱਸਿਆ ਕਾਫ਼ੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਇਲਾਕੇ ਦੀ ਲਗਭਗ ਹਰ ਗਲੀ ਵਿਚ ਗੰਦਾ ਪਾਣੀ ਖੜ੍ਹਾ ਹੈ। ਉਦੋਂ ਸੀਵਰ ਅਤੇ ਪਾਣੀ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਇੰਨੀਆਂ ਸਨ ਕਿ ਇਕੱਲੇ ਜਲੰਧਰ ਨਿਗਮ ਦੇ ਅਧਿਕਾਰੀਆਂ ਲਈ ਉਨ੍ਹਾਂ ਦਾ ਹੱਲ ਕਰ ਪਾਉਣਾ ਅਸੰਭਵ ਜਿਹਾ ਸੀ। ਅਜਿਹੇ ਵਿਚ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਨੇ ਜਲੰਧਰ ਨਿਗਮ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ, ਜਿਨ੍ਹਾਂ ਨੇ ਵੈਸਟ ਹਲਕੇ ਵਿਚ ਸਫ਼ਾਈ ਆਦਿ ਦੀ ਵਿਸ਼ੇਸ਼ ਮੁਹਿੰਮ ਚਲਵਾਈ। ਇਸ ਕੰਮ ਵਿਚ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਅਤੇ ਹੋਰਨਾਂ ਸ਼ਹਿਰਾਂ ਤੋਂ ਆਈ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਗਈ।
ਚੋਣਾਂ ਦੌਰਾਨ ਇਹ ਗੱਲ ਪ੍ਰਮੁੱਖਤਾ ਨਾਲ ਸਾਹਮਣੇ ਆਈ ਕਿ ਜਲੰਧਰ ਨਿਗਮ ਨੇ ਪਿਛਲੇ ਸਾਲਾਂ ਦੌਰਾਨ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰ ਲਾਈਨਾਂ ਦੀ ਸਫ਼ਾਈ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ, ਫਿਰ ਵੀ ਸੀਵਰੇਜ ਸਮੱਸਿਆ ਬਰਕਰਾਰ ਹੈ। ਲੋਕਲ ਬਾਡੀਜ਼ ਦੇ ਨਾਲ-ਨਾਲ ਜਲੰਧਰ ਨਿਗਮ ਦੇ ਮੌਜੂਦਾ ਅਧਿਕਾਰੀ ਵੀ ਇਹ ਮੰਨ ਕੇ ਚੱਲ ਰਹੇ ਹਨ ਕਿ ਜੇਕਰ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਦਾ ਕੰਮ ਸਹੀ ਢੰਗ ਨਾਲ ਹੋਇਆ ਹੁੰਦਾ ਤਾਂ ਅੱਜ ਵੈਸਟ ਦੇ ਇਹ ਹਾਲਾਤ ਨਾ ਹੁੰਦੇ। ਅਜਿਹੀ ਹਾਲਤ ਵਿਚ ਜਲੰਧਰ ਵਿਚ ਪਿਛਲੇ 2 ਸਾਲਾਂ ਦੌਰਾਨ ਸੁਪਰ ਸਕਸ਼ਨ ਮਸ਼ੀਨਾਂ ਦੇ ਨਾਂ ’ਤੇ ਹੋਈ ਸਫਾਈ ਦੇ ਮਾਮਲੇ ਨੂੰ ਜਾਂਚ ਲਈ ਚੁਣਿਆ ਗਿਆ ਅਤੇ ਨਿਗਮ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਰਿਪੋਰਟ ਤਿਆਰ ਕਰ ਕੇ ਚੰਡੀਗੜ੍ਹ ਭੇਜ ਦਿੱਤੀ ਹੈ। ਜਲੰਧਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਵਿਚ ਆਖਰੀ ਫ਼ੈਸਲਾ ਲੋਕਲ ਬਾਡੀਜ਼ ਦੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਲੈਣਾ ਹੈ। ਇਹ ਵੀ ਸੰਭਵ ਹੈ ਕਿ ਜਲੰਧਰ ਵਿਚ ਸੁਪਰ ਸਕਸ਼ਨ ਮਸ਼ੀਨਾਂ ਦਾ ਇਹ ਤਾਜ਼ਾ ਘਪਲਾ ਸਟੇਟ ਵਿਜੀਲੈਂਸ ਨੂੰ ਸੌਂਪਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਦੇ ਬਾਗੀ ਧੜੇ ਦੀ ਹੋਈ ਮੀਟਿੰਗ, ਗੁਰਪ੍ਰਤਾਪ ਵਡਾਲਾ ਬੋਲੇ, ਪਾਰਟੀ 'ਚ ਹਾਵੀ ਨਹੀਂ ਹੋਵੇਗਾ ਪਰਿਵਾਰਵਾਦ
‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਬਣਾ ਦਿੱਤੇ ਗਏ 15 ਕਰੋੜ ਰੁਪਏ ਤੋਂ ਜ਼ਿਆਦਾ ਦੇ ਬਿੱਲ
ਜਲੰਧਰ ਨਿਗਮ ਦੇ ਕਮਿਸ਼ਨਰ ਦੇ ਧਿਆਨ ਵਿਚ ਹੁਣ ਇਹ ਆਇਆ ਹੈ ਕਿ ਪਿਛਲੇ 2 ਸਾਲਾਂ (2022-23, 2023-24) ਦੌਰਾਨ ਹੀ ਸੁਪਰ ਸਕਸ਼ਨ ਮਸ਼ੀਨਾਂ ਦੇ ਨਾਂ ’ਤੇ ਸਫਾਈ ਦੇ ਮਾਮਲੇ ਵਿਚ 15 ਕਰੋੜ ਰੁਪਏ ਤੋਂ ਜ਼ਿਆਦਾ ਦੇ ਬਿੱਲ ਬਣਾ ਦਿੱਤੇ ਗਏ ਅਤੇ ਠੇਕੇਦਾਰਾਂ ਨੂੰ ਪੇਮੈਂਟ ਵੀ ਕਰ ਦਿੱਤੀ ਗਈ। ਇਨ੍ਹਾਂ ਦੋ ਸਾਲਾਂ ਦੌਰਾਨ ਪੰਜਾਬ ਵਿਚ ‘ਆਪ’ ਸਰਕਾਰ ਹੈ ਅਤੇ ਸ਼ਾਇਦ ਹੀ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੂੰ ਇਸਦੀ ਜਾਣਕਾਰੀ ਹੈ ਕਿ ਸੁਪਰ ਸਕਸ਼ਨ ਮਸ਼ੀਨਾਂ ਦੇ ਨਾਂ ’ਤੇ ਜਲੰਧਰ ਨਿਗਮ ਇੰਨਾ ਤਕੜਾ ਬਿੱਲ ਬਣਾ ਚੁੱਕਾ ਹੈ। ਅਜਿਹੇ ਬਿੱਲ 15.44 ਕਰੋੜ ਦੇ ਦੱਸੇ ਜਾ ਰਹੇ ਹਨ।
ਖ਼ਾਸ ਗੱਲ ਇਹ ਹੈ ਕਿ ਪੰਜਾਬ ਅਤੇ ਜਲੰਧਰ ਨਿਗਮ ਵਿਚ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਉਦੋਂ ਵੀ ਕਾਂਗਰਸੀਆਂ ਨੂੰ ਖੁਸ਼ ਕਰਨ ਲਈ ਉਸ ਸਮੇਂ ਦੇ ਨਿਗਮ ਅਧਿਕਾਰੀਆਂ ਨੇ ਸੁਪਰ ਸਕਸ਼ਨ ਮਸ਼ੀਨਾਂ ਦੇ ਕਰੋੜਾਂ ਰੁਪਏ ਦੇ ਟੈਂਡਰ ਲਾਏ ਸਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਹੁਣ ਪੰਜਾਬ ਸਰਕਾਰ ਪਿਛਲੇ 7-8 ਸਾਲਾਂ ਦੌਰਾਨ ਜਲੰਧਰ ਵਿਚ ਸੁਪਰ ਸਕਸ਼ਨ ਦੇ ਨਾਂ ’ਤੇ ਹੋਏ ਕੰਮਾਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਂਦੀ ਹੈ ਤਾਂ ਸਬੰਧਤ ਠੇਕੇਦਾਰਾਂ ਅਤੇ ਅਧਿਕਾਰੀਆਂ ’ਤੇ ਕਾਰਵਾਈ ਹੋ ਸਕਦੀ ਹੈ।
ਗਦਾਈਪੁਰ ’ਚ ਪਿਛਲੇ ਇਕ ਮਹੀਨੇ ਤੋਂ ਜਾਮ ਹੈ ਸੀਵਰ, ਕੋਈ ਸੁਣਵਾਈ ਨਹੀਂ
ਉੱਤਰੀ ਵਿਧਾਨ ਸਭਾ ਹਲਕੇ ਵਿਚ ਸੁਪਰ ਸਕਸ਼ਨ ਮਸ਼ੀਨਾਂ ਦੇ ਨਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਫਿਰ ਵੀ ਇਸ ਵਿਧਾਨ ਸਭਾ ਹਲਕੇ ਦੇ ਕਈ ਮੁਹੱਲੇ ਗੰਦੇ ਪਾਣੀ ਵਿਚ ਡੁੱਬੇ ਰਹਿੰਦੇ ਹਨ। ਇਨ੍ਹੀਂ ਦਿਨੀਂ ਗਦਾਈਪੁਰ ਵਿਚ ਵੀ ਸੀਵਰ ਜਾਮ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਇਥੇ ਅੰਬੇਡਕਰ ਭਵਨ ਦੇ ਪਿੱਛੇ ਪੈਂਦੇ ਮੁਹੱਲੇ ਵਿਚ ਸੀਵਰੇਜ ਪਿਛਲੇ ਲਗਭਗ ਇਕ ਮਹੀਨੇ ਤੋਂ ਜਾਮ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਬੀਮਾਰੀਆਂ ਫ਼ੈਲਣ ਦਾ ਖ਼ਤਰਾ ਹੈ ਪਰ ਜਲੰਧਰ ਨਿਗਮ ਦੇ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ।
ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ ਪਿੰਡ ਧੰਨੋਵਾਲੀ ਦੇ ਲੋਕ
ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਧੰਨੋਵਾਲੀ ਪਿੰਡ ਵਿਚ ਸੀਵਰੇਜ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈ ਰਹੀ। ਪਤਾ ਲੱਗਾ ਹੈ ਕਿ ਹੁਣ ਉਥੇ ਪਾਣੀ ਦੀ ਨਿਕਾਸੀ ਲਈ ਲਾਈ ਗਈ ਮੋਟਰ ਫਿਰ ਖਰਾਬ ਹੋ ਗਈ ਹੈ, ਜਿਸ ਕਾਰਨ ਧੰਨੋਵਾਲੀ ਵਿਚ ਗੁਰੂਘਰ ਦੇ ਆਲੇ-ਦੁਆਲੇ ਦਾ ਇਲਾਕਾ ਅਤੇ ਕਈ ਗਲੀਆਂ ਗੰਦੇ ਪਾਣੀ ਵਿਚ ਡੁੱਬ ਗਈਆਂ ਹਨ। ਲੋਕਾਂ ਨੂੰ ਸੀਵਰੇਜ ਦੇ ਪਾਣੀ ਵਿਚੋਂ ਲੰਘ ਕੇ ਆਉਣਾ-ਜਾਣਾ ਪੈ ਰਿਹਾ ਹੈ। ਇਲਾਕਾ ਨਿਵਾਸੀ ਅਮਨ ਧੰਨੋਵਾਲੀ ਨੇ ਕਿਹਾ ਕਿ ਇਸ ਇਲਾਕੇ ਵਿਚ ਗੁਰੂਘਰ ਹੋਣ ਦੇ ਨਾਲ-ਨਾਲ ਸਕੂਲ ਅਤੇ ਲਾਇਬ੍ਰੇਰੀ ਅਤੇ ਅਣਗਿਣਤ ਲੋਕਾਂ ਦੇ ਘਰ ਹਨ ਪਰ ਫਿਰ ਵੀ ਨਗਰ ਨਿਗਮ ਦੇ ਅਧਿਕਾਰੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
3 ਕਰੋੜ ਤੋਂ ਜ਼ਿਆਦਾ ਦਾ ਦੱਸਿਆ ਜਾ ਰਿਹਾ ਸੀ ਮਕਸੂਦਾਂ ਸੜਕ ਸਕੈਂਡਲ ਪਰ ਨਿਕਲਿਆ ਸਿਰਫ਼ 9 ਲੱਖ ਦਾ
NEXT STORY