ਗੜ੍ਹਸ਼ੰਕਰ- ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਮਾਤਾ ਦੇ ਨਾਂ ਨੂੰ ਸਮਰਪਿਤ ਸਰਕਾਰੀ ਸਿਵਲ ਡਿਸਪੈਂਸਰੀ ਦਾ ਨਾਮ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲੇ ਜਾਣ ਦੀ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਬੁਲਾਰਣ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਦੀ ਸੋਚ 'ਤੇ ਚੱਲਣ ਦੇ ਦਾਅਵੇ ਕਰਦੀ ਹੈ, ਦੂਜੇ ਪਾਸੇ ਇਨ੍ਹਾਂ ਦੀ ਸਰਕਾਰ ਵੱਲੋਂ ਭਗਤ ਸਿੰਘ ਜੀ ਦੀ ਮਾਂ ਦੇ ਨਾਮ 'ਤੇ ਚੱਲ ਰਹੀ ਮਾਤਾ ਵਿਦਿਆਵਤੀ ਸਰਕਾਰੀ ਸਿਵਲ ਡਿਸਪੈਂਸਰੀ ਦਾ ਨਾਮ ਬਦਲ ਕੇ 'ਆਪ' ਸਰਕਾਰ ਨੇ ਆਮ ਆਦਮੀ ਕਲੀਨਿਕ ਰੱਖ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ 'ਤੇ ਲਗਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਨਾਲ ਕਈ ਦਹਾਕੇ ਪਹਿਲਾਂ ਇਹ ਹਸਪਤਾਲ ਬਣਾ ਕੇ ਮਾਤਾ ਵਿਦਿਆਵਤੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਕੋਈ ਨਵੀਂ ਉਸਾਰੀ ਕੀਤੀ ਅਤੇ ਨਾ ਹੀ ਕੋਈ ਹੋਰ ਯੋਗਦਾਨ ਪਾਇਆ ਸਗੋਂ ਇਸ ਹਸਪਤਾਲ 'ਤੇ ਕਬਜ਼ਾ ਕਰਕੇ ਰੰਗ ਕਰਵਾ ਕੇ ਉਸ ਨੂੰ ਆਮ ਆਦਮੀ ਕਲੀਨਿਕ ਐਲਾਨ ਕਰ ਦਿੱਤਾ। ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਮੁਹੱਲਾ ਕਲੀਨਿਕਾਂ ਵਿਚ 100 ਦੇ ਕਰੀਬ ਟੈਸਟ ਕੀਤੇ ਜਾਣਗੇ ਪਰ ਹੁਣ ਤੱਕ ਇਸ ਆਮ ਆਦਮੀ ਕਲੀਨਿਕ ਵਿਚ ਕੋਈ ਕਲੀਨਿਕਲ ਟੈਕਨੀਸ਼ੀਅਨ ਵੀ ਨਿਯੁਕਤ ਨਹੀਂ ਕੀਤਾ ਗਿਆ ਜੋਕਿ ਇਥੇ ਟੈਸਟ ਕਰ ਸਕੇ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵੱਲੋਂ ਪਹਿਲਾਂ 100 ਸੇਵਾ ਕੇਂਦਰਾਂ ਦੀ ਕਰੀਬ 20-20 ਲੱਖ ਰੁਪਏ ਰੰਗਰੋਗਣ 'ਤੇ ਜ਼ਾਇਆ ਕਰਕੇ ਉਨ੍ਹਾਂ ਨੂੰ ਮੁਹੱਲਾ ਕਲੀਨਿਕ ਬਣਾਉਣ ਦੀ ਉਪਲੱਬਧੀ ਦੱਸਿਆ ਗਿਆ ਸੀ। ਹੁਣ ਵੀ ਕਿਤੇ ਵੀ ਕੋਈ ਨਵੀਂ ਜਗ੍ਹਾ, ਕੋਈ ਨਵੀਂ ਇਮਾਰਤ ਨਹੀਂ ਉਸਾਰੀ ਗਈ ਸਗੋਂ 400 ਪੁਰਾਣੇ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਲੀਪਾਪੋਤੀ ਕਰਕੇ ਉਥੇ ਆਪਣੇ ਬੋਰਡ ਲਗਾ ਕੇ ਸਰਕਾਰ ਝੂਠਾ ਵਿਕਾਸ ਵਿਖਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ।
ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉਜੜਿਆ ਪਰਿਵਾਰ, ਬਲਾਚੌਰ ਵਿਖੇ ਮਾਪਿਆਂ ਦੇ 4 ਸਾਲਾ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਦੱਸਣ ਵਾਲੇ ਮੁੱਖ ਮੰਤਰੀ ਲੋਕਾਂ ਨੂੰ ਜਵਾਬ ਦੇਣ ਕਿ ਉਨ੍ਹਾਂ ਸ਼ਹੀਦ ਭਗਤ ਸਿੰਘ ਦੀ ਮਾਤਾ ਦਾ ਨਾਂ ਬਦਲ ਕੇ ਮੋਰਾਂਵਾਲੀ ਦੇ ਹਸਪਤਾਲ 'ਤੇ ਆਪਣੀ ਪਾਰਟੀ ਦਾ ਨਾਮ ਅਤੇ ਆਪਣੀ ਤਸਵੀਰ ਕਿਉਂ ਲਗਾ ਲਈ ਹੈ। ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਦੀ ਇਸ 'ਤੇ ਚੁੱਪ ਇਹ ਦਰਸਾਉਂਦੀ ਹੈ ਕਿ ਮਹਾਨ ਸ਼ਹੀਦ ਦਾ ਅਪਮਨ ਕਰਵਾਉਣ ਵਿਚ ਅਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਮ ਹਸਪਤਾਲ ਤੋਂ ਪਾਸੇ ਕਰਵਾਉਣ ਵਿਚ ਉਨ੍ਹਾਂ ਦੀ ਪੂਰੀ ਸਹਿਮਤੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੋਰੀ ਤੌਰ 'ਤੇ ਇਥੋਂ ਆਮ ਆਦਮੀ ਕਲੀਨਿਕ ਦਾ ਨਾਂ ਬਦਲ ਕੇ ਮੁੜ ਇਸ ਨੂੰ ਮਾਤਾ ਵਿਦਿਆਵਤੀ ਨੂੰ ਸਮਰਪਿਤ ਕਰੇ, ਨਹੀਂ ਤਾਂ ਹਲਕਾ ਗੜ੍ਹਸ਼ੰਕਰ ਦੇ ਲੋਕ ਸੰਘਰਸ਼ ਕਰਨਗੇ ਅਤੇ ਬਦਲਾਅ ਕਰਵਾ ਕੇ ਰਹਿਣਗੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜੇਕਰ ਤੁਸੀਂ ਵੀ ਜਾ ਰਹੇ ਜਲੰਧਰ ਦੇ ਡੀ. ਸੀ. ਦਫ਼ਤਰ ਤਾਂ ਪਹਿਲਾਂ ਪੜ੍ਹੋ ਇਹ ਖ਼ਬਰ
NEXT STORY