ਜਲੰਧਰ (ਵਰੁਣ) : ਫੋਕਲ ਪੁਆਇੰਟ ਅਤੇ ਨੇੜੇ-ਤੇੜੇ ਸਥਿਤ ਫੈਕਟਰੀਆਂ 'ਚੋਂ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਚੌਂਕੀ ਫੋਕਲ ਪੁਆਇੰਟ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਗਿਰੋਹ ਨੇ ਕਾਫੀ ਸਮੇਂ ਤੋਂ ਫੈਕਟਰੀਆਂ ਦੇ ਮਾਲਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਸੀ। ਪੁਲਸ ਨੇ ਚੋਰਾਂ ਤੋਂ ਇਲਾਵਾ ਉਨ੍ਹਾਂ ਕੋਲੋਂ ਸਾਮਾਨ ਖਰੀਦਣ ਵਾਲੇ ਕਬਾੜੀਏ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਇਲਾਕੇ ਵਿਚ 3 ਚੋਰ ਚੋਰੀ ਦਾ ਸਾਮਾਨ ਵੇਚਣ ਲਈ ਇਧਰ-ਉਧਰ ਘੁੰਮ ਰਹੇ ਹਨ। ਪੁਲਸ ਨੇ ਤੁਰੰਤ ਉੱਥੇ ਰੇਡ ਕਰ ਕੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ ਚੋਰੀ ਦਾ ਕਾਫੀ ਸਾਮਾਨ ਬਰਾਮਦ ਹੋਇਆ। ਪੁੱਛਗਿੱਛ ਵਿਚ ਮੁਲਜ਼ਮਾਂ ਨੇ ਆਪਣੇ ਨਾਂ ਚੰਦ੍ਰਿਕਾ ਪੁੱਤਰ ਰੁਦਲ ਨਿਵਾਸੀ ਗਦਾਈਪੁਰ, ਸੁਮਿਤ ਪੁੱਤਰ ਪੱਪੂ ਪਾਂਡੇ ਨਿਵਾਸੀ ਰੰਧਾਵਾ-ਮਸੰਦਾਂ ਅਤੇ ਆਸ਼ੂਤੋਸ਼ ਉਰਫ ਆਸ਼ੂ ਪੁੱਤਰ ਛੁਟਨ ਨਿਵਾਸੀ ਗਦਾਈਪੁਰ ਦੱਸੀ। ਮੁਲਜ਼ਮਾਂ ਦੀ ਤਲਾਸ਼ੀ ਲੈਣ ’ਤੇ 1 ਲੱਖ 10 ਹਜ਼ਾਰ 320 ਰੁਪਏ ਬਰਾਮਦ ਹੋਏ।
ਇਹ ਵੀ ਪੜ੍ਹੋ: ਵਿਧਾਇਕ ਦਹੀਆ ਨੇ ਦਫਤਰ ਦੀ ਅਚਾਨਕ ਕੀਤੀ ਚੈਕਿੰਗ, BDPO ਮਿਲੇ ਗੈਰ-ਹਾਜ਼ਰ
ਪੁੱਛਗਿੱਛ ਵਿਚ ਪਤਾ ਲੱਗਾ ਕਿ ਉਕਤ ਕੈਸ਼ ਉਨ੍ਹਾਂ ਪਿੱਤਲ ਦਾ ਸਾਮਾਨ ਵੇਚ ਕੇ ਇਕੱਠਾ ਕੀਤਾ ਹੈ। ਉਹ ਕਾਫੀ ਲੰਮੇ ਸਮੇਂ ਤੋਂ ਚੋਰੀ ਦਾ ਸਾਮਾਨ ਕਬਾੜ ਦਾ ਕੰਮ ਕਰਨ ਵਾਲੇ ਅਮਿਤ ਅਰੋੜਾ ਪੁੱਤਰ ਜਗਮੋਹਨ ਨਿਵਾਸੀ ਵਿਜ ਨਗਰ ਕਿਸ਼ਨਪੁਰਾ ਨੂੰ ਵੇਚਦੇ ਸਨ। ਪੁਲਸ ਨੇ ਕਬਾੜੀਏ ਅਮਿਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਚਾਰਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਚੋਰੀ ਕੀਤੇ ਬਰਤਨ, 40 ਕਿਲੋ ਐਲੂਮੀਨੀਅਮ, ਪਿੱਤਲ ਦੀਆਂ ਪਾਈਪਾਂ, 4 ਸਬਮਰਸੀਬਲ ਮੋਟਰਾਂ, ਕੰਬਲ, ਵਰਨਾ ਕਾਰ ਅਤੇ ਮਸ਼ੀਨਾਂ ਦੀਆਂ 7 ਮੋਟਰਾਂ ਬਰਾਮਦ ਕੀਤੀਆਂ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਰਿਮਾਂਡ ’ਤੇ ਲੈ ਲਿਆ ਹੈ। ਜਾਂਚ ਵਿਚ ਪਤਾ ਲੱਗਾ ਕਿ ਚੰਦ੍ਰਿਕਾ, ਸੁਮਿਤ ਅਤੇ ਆਸ਼ੂਤੋਸ਼ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਸਨੈਚਿੰਗ ਦੇ ਕੇਸ ਦਰਜ ਹਨ। ਇੰਚਾਰਜ ਨਰਿੰਦਰ ਮੋਹਨ ਨੇ ਕਿਹਾ ਕਿ ਮੁਲਜ਼ਮਾਂ ਤੋਂ ਕਾਫੀ ਚੋਰੀਆਂ ਟਰੇਸ ਹੋਈਆਂ ਹਨ। ਉਨ੍ਹਾਂ ਕਿਹਾ ਕਿ ਚਾਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ: ਐਕਸ਼ਨ 'ਚ ਖੇਤੀਬਾੜੀ ਵਿਭਾਗ, ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦਾ ਕੱਟਿਆ ਚਲਾਨ
ਸੂਤਰਾਂ ਨੇ ਦੱਸਿਆ ਕਿ ਕਬਾੜੀਆ ਅਮਿਤ ਅਰੋੜਾ ਚੋਰੀ ਦਾ ਕਾਫੀ ਸਾਮਾਨ ਖਰੀਦਦਾ ਸੀ। ਉਹ ਹੋਰ ਚੋਰਾਂ ਦੇ ਸੰਪਰਕ ਵਿਚ ਵੀ ਹੈ। ਪੁਲਸ ਮੁਲਜ਼ਮਾਂ ਤੋਂ ਹੋਰ ਚੋਰਾਂ ਬਾਰੇ ਵੀ ਪਤਾ ਲਾ ਰਹੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਮੁਲਜ਼ਮ ਅਮਿਤ ਅਰੋੜਾ 4 ਦਿਨਾਂ ਬਾਅਦ ਟਰੱਕ ਵਿਚ ਭਰ ਕੇ ਚੋਰੀ ਦਾ ਸਾਮਾਨ ਅੱਗੇ ਵੇਚਣ ਲਈ ਭੇਜਦਾ ਸੀ। ਉਹ ਵਧੇਰੇ ਰਾਤ ਸਮੇਂ ਹੀ ਮਾਲ ਗੋਦਾਮ ਤੋਂ ਟਰੱਕ ਵਿਚ ਲੱਦਦਾ ਸੀ। ਇਸ ਤੋਂ ਇਲਾਵਾ ਇਕ ਹੋਰ ਕਥਿਤ ਪ੍ਰਧਾਨ ਵੱਡੇ ਪੱਧਰ ’ਤੇ ਚੋਰੀ ਦਾ ਸਾਮਾਨ ਵੇਚ ਰਿਹਾ ਹੈ, ਜਿਸ ਨੇ 2 ਗੋਦਾਮ ਖੋਲ੍ਹੇ ਹੋਏ ਹਨ। ਜਲਦ ਪੁਲਸ ਉਸ ’ਤੇ ਸ਼ਿਕੰਜਾ ਕੱਸ ਸਕਦੀ ਹੈ। ਇਸ ਪ੍ਰਧਾਨ ਖ਼ਿਲਾਫ਼ ਪਹਿਲਾਂ ਵੀ ਥਾਣੇ ਵਿਚ ਚੋਰੀ ਦਾ ਸਾਮਾਨ ਖਰੀਦਣ ਦੀਆਂ ਸ਼ਿਕਾਇਤਾਂ ਦਰਜ ਹਨ।
ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਵਿਅਕਤੀ ਤੋਂ ਨਕਦੀ ਤੇ ਮੋਬਾਇਲ ਖੋਹਿਆ
NEXT STORY