ਜਲੰਧਰ (ਪੁਨੀਤ)–ਕਿਸਾਨਾਂ ਦੇ ਧਰਨਾ ਹਟਾਉਣ ਤੋਂ ਬਾਅਦ ਮੰਗਲਵਾਰ ਪਹਿਲੇ ਦਿਨ ਟਰੇਨਾਂ ਦੀ ਆਵਾਜਾਈ ਸਿੱਧੇ ਰੂਟ ਜ਼ਰੀਏ ਹੋ ਸਕੀ, ਜਦਕਿ ਇਸ ਤੋਂ ਪਹਿਲਾਂ ਸਾਰੀਆਂ ਟਰੇਨਾਂ ਨੂੰ ਡਾਇਵਰਟ ਰੂਟਾਂ ਜ਼ਰੀਏ ਪੰਜਾਬ ਭੇਜਿਆ ਜਾ ਰਿਹਾ ਸੀ, ਜਿਸ ਕਾਰਨ ਟਰੇਨਾਂ ਦੇ ਪਹੁੰਚਣ ਵਿਚ ਕਈ ਘੰਟਿਆਂ ਦਾ ਵਾਧੂ ਸਮਾਂ ਲੱਗ ਰਿਹਾ ਸੀ। ਧਰਨਾ ਖ਼ਤਮ ਹੋਣ ਉਪਰੰਤ ਚੱਲੀ ਰੇਲ ਆਵਾਜਾਈ ਦੌਰਾਨ ਕਈ ਟਰੇਨਾਂ ਦੀ ਲੇਟ-ਲਤੀਫ਼ੀ ਪਹਿਲਾਂ ਵਾਂਗ ਜਾਰੀ ਰਹੀ। ਲਗਭਗ 35 ਦਿਨਾਂ ਬਾਅਦ ਚਲਾਈ ਗਈ 12498 ਸ਼ਾਨ-ਏ-ਪੰਜਾਬ ਲੱਗਭਗ 6 ਘੰਟੇ ਦੀ ਦੇਰੀ ਨਾਲ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੀ। ਉਥੇ ਹੀ, ਰੁਟੀਨ ਵਿਚ ਲੇਟ ਰਹਿਣ ਵਾਲੀ 19612 ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 8 ਘੰਟੇ ਅਤੇ ਵੰਦੇ ਭਾਰਤ 5 ਘੰਟੇ ਦੀ ਦੇਰੀ ਨਾਲ ਜਲੰਧਰ ਵਿਚ ਦਾਖ਼ਲ ਹੋਈ, ਜਦਕਿ ਸਰਬੱਤ ਦਾ ਭਲਾ ਦੀ ਸਾਢੇ 7 ਘੰਟੇ ਦੀ ਦੇਰੀ ਰਿਕਾਰਡ ਹੋਈ। ਇਸੇ ਤਰ੍ਹਾਂ ਨਾਲ ਅੰਮ੍ਰਿਤਸਰ ਤੇ ਸੱਚਖੰਡ 1-1 ਘੰਟਾ ਲੇਟ ਰਹੀਆਂ ਅਤੇ ਗਰੀਬ ਰੱਥ 3.30 ਮਿੰਟ ਦੀ ਦੇਰੀ ਨਾਲ ਪੁੱਜੀ।
ਇਹ ਵੀ ਪੜ੍ਹੋ- ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ
ਵਰਣਨਯੋਗ ਹੈ ਕਿ ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਪੰਜਾਬ ਦੀ ਪ੍ਰਸਿੱਧ ਰੇਲ ਗੱਡੀ ਸ਼ਾਨ-ਏ-ਪੰਜਾਬ ਲਗਾਤਾਰ 34 ਦਿਨ ਰੱਦ ਰਹੀ ਸੀ। ਹੁਣ ਕਿਉਂਕਿ ਕਿਸਾਨਾਂ ਵੱਲੋਂ ਧਰਨਾ ਹਟਾ ਲਿਆ ਗਿਆ ਹੈ ਤਾਂ ਰੇਲਵੇ ਵੱਲੋਂ ਸ਼ਾਨ-ਏ-ਪੰਜਾਬ ਸਮੇਤ ਸਾਰੀਆਂ ਟਰੇਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਸ਼ਾਨ-ਏ-ਪੰਜਾਬ ਵਿਚ ਯਾਤਰਾ ਕਰਨ ਵਾਲੇ ਲੋਕਾਂ ਨੂੰ 6 ਘੰਟੇ ਦੀ ਦੇਰੀ ਕਾਰਨ ਦਿੱਕਤਾਂ ਉਠਾਉਣੀਆਂ ਪਈਆਂ, ਜਦੋਂ ਕਿ ਹੋਰਨਾਂ ਟਰੇਨਾਂ ਜ਼ਰੀਏ ਜਾਣ ਵਾਲੇ ਯਾਤਰੀਆਂ ਨੂੰ ਕ੍ਰਮਵਾਰ ਘੰਟਿਆਂਬੱਧੀ ਉਡੀਕ ਕਰਨੀ ਪਈ।
ਕਿਸਾਨਾਂ ਵੱਲੋਂ ਧਰਨਾ ਹਟਾ ਲਏ ਜਾਣ ਸਬੰਧੀ ਖ਼ਬਰਾਂ ਛਪਣ ਤੋਂ ਬਾਅਦ ਯਾਤਰੀਆਂ ਵੱਲੋਂ ਵੱਡੇ ਪੱਧਰ ’ਤੇ ਸਟੇਸ਼ਨ ਦਾ ਰੁਖ਼ ਕੀਤਾ ਗਿਆ। ਉਥੇ ਹੀ, ਵੇਖਣ ਵਿਚ ਆਇਆ ਕਿ ਲੇਬਰ ਕਲਾਸ ਅਤੇ ਹੋਰਨਾਂ ਯਾਤਰੀਆਂ ਦਾ ਹਜ਼ੂਮ ਆਪਣੀ ਮੰਜ਼ਿਲ ਵੱਲ ਰਵਾਨਾ ਹੋਇਆ ਹੈ, ਜਿਸ ਕਾਰਨ ਬੈਕਲਾਗ ਕਾਫ਼ੀ ਹੱਦ ਤਕ ਖ਼ਤਮ ਹੋ ਗਿਆ ਹੈ। ਹੁਣ ਟਰੇਨਾਂ ਦੀ ਰੁਟੀਨ ਵਿਚ ਆਵਾਜਾਈ ਹੋਣ ਤੋਂ ਬਾਅਦ ਯਾਤਰਾ ਆਮ ਵਾਂਗ ਸ਼ੁਰੂ ਹੋ ਜਾਵੇਗੀ। ਲੰਮੇ ਸਮੇਂ ਤੋਂ ਧਰਨਾ ਹਟਣ ਦੀ ਉਡੀਕ ਕਰਨ ਵਾਲੇ ਯਾਤਰੀ ਹੁਣ ਟਿਕਟਾਂ ਬੁੱਕ ਕਰਵਾਉਣ ਨੂੰ ਮਹੱਤਵ ਦੇਣ ਲੱਗੇ ਹਨ।
ਟਰੇਨਾਂ ਦੀ ਆਵਾਜਾਈ ਤੋਂ ਬਾਅਦ ਵਧਾਈ ਚੌਕਸੀ
ਟਰੇਨਾਂ ਦੀ ਆਵਾਜਾਈ ਆਮ ਵਾਂਗ ਹੋਣ ਤੋਂ ਬਾਅਦ ਪੁਲਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਇਸ ਕਾਰਨ ਵੱਖ-ਵੱਖ ਟਰੇਨਾਂ ਜ਼ਰੀਏ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਨੂੰ ਚੈੱਕ ਕੀਤਾ ਜਾ ਰਿਹਾ ਹੈ। ਜੀ. ਆਰ. ਪੀ., ਆਰ. ਪੀ. ਐੱਫ. ਸਮੇਤ ਸਟੇਸ਼ਨ ’ਤੇ ਤਾਇਨਾਤ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ ਸੁਰੱਖਿਆ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਭਿਆਨਕ ਸੜਕ ਹਾਦਸੇ 'ਚ 'ਆਪ' ਆਗੂ ਮਹਿੰਦਰ ਜੀਤ ਸਿੰਘ ਦੀ ਮੌਤ
ਸਮਾਂ ਬਚਾਉਣ ਲਈ ਹਾਦਸੇ ਨੂੰ ਦਿੱਤਾ ਜਾ ਰਿਹਾ ਸੱਦਾ
ਯਾਤਰੀਆਂ ਵੱਲੋਂ ਸਮਾਂ ਬਚਾਉਣ ਲਈ ਹਾਦਸੇ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਜੋ ਕਿ ਇਨਸਾਨੀ ਜ਼ਿੰਦਗੀ ’ਤੇ ਭਾਰੀ ਪੈ ਸਕਦਾ ਹੈ। ਦੇਖਣ ਵਿਚ ਆ ਰਿਹਾ ਹੈ ਕਿ ਲੋਕ 1 ਤੋਂ 2 ਨੰਬਰ ਪਲੇਟਫਾਰਮ ’ਤੇ ਜਾਣ ਲਈ ਪੌੜੀਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ। ਇਸੇ ਸਿਲਸਿਲੇ ਵਿਚ ਰੇਲਵੇ ਟਰੈਕ ਦੇ ਉਪਰੋਂ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਸਮਾਂ ਬਚ ਸਕੇ ਅਤੇ ਪੈਦਲ ਨਾ ਚੱਲਣਾ ਪਵੇ।
ਇਹ ਵੀ ਪੜ੍ਹੋ- ਸ਼ਰਮਨਾਕ! ਕੜਾਕੇ ਦੀ ਧੁੱਪ 'ਚ ਫੈਕਟਰੀ ਦੀ ਕੰਧ 'ਤੇ ਛੱਡ ਗਏ ਨਵਜੰਮੀ ਬੱਚੀ, ਹਾਲਤ ਵੇਖ ਹਰ ਕੋਈ ਹੋਇਆ ਹੈਰਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ
NEXT STORY