ਜਲੰਧਰ (ਕਮਲੇਸ਼)— ਬੱਸ ਅੱਡੇ ਦੀ ਐਂਟਰੀ ਫੀਸ ਅਦਾ ਨਾ ਕਰਨ ਨੂੰ ਲੈ ਕੇ ਆਰ. ਆਰ. ਕੇ. ਕੇ. ਕੰਪਨੀ ਦੇ ਠੇਕੇਦਾਰਾਂ ਤੇ ਪਿਆਰ ਬੱਸ ਸਰਵਿਸ ਦੇ ਮੁਲਾਜ਼ਮਾਂ ਵਿਚ ਪੀ. ਏ. ਪੀ. ਚੌਕ 'ਤੇ ਜ਼ਬਰਦਸਤ ਹਾਈ-ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ। ਪੀ. ਏ. ਪੀ. ਚੌਕ 'ਤੇ ਜਦੋਂ ਉਕਤ ਕੰਪਨੀ ਦੇ ਠੇਕੇਦਾਰ ਬੱਸ ਦੀ ਪਰਚੀ ਕੱਟਣ ਲਈ ਪਹੁੰਚੇ ਤਾਂ ਬੱਸ ਸਟਾਫ ਉਨ੍ਹਾਂ ਨਾਲ ਭਿੜ ਗਿਆ ਅਤੇ ਉਨ੍ਹਾਂ 'ਚ ਤਿੱਖੀ ਬਹਿਸ ਹੋਈ।
ਮੌਕੇ 'ਤੇ ਪਹੁੰਚੀ ਪੁਲਸ ਦੋਵਾਂ ਧਿਰਾਂ ਨੂੰ ਥਾਣੇ ਲੈ ਗਈ, ਜਿੱਥੇ ਉਨ੍ਹਾਂ ਵਿਚ ਰਾਜ਼ੀਨਾਮਾ ਹੋ ਗਿਆ। ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਥਾਣੇ ਵਿਚ ਪਿਆਰ ਬੱਸ ਸਰਵਿਸ ਦੇ ਮੈਨੇਜਰ ਨੂੰ ਵੀ ਬੁਲਾਇਆ ਗਿਆ ਸੀ ਅਤੇ ਥਾਣੇ ਵਿਚ ਦੋਵਾਂ ਧਿਰਾਂ ਵਿਚ ਐਂਟਰੀ ਫੀਸ ਨੂੰ ਲੈ ਕੇ ਆਪਸੀ ਸਹਿਮਤੀ ਹੋ ਗਈ ਹੈ। ਜਦੋਂ ਇਸ ਮਾਮਲੇ ਵਿਚ ਆਰ. ਆਰ. ਕੇ. ਕੇ. ਕੰਪਨੀ ਦੇ ਠੇਕੇਦਾਰ ਕੁਲਵਿੰਦਰ ਘੁੰਮਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਆਰ ਬੱਸ ਸਰਵਿਸ ਨਾਜਾਇਜ਼ ਤਰੀਕੇ ਨਾਲ ਬਿਨਾਂ ਪਰਮਿਟ ਚਲਾਈ ਜਾਂਦੀ ਹੈ। ਇਹ ਪੀ. ਏ. ਪੀ. ਤੋਂ ਚਲਦੀ ਹੈ ਅਤੇ ਬੱਸ ਅੱਡੇ 'ਚ ਨਹੀਂ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ 'ਚ ਐਂਟਰੀ ਕਰਨ ਵਾਲੀਆਂ ਬੱਸਾਂ ਕੋਲੋਂ ਕਿਤੇ ਵੀ ਫੀਸ ਵਸੂਲਣ ਦਾ ਹੱਕ ਹੈ ਅਤੇ ਇਸਦੇ ਤਹਿਤ ਉਹ ਪੀ. ਏ. ਪੀ. ਚੌਂਕ 'ਚ ਬੱਸ ਦੀ ਪਰਚੀ ਕੱਟਣ ਗਏ ਸਨ ਪਰ ਉਥੇ ਬੱਸ ਸਟਾਫ ਨੇ ਆਪਣੇ 30-40 ਲੋਕ ਇਕੱਠੇ ਕਰ ਲਏ ਅਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗੇ। ਬੱਸ ਕੰਪਨੀ ਵਿਚ ਵੱਡੇ ਅਫਸਰਾਂ ਦਾ ਹਿੱਸਾ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪੁਲਸ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲਿਜਾਇਆ ਗਿਆ, ਜਿੱਥੇ ਕੰਪਨੀ ਦੇ ਮੈਨੇਜਰ ਐਂਟਰੀ ਦੇਣ ਲਈ ਰਾਜ਼ੀ ਹੋ ਗਏ।
ਕੋਰਟ 'ਚ ਪਹਿਲਾਂ ਵੀ ਚੱਲ ਰਿਹਾ ਹੈ ਪਿਆਰ ਬੱਸ ਸਰਵਿਸ 'ਤੇ ਬਿਨਾਂ ਪਰਮਿਟ ਦੇ ਚੱਲਣ ਸਬੰਧੀ ਕੇਸ
ਜ਼ਿਕਰਯੋਗ ਹੈ ਕਿ ਪਿਆਰ ਬੱਸ ਸਰਵਿਸ ਬਿਨਾਂ ਪਰਮਿਟ ਦੇ ਜਲੰਧਰ-ਅੰਮ੍ਰਿਤਸਰ ਰੂਟ 'ਤੇ ਬੱਸ ਚਲਾਉਣ ਦਾ ਮਾਮਲਾ ਪਹਿਲਾਂ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਵਿਚਾਰ ਅਧੀਨ ਹੈ। ਕੋਰਟ 'ਚ ਇਹ ਪਟੀਸ਼ਨ ਪਰੋਵਾਲ ਬੱਸ ਸਰਵਿਸ ਦੇ ਮਾਲਕ ਨੇ ਪਾਈ ਸੀ ਅਤੇ ਪਟੀਸ਼ਨ ਵਿਚ ਉਨ੍ਹਾਂ ਇਹ ਵੀ ਗੱਲ ਕਹੀ ਸੀ ਕਿ ਇਸ ਬੱਸ ਕੰਪਨੀ ਵਿਚ ਜਲੰਧਰ ਦੇ ਰੀਜਨਲ ਪਾਸਪੋਰਟ ਅਫਸਰ ਹਰਮਨਬੀਰ ਸਿੰਘ ਗਿੱਲ ਦਾ ਵੀ ਹਿੱਸਾ ਹੈ ਅਤੇ ਉਹ ਸਰਕਾਰੀ ਅਹੁਦੇ 'ਤੇ ਹੁੰਦਿਆਂ ਹੋਇਆਂ ਵੀ ਟਰਾਂਸਪੋਰਟ ਬਿਜ਼ਨੈੱਸ ਵਿਚ ਸ਼ਾਮਲ ਹਨ। ਕੋਰਟ ਨੇ ਇਸ ਮਾਮਲੇ ਵਿਚ ਪਾਸਪੋਰਟ ਅਫਸਰ ਨੂੰ ਵੀ ਨੋਟਿਸ ਭੇਜਿਆ ਸੀ ਪਰ ਫਿਲਹਾਲ ਇਹ ਕੇਸ ਕੋਰਟ ਵਿਚ ਵਿਚਾਰ ਅਧੀਨ ਹੈ। ਇਸ ਮਾਮਲੇ 'ਚ ਜਦੋਂ ਪਿਆਰ ਬੱਸ ਸਰਵਿਸ ਦੇ ਮੈਨੇਜਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।
ਚੋਰਾਂ ਨੇ ਕੰਧ ਤੋੜ ਕੇ ਘਰ ਨੂੰ ਲਾਈ ਸੰਨ੍ਹ, ਲੱਖਾਂ ਦੀ ਨਕਦੀ ਤੇ ਗਹਿਣੇ ਕੀਤੇ ਚੋਰੀ
NEXT STORY