ਜਲੰਧਰ (ਪੁਨੀਤ)– ਰੇਲਵੇ ਸਟੇਸ਼ਨ ’ਤੇ ਪਲੇਟਫਾਰਮ ਦੀ ਸ਼ੈੱਡ ਤੋਂ ਤਾਰਾਂ ਹਟਾਉਣ ਸਮੇਂ ‘ਜ਼ੋਰਦਾਰ ਬਲਾਸਟ’ ਹੋ ਗਿਆ, ਜਿਸ ਨੇ ਸ਼ੈੱਡ ਨੂੰ ਪਾੜ ਦਿੱਤਾ। ਇਹ ਦੁਰਘਟਨਾ ਸਟਾਫ ਅਤੇ ਯਾਤਰੀਆਂ ਲਈ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ ਪਰ ਖੁਸ਼ਕਿਸਮਤੀ ਰਹੀ ਕਿ ਹਾਦਸਾ ਕਿਸੇ ਤਰ੍ਹਾਂ ਨਾਲ ਟਲ ਗਿਆ। ਇਸ ਸਭ ਵਿਚ ਵੱਡੀ ਕੋਤਾਹੀ ਸਾਹਮਣੇ ਆਈ ਹੈ ਜਿਹੜੀ ਕਿ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੁਪਹਿਰ 2.50 ਵਜੇ ਦੇ ਲੱਗਭਗ ਪਲੇਟਫਾਰਮ 2 ਅਤੇ 3 ’ਤੇ ਬਣੀ ਸ਼ੈੱਡ ਦੀ ਡ੍ਰੇਨ ਪਾਈਪ ਬਲਾਕ ਹੋ ਗਈ, ਇਸ ਕਾਰਨ ਛੱਤ ਤੋਂ ਪਾਣੀ ਡਿੱਗਣ ਲੱਗਾ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਪੇਸ਼ ਆਉਣ ਲੱਗੀ। ਸੂਚਨਾ ਸਬੰਧੀ ਆਈ.ਓ.ਡਬਲਯੂ. ਵਿਭਾਗ ਨੂੰ ਸੂਚਨਾ ਦਿੱਤੀ ਗਈ। ਇਸ ’ਤੇ ਸਬੰਧਤ ਵਿਭਾਗ ਦੇ ਜੇ.ਈ. ਦਿਲੇਸ਼ਵਰ ਸਿੰਘ ਆਪਣੇ 10-12 ਕਰਮਚਾਰੀਆਂ ਨਾਲ ਪਲੇਟਫਾਰਮ ਨੰਬਰ 2 ’ਤੇ ਪੁੱਜੇ।
ਸਟਾਫ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਪਾਈਪ ਵਿਚ ਬਲਾਕੇਜ ਹੋ ਚੁੱਕੀ ਹੈ, ਜਿਸ ਕਾਰਨ ਪਾਣੀ ਛੱਤ ਤੋਂ ਡਿੱਗਣ ਲੱਗਾ ਹੈ। ਇਸ ’ਤੇ ਕਰਮਚਾਰੀ ਛੱਤ ’ਤੇ ਪਹੁੰਚੇ ਅਤੇ ਉਥੇ ਤਾਰਾਂ ਦਾ ਗੁੱਛਾ ਦੇਖਣ ਨੂੰ ਮਿਲਿਆ। ਬਾਰਿਸ਼ ਹੋਣ ਕਾਰਨ ਕਰਮਚਾਰੀ ਤਾਰਾਂ ਨੂੰ ਹਟਾਉਣ ਤੋਂ ਡਰ ਰਹੇ ਸਨ ਪਰ ਸੀਨੀਅਰਜ਼ ਦੇ ਕਹਿਣ ’ਤੇ ਉਨ੍ਹਾਂ ਤਾਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਕਰਮਚਾਰੀਆਂ ਨੇ ਜਿਉਂ ਹੀ ਤਾਰਾਂ ਨੂੰ ਹਟਾ ਕੇ ਦੂਜੇ ਪਾਸੇ ਕੀਤਾ ਤਾਂ ਜ਼ੋਰਦਾਰ ਬਲਾਸਟ ਹੋ ਗਿਆ ਅਤੇ ਚੰਗਿਆੜੀਆਂ ਨਿਕਲਦੀਆਂ ਦਿਸੀਆਂ। ਬਲਾਸਟ ਨੇ ਛੱਤ ਨੂੰ ਪਾੜ ਦਿੱਤਾ, ਜਿਸ ਨਾਲ ਹੇਠਾਂ ਖੜ੍ਹੇ ਲੋਕ ਅਤੇ ਉੱਪਰ ਕੰਮ ਕਰ ਰਹੇ ਕਰਮਚਾਰੀ ਘਬਰਾ ਗਏ।
ਇਹ ਵੀ ਪੜ੍ਹੋ- ਹਾਰਟ ਅਟੈਕ ਨਾਲ ਹੋਈ ਮੌਤ ਜਾਂ ਕੀਤਾ ਗਿਆ ਕਤਲ ? ਮ੍ਰਿਤਕਾ ਨੇ ਅਜਿਹੀ ਥਾਂ ਲਿਖਿਆ ਕਾਤਲਾਂ ਦਾ ਨਾਂ, ਕਿ...
ਜਿਥੇ ਇਹ ਹਾਦਸਾ ਹੋਇਆ, ਉਸ ਦੇ ਦੂਜੇ ਪਾਸੇ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਸਨ, ਜਿਸ ਕਾਰਨ ਕਰਮਚਾਰੀ ਦੂਜੇ ਪਾਸੇ ਛਾਲ ਵੀ ਨਹੀਂ ਮਾਰ ਸਕਦੇ ਸਨ। ਕਰਮਚਾਰੀਆਂ ਨੇ ਸੂਝ-ਬੂਝ ਤੋਂ ਕੰਮ ਲਿਆ ਅਤੇ ਵਾਰੀ-ਵਾਰੀ ਹੇਠਾਂ ਉਤਰ ਆਏ। ਇਹ ਕੋਤਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਦੂਜੇ ਪਾਸੇ ਇਸ ਸਬੰਧ ਵਿਚ ਅਧਿਕਾਰੀਆਂ ਦਾ ਪੱਖ ਜਾਣਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ।
ਪਾਵਰ ਵਿਭਾਗ ਦੇ ਸਟਾਫ ਨੂੰ ਨਾ ਬੁਲਾਉਣਾ ਵੱਡੀ ਲਾਪ੍ਰਵਾਹੀ
ਦੱਸਿਆ ਜਾ ਰਿਹਾ ਹੈ ਕਿ ਛੱਤ ਦੀ ਸਫਾਈ ਕਰਨ ਲਈ ਉਪਰ ਗਿਆ ਸਟਾਫ ਵੱਲੋਂ ਤਾਰਾਂ ਨੂੰ ਹਟਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ’ਤੇ ਤਾਰਾਂ ਨੂੰ ਹਟਾਉਣ ਲਈ ਜ਼ੋਰ ਪਾਇਆ ਗਿਆ। ਹਾਲਾਂਕਿ ਇਸ ਦੇ ਲਈ ਪਾਵਰ ਵਿਭਾਗ ਦੇ ਸਟਾਫ ਨੂੰ ਬੁਲਾਉਣਾ ਚਾਹੀਦਾ ਸੀ ਜਾਂ ਬਿਜਲੀ ਨੂੰ ਆਰਜ਼ੀ ਤੌਰ ’ਤੇ ਬੰਦ ਕਰਵਾ ਕੇ ਤਾਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਅਜਿਹਾ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਸ ਤਰ੍ਹਾਂ ਦੀ ਲਾਪ੍ਰਵਾਹੀ ’ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸ਼ੈੱਡ ਦੇ ਹੇਠਾਂ ਯਾਤਰੀਆਂ ਨੂੰ ਹੀ ਇਸ ਦਾ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਪੇਪਰ ਦੇਣ ਜਾ ਰਹੇ ਪਤੀ-ਪਤਨੀ ਨਾਲ ਵਾਪਰ ਗਿਆ ਭਾਣਾ, ਮਾਸੂਮ ਸਿਰੋਂ ਉੱਠਿਆ ਮਾਂ ਦਾ ਸਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁੰਮਸ ਵਾਲੀ ਗਰਮੀ ਕਾਰਨ ਪਾਵਰ ਸਿਸਟਮ ਹੋਇਆ ਓਵਰਲੋਡ, ਬਾਰਿਸ਼ ਨੇ ਵੀ ਵਧਾਈਆਂ ਮੁਸ਼ਕਲਾਂ
NEXT STORY