ਜਲੰਧਰ (ਖੁਰਾਣਾ) : ਪੰਜਾਬ ’ਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਦੇ ਲੀਡਰਾਂ ਦੇ ਆਪਸੀ ਟਕਰਾਅ ਕਾਰਨ ਉਸ ਸਮੇਂ ਦੇ ਮੇਅਰ ਰਾਕੇਸ਼ ਰਾਠੌਰ ਦੇ ਡਰੀਮ ਪ੍ਰਾਜੈਕਟ ਬਰਲਟਨ ਪਾਰਕ ਸਪੋਰਟਸ ਹੱਬ ਨੂੰ ਉਸ ਸਰਕਾਰ ਦੇ ਕਾਰਜਕਾਲ ਦੌਰਾਨ ਸ਼ੁਰੂ ਨਹੀਂ ਕੀਤਾ ਜਾ ਸਕਿਆ ਸੀ ਪਰ ਪਿਛਲੇ 5 ਸਾਲ ਪੰਜਾਬ ਤੇ ਜਲੰਧਰ ਦੀ ਸੱਤਾ ’ਤੇ ਬਿਰਾਜਮਾਨ ਰਹੀ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵੀ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਸਿਰਫ ਸੁਪਨੇ ਹੀ ਦਿਖਾਏ। ਹੋਰ ਤਾਂ ਹੋਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਮਾਰਟ ਸਿਟੀ ਜਲੰਧਰ ਦੇ ਅਧਿਕਾਰੀਆਂ ਨੇ ਜੋ ਨਾਲਾਇਕੀ ਦਿਖਾਈ, ਉਸ ਕਾਰਨ ਸਮਾਰਟ ਸਿਟੀ ਦੇ ਸਭ ਤੋਂ ਮਹੱਤਵਪੂਰਨ ਮੰਨੇ ਜਾ ਰਹੇ ਸਪੋਰਟਸ ਹੱਬ ਪ੍ਰਾਜੈਕਟ ਦੇ ਬੋਰੀਆ ਬਿਸਤਰ ਗੋਲ ਹੋਣ ਦੀ ਸੰਭਾਵਨਾ ਬਣ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਹੱਬ ਨੂੰ ਬਣਾਉਣ ਦਾ ਕੰਟ੍ਰੈਕਟ ਲੈਣ ਵਾਲੀ ਕੰਪਨੀ ਨੇ ਸਮਾਰਟ ਸਿਟੀ ਦੇ ਅਫ਼ਸਰਾਂ ਨੂੰ ਨੋਟਿਸ ਦੇ ਦਿੱਤਾ ਹੈ ਕਿ ਉਹ ਇਨ੍ਹਾਂ ਹਾਲਾਤ ’ਚ ਪ੍ਰਾਜੈਕਟ ਦਾ ਕੰਮ ਅੱਗੇ ਨਹੀਂ ਵਧਾ ਸਕੇਗੀ। ਖਾਸ ਗੱਲ ਇਹ ਹੈ ਕਿ ਜੋ ਪ੍ਰਾਜੈਕਟ 1 ਸਾਲ ਦੇ ਅੰਦਰ ਖਤਮ ਹੋਣਾ ਸੀ, 8 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਉੱਥੇ ਚਾਰਦੀਵਾਰੀ ਦਾ ਕੰਮ ਵੀ ਪੂਰਾ ਨਹੀਂ ਹੋਇਆ ਤੇ ਉਹ ਵੀ ਅਧੂਰਾ ਪਿਆ ਹੋਇਆ ਹੈ।
ਖ਼ਬਰ ਇਹ ਵੀ : ਭ੍ਰਿਸ਼ਟਾਚਾਰ... ਹੁਣ ਮਨਪ੍ਰੀਤ ਬਾਦਲ ਨਿਸ਼ਾਨੇ 'ਤੇ, ਉਥੇ ਗੁਲਾਮ ਨਬੀ ਆਜ਼ਾਦ ਨੇ ਛੱਡੀ ਕਾਂਗਰਸ, ਪੜ੍ਹੋ TOP 10
7 ਜਨਵਰੀ ਨੂੰ ਜਲਦਬਾਜ਼ੀ ’ਚ ਕੀਤਾ ਗਿਆ ਸੀ ਉਦਘਾਟਨ
ਇਸੇ ਸਾਲ ਫਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਉਮੀਦਵਾਰ ਬਾਵਾ ਹੈਨਰੀ ਨੂੰ ਚੋਣਾਂ ਦਾ ਫਾਇਦਾ ਦਿਵਾਉਣ ਲਈ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦਾ ਜਲਦਬਾਜ਼ੀ ’ਚ ਉਦਘਾਟਨ ਕਰਵਾ ਲਿਆ ਸੀ, ਜੋ ਚੋਣਾਂ ਦੇ ਕੋਡ ਆਫ ਕੰਡਕਟ ਲੱਗਣ ਤੋਂ ਕੁਝ ਹੀ ਘੰਟੇ ਪਹਿਲਾਂ 7 ਜਨਵਰੀ ਨੂੰ ਕੀਤਾ ਗਿਆ। ਹਾਲਾਤ ਇਹ ਬਣੇ ਕਿ ਵਰਕ ਆਰਡਰ ਜਾਰੀ ਕਰਨ ਤੋਂ ਬਾਅਦ ਉਸ ਦੀ ਡਰਾਇੰਗ ’ਚ ਬਦਲਾਅ ਕਰਵਾਉਣ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ। ਇਸ ਮੌਕੇ ਤਾਂ ਨਿਗਮ ਕਮਿਸ਼ਨਰ ਪੋਸਟ ’ਤੇ ਰਹੀ ਦੀਪਸ਼ਿਖਾ ਸ਼ਰਮਾ ਨੇ ਇਸ ਪ੍ਰਾਜੈਕਟ ਦੀ ਲਾਗਤ ਵਧਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ ਵੀ ਸਮਾਰਟ ਸਿਟੀ ਦੇ ਅਧਿਕਾਰੀ ਇਸ ਦੀ ਡਰਾਇੰਗ ਨੂੰ ਵੀ ਫਾਈਨਲ ਨਹੀਂ ਕਰ ਸਕੇ। ਸਮਾਰਟ ਸਿਟੀ ਦੇ ਅਫ਼ਸਰਾਂ ਦੀ ਨਾਲਾਇਕੀ ਤੋਂ ਤੰਗ ਆ ਕੇ ਹੁਣ ਕੰਪਨੀ ਨੇ ਸਮਾਰਟ ਸਿਟੀ ਅਧਿਕਾਰੀਆਂ ਨੂੰ ਨੋਟਿਸ ਭੇਜ ਕੇ ਕੰਮ ਸਮੇਟਣ ਦਾ ਲਗਭਗ ਫੈਸਲਾ ਲੈ ਲਿਆ ਹੈ।
ਕੋਡ ਆਫ਼ ਕੰਟਕਟ ਲੱਗਣ ਤੋਂ ਕੁਝ ਘੰਟੇ ਪਹਿਲਾਂ ਕਾਂਗਰਸੀ ਲੀਡਰਾਂ ਤੋਂ ਚੁੱਪਚਾਪ ਇਸ ਪ੍ਰਾਜੈਕਟ ਦਾ ਉਦਘਾਟਨ ਕਰਵਾ ਲਿਆ ਗਿਆ ਸੀ।
ਸਾਰੇ ਸਿਆਸੀ ਦਲਾਂ ਨੇ ਖੇਡ ਪ੍ਰੇਮੀਆਂ ਨੂੰ ਸਿਰਫ ਸੁਪਨੇ ਹੀ ਦਿਖਾਏ
ਹੁਣ ਜੇਕਰ ਸਪੋਰਟਸ ਹੱਬ ਪ੍ਰਾਜੈਕਟ ਫੇਲ੍ਹ ਹੁੰਦਾ ਹੈ ਤਾਂ ਉਸ ਲਈ ਵੀ ਸਿਆਸੀ ਦਲਾਂ ਦੇ ਪ੍ਰਤੀਨਿਧੀਆਂ ਨੂੰ ਬਰਾਬਰ ਦਾ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ, ਜਦੋਂ ਭਾਜਪਾ ਦੇ ਮੇਅਰ ਰਾਕੇਸ਼ ਰਾਠੌਰ ਨੇ ਇਸ ਪ੍ਰਾਜੈਕਟ ਦਾ ਸੁਪਨਾ ਲਿਆ ਤਾਂ ਉਨ੍ਹਾਂ ਦੀ ਪਾਰਟੀ ’ਚ ਹੀ ਉਨ੍ਹਾਂ ਦੇ ਕੁਝ ਦੁਸ਼ਮਣਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਕਾਰਨ ਉਹ ਅੱਗੇ ਨਹੀਂ ਵਧ ਸਕੇ। ਉਸ ਤੋਂ ਬਾਅਦ ਭਾਜਪਾ ਦੇ ਹੀ ਸੁਨੀਲ ਜੋਤੀ ਮੇਅਰ ਬਣੇ ਪਰ ਉਹ ਵੀ ਇਸ ਪ੍ਰਾਜੈਕਟ ਨੂੰ ਚਲਾ ਨਹੀਂ ਸਕੇ। 5 ਸਾਲ ਕਾਂਗਰਸੀਆਂ ਨੇ ਵੀ ਲੱਖਾਂ ਖੇਡ ਪ੍ਰੇਮੀਆਂ ਨੂੰ ਸਿਰਫ ਸੁਪਨੇ ਹੀ ਦਿਖਾਏ ਤੇ ਜੋ ਪ੍ਰਾਜੈਕਟ 500 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਸੀ, ਉਹ ਸਿਰਫ 77 ਕਰੋੜ ਤੱਕ ਸਿਮਟ ਗਿਆ। ਇਸ ਪ੍ਰਾਜੈਕਟ ਤਹਿਤ ਇਕ ਹੋਰ ਹਾਕੀ ਮੈਦਾਨ ਦੀ ਟਰਫ ਵਿਛਾਉਣ, ਕ੍ਰਿਕਟ ਸਟੇਡੀਅਮ ਬਣਾਉਣ, ਮਲਟੀਪਰਪਜ਼ ਹਾਲ, ਪਾਰਕਿੰਗ ਏਰੀਆ ਤੇ ਪਾਰਕਾਂ ਦਾ ਸੁਧਾਰ ਆਦਿ ਦੇ ਦਾਅਵੇ ਕੀਤੇ ਗਏ ਪਰ ਸਾਰੀਆਂ ਸਰਕਾਰਾਂ ਤੋਂ ਕੁਝ ਨਹੀਂ ਹੋ ਸਕਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚਿੰਤਾਜਨਕ: ਸੜਕਾਂ 'ਤੇ ਵੱਡੀ ਗਿਣਤੀ 'ਚ ਨਜ਼ਰ ਆ ਰਹੀਆਂ ਹਨ ਲੰਪੀ ਸਕਿਨ ਤੋਂ ਪੀੜਤ ਗਊਆਂ
NEXT STORY