ਫਗਵਾੜਾ (ਅਭਿਸ਼ੇਕ) : ਦੇਸ਼ ਦੇ ਕਈ ਸੂਬਿਆਂ ’ਚ ਗਾਵਾਂ 'ਚ ਫੈਲੀ ਲੰਪੀ ਸਕਿਨ ਬੀਮਾਰੀ ਦੇ ਵਾਇਰਸ ਦੀ ਲਾਗ ਵਧਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਸਮੇਤ ਕਈ ਰਾਜਾਂ ’ਚ ਹਜ਼ਾਰਾਂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਮੰਨਿਆ ਜਾਂਦਾ ਹੈ ਕਿ ਮਰਨ ਵਾਲੇ ਜਾਨਵਰਾਂ ਦੀ ਗਿਣਤੀ ਸਭ ਤੋਂ ਵੱਧ ਗਊਆਂ ’ਚ ਹੈ। ਸੂਤਰਾਂ ਅਨੁਸਾਰ ਅਜਿਹੀ ਸਥਿਤੀ ’ਚ ਕਈ ਲੋਕਾਂ ਵੱਲੋਂ ਗਊਆਂ ਨੂੰ ਵੱਡੀ ਮਾਤਰਾ ’ਚ ਆਵਾਰਾ ਛੱਡਿਆ ਜਾ ਰਿਹਾ ਹੈ। ਜੇਕਰ ਫਗਵਾੜਾ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਸੜਕਾਂ ’ਤੇ ਵੱਡੀ ਗਿਣਤੀ ’ਚ ਬੇਸਹਾਰਾ ਗਊਆਂ ਦੇਖਣ ਨੂੰ ਮਿਲ ਰਹੀਆਂ ਹਨ, ਜੋ ਕਿ ਕੂੜੇ ਦੇ ਢੇਰਾਂ ’ਚ ਮੂੰਹ ਮਾਰਦੀਆਂ ਅਤੇ ਪਲਾਸਟਿਕ ਨਿਗਲਦੀਆਂ ਨਜ਼ਰ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਗਾਵਾਂ ਪਹਿਲਾਂ ਹੀ ਇਸ ਬੀਮਾਰੀ ਤੋਂ ਪੀੜਤ ਹਨ ਤੇ ਇਸ ਤਰ੍ਹਾਂ ਉਹ ਪਲਾਸਟਿਕ ਖਾਣ ਨਾਲ ਹੋਰ ਵੀ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੀਆਂ ਹਨ।
ਖ਼ਬਰ ਇਹ ਵੀ : ਭ੍ਰਿਸ਼ਟਾਚਾਰ... ਹੁਣ ਮਨਪ੍ਰੀਤ ਬਾਦਲ ਨਿਸ਼ਾਨੇ 'ਤੇ, ਉਥੇ ਗੁਲਾਮ ਨਬੀ ਆਜ਼ਾਦ ਨੇ ਛੱਡੀ ਕਾਂਗਰਸ, ਪੜ੍ਹੋ TOP 10
ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਵੀ ਹੈ ਇਕ ਕਾਰਨ
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਪਲਾਸਟਿਕ ਦੇ ਥੈਲਿਆਂ ’ਤੇ ਪਾਬੰਦੀ ਦੇ ਬਾਵਜੂਦ ਸ਼ਹਿਰ ’ਚ ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾ ਰਹੀ ਹੈ। ਆਲਮ ਇਹ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ, ਸਬਜ਼ੀਆਂ ਆਦਿ ਵੇਚਣ ਵਾਲੇ ਵਿਕਰੇਤਾ ਅਤੇ ਹੋਰ ਵਪਾਰੀ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਪ੍ਰਸ਼ਾਸਨ ਦਾ ਕੋਈ ਡਰ ਹੈ ਤੇ ਨਾ ਹੀ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਪ੍ਰਤੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਹੈ। ਅਜਿਹੀ ਸਥਿਤੀ ’ਚ ਪਲਾਸਟਿਕ ਦੇ ਕੂੜੇ ਦਾ ਸੰਚਾਲਨ ’ਚ ਆਉਣਾ ਸੁਭਾਵਿਕ ਹੈ ਅਤੇ ਭੋਜਨ ਦੀ ਭਾਲ ’ਚ ਬੇਸਹਾਰਾ ਪਸ਼ੂ ਇਸ ਨੂੰ ਨਿਗਲ ਜਾਂਦੇ ਹਨ ਤੇ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਮੁਹੱਲਾ ਕਲੀਨਿਕ 'ਚ ਡਾਕਟਰ ਦੇ ਅਸਤੀਫੇ 'ਤੇ ਕੀ ਬੋਲੇ ਸਿਹਤ ਮੰਤਰੀ ਜੌੜੇਮਾਜਰਾ, ਦੇਖੋ ਵੀਡੀਓ
ਲੋਕਾਂ ਨੇ ਕਿਹਾ- ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣ ਦੀ ਕੀਤੀ ਮੰਗ
ਪਾਬੰਦੀ ਦੇ ਬਾਵਜੂਦ ਇਸ ਤਰ੍ਹਾਂ ਖੁੱਲ੍ਹੇਆਮ ਹੋ ਰਹੀ ਪਲਾਸਟਿਕ ਦੀ ਵਰਤੋਂ ਅਤੇ ਸੜਕਾਂ ’ਤੇ ਬੇਸਹਾਰਾ ਪਸ਼ੂਆਂ ਦੀ ਗਿਣਤੀ ਖੁਦ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਹੋਰ ਧਿਆਨ ਦੇਣਾ ਚਾਹੀਦਾ ਹੈ ਅਤੇ ਪਲਾਸਟਿਕ ਦੀ ਵਰਤੋਂ ’ਤੇ ਸਫਲਤਾਪੂਰਵਕ ਰੋਕ ਲਾਉਣੀ ਚਾਹੀਦੀ ਹੈ ਅਤੇ ਬੇਸਹਾਰਾ ਗਊਆਂ ਤੇ ਹੋਰ ਪਸ਼ੂਆਂ ਦੇ ਖੁੱਲ੍ਹੇਆਮ ਘੁੰਮਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਭਾਵਸ਼ਾਲੀ ਉਪਰਾਲੇ ਕੀਤੇ ਜਾਣ ਕਿਉਂਕਿ ਇਹ ਬੇਸਹਾਰਾ ਪਸ਼ੂ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਕਰਦੇ ਹਨ, ਜਿਸ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਗਊਆਂ ਨੂੰ ਲੱਗੀ ਬੀਮਾਰੀ ਦੇ ਕਾਰਨ ਛੱਡਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਇਹ ਯਕੀਨੀ ਬਣਾਇਆ ਜਾਵੇ ਕਿ ਬੀਮਾਰ ਗਾਵਾਂ ਦਾ ਮੁਕੰਮਲ ਇਲਾਜ ਹੋਵੇ।
ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ : ਡੀ. ਸੀ.
ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਪਲਾਸਟਿਕ ਬੇਸ਼ੱਕ ਵਾਤਾਵਰਣ ਅਤੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਲਈ ਘਾਤਕ ਹੈ। ਇਸ ਦਾ ਇਸਤੇਮਾਲ ਨਾ ਕਰਨਾ ਇਕ ਬਹੁਤ ਵੱਡਾ ਬਦਲਾਅ ਹੈ ਅਤੇ ਕਿਸੇ ਵੀ ਵੱਡੇ ਬਦਲਾਅ ਨੂੰ ਆਉਣ 'ਚ ਥੋੜ੍ਹੇ ਸਮਾਂ ਲੱਗਦਾ ਹੈ। ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਬਾਰੇ ਸਮਝਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਵੱਲੋਂ ਇਸ ਸਬੰਧੀ ਚੈਕਿੰਗ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : GNDU ਦੀ ਕੈਮਿਸਟਰੀ ਲੈਬ 'ਚ ਪ੍ਰੈਕਟੀਕਲ ਦੌਰਾਨ ਹੋਇਆ ਧਮਾਕਾ, ਇਕ ਵਿਦਿਆਰਥਣ ਦੀ ਹਾਲਤ ਗੰਭੀਰ
ਪਲਾਸਟਿਕ ਦੇ ਹੋਲਸੇਲਰਾਂ ਬਾਰੇ ਇਤਲਾਹ ਦੇਣ ਲੋਕ : ਏ. ਡੀ. ਸੀ.
ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਦੇ ਏ. ਡੀ. ਸੀ.-ਕਮ-ਨਗਰ ਨਿਗਮ ਕਮਿਸ਼ਨਰ ਫਗਵਾੜਾ ਡਾ. ਨਯਨ ਜੱਸਲ ਨੇ ਕਿਹਾ ਕਿ ਗਊਆਂ ’ਚ ਚੱਲ ਰਹੀ ਬੀਮਾਰੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਉਨ੍ਹਾਂ ਵੱਲੋਂ ਗਊਸ਼ਾਲਾ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਗਊਸ਼ਾਲਾ ਦੇ ਪ੍ਰਬੰਧ ਲਈ ਜਗ੍ਹਾ ਮੁਹੱਈਆ ਕਰਵਾਉਣ ਬਾਰੇ ਵੀ ਕਿਹਾ ਗਿਆ ਸੀ ਤੇ ਜਦੋਂ ਉਨ੍ਹਾਂ ਨੂੰ ਇਸ ਲਈ ਮੁਕੰਮਲ ਜਗ੍ਹਾ ਉਪਲਬਧ ਹੋ ਜਾਵੇਗੀ ਤਾਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਕਰਨ ਸਬੰਧੀ ਚਲਾਨ ਕੱਟਣ ਲਈ ਉਨ੍ਹਾਂ ਦੇ ਮਹਿਕਮੇ ਵਿੱਚ ਇੰਸਪੈਕਟਰ ਅਤੇ ਚੀਫ਼ ਸੈਨੇਟਰੀ ਇੰਸਪੈਕਟਰ ਦੇ ਅਹੁਦੇ ਖਾਲੀ ਹਨ, ਜਿਨ੍ਹਾਂ ਨੂੰ ਭਰਨ ਲਈ ਉਨ੍ਹਾਂ ਵੱਲੋਂ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ। ਪਲਾਸਟਿਕ ਦੀ ਵਰਤੋਂ ਸਾਡੇ ਵਾਤਾਵਰਣ ਲਈ ਬੇਹੱਦ ਘਾਤਕ ਹੈ, ਇਸ ਲਈ ਪਲਾਸਟਿਕ ਦੀ ਵਰਤੋਂ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਹੋਲਸੇਲਰ ਪਲਾਸਟਿਕ ਦੇ ਲਿਫਾਫੇ ਮੁਹੱਈਆ ਕਰਵਾ ਰਹੇ ਹਨ, ਉਨ੍ਹਾਂ ਬਾਰੇ ਉਨ੍ਹਾਂ ਨੂੰ ਇਤਲਾਹ ਕੀਤੀ ਜਾਵੇ ਤੇ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਨੇਤਰਹੀਣ ਬਿਰਧ ਆਸ਼ਰਮ ਦੇ 2 ਨੌਜਵਾਨਾਂ ਦੀ ਮੌਤ
ਪਲਾਸਟਿਕ ਹੈ ਬੇਜ਼ੁਬਾਨ ਜਾਨਵਰਾਂ ਲਈ ਘਾਤਕ : ਐੱਸ. ਪੀ.
ਐੱਸ. ਪੀ. ਫਗਵਾੜਾ ਮੁਖਤਿਆਰ ਰਾਏ ਨੇ ਕਿਹਾ ਕਿ ਪਲਾਸਟਿਕ ਸਾਡੇ ਵਾਤਾਵਰਣ, ਬੇਜ਼ੁਬਾਨ ਜਾਨਵਰਾਂ ਤੇ ਸਮੁੱਚੇ ਸਮਾਜ ਲਈ ਘਾਤਕ ਹੈ ਅਤੇ ਵਾਤਾਵਰਣ ਦੀ ਰੱਖਿਆ ਸਾਡਾ ਸਭ ਦਾ ਸਾਂਝਾ ਫਰਜ਼ ਹੈ। ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਇਸਤੇਮਾਲ 'ਤੇ ਰੋਕ ਲਗਾਈ ਗਈ ਹੈ ਤੇ ਜੋ ਲੋਕ ਅਜੇ ਵੀ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਸਬੰਧਿਤ ਅਧਿਕਾਰੀਆਂ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਨਸ਼ਾ ਸਮੱਗਲਰ ਕਾਬੂ
NEXT STORY