ਨੂਰਪੁਰ ਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)— ਪੰਜਾਬ ਸਰਕਾਰ ਵੱਲੋਂ ਜਿੱਥੇ ਸੜਕ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਜ਼ਿਲੇ 'ਚ ਕੁਝ ਅਜਿਹੇ 'ਜੁਗਾੜੀ' ਵਾਹਨ ਸੜਕਾਂ 'ਤੇ ਦੌੜ ਰਹੇ ਹਨ ਜੋ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਲੋਕਾਂ ਵੱਲੋਂ ਆਪਣੇ ਵਾਹਨਾਂ, ਕਾਰਾਂ, ਮੋਟਰਸਾਈਕਲਾਂ ਆਦਿ ਦੇ ਅੱਧੇ ਹਿੱਸੇ ਨੂੰ ਕਟਵਾ ਕੇ ਵੱਖ-ਵੱਖ ਤਰ੍ਹਾਂ ਦੇ ਜੁਗਾੜ ਬਣਾਏ ਹੋਏ ਹਨ। ਇਸ ਤੋਂ ਇਲਾਵਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਨਵੇਂ-ਪੁਰਾਣੇ ਮੋਟਰਸਾਈਕਲ ਦੇ ਪਿਛਲੇ ਬੰਪਰਾਂ ਨੂੰ ਕੱਟ ਕੇ ਨਵੀਂ ਲੁੱਕ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਵਾਹਨਾਂ ਦੀ ਵਰਤੋਂ ਕਿਸਾਨਾਂ ਵੱਲੋਂ ਵੀ ਆਪਣੇ ਖੇਤੀ ਕੰਮਾਂ ਲਈ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੁੰਭਕਰਨੀ ਨੀਂਦ ਸੁੱਤਾ ਟਰਾਂਸਪੋਰਟ ਵਿਭਾਗ ਉਕਤ ਵਾਹਨਾਂ ਨੂੰ ਰੋਕਣ ਲਈ ਕੀ ਕਦਮ ਉਠਾਉਂਦਾ ਹੈ। ਅਜਿਹੇ ਵਾਹਨਾਂ ਨੂੰ ਚਲਾਉਣ ਸਮੇਂ ਨਾ ਤਾਂ ਵਾਹਨ ਚਾਲਕ ਸੁਰੱਖਿਅਤ ਹਨ ਅਤੇ ਨਾ ਹੀ ਰਸਤੇ 'ਚ ਜਾ ਰਹੇ ਰਾਹਗੀਰ। ਉਕਤ ਵਾਹਨਾਂ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਜੁਗਾੜੀ ਵਾਹਨਾਂ ਦੀ ਨਹੀਂ ਕੋਈ ਰਜਿਸਟਰੇਸ਼ਨ:-
ਲੋਕਾਂ ਵੱਲੋਂ ਆਪਣੇ ਤੌਰ 'ਤੇ ਤਿਆਰ ਕੀਤੇ ਗਏ ਜੁਗਾੜੀ ਵਾਹਨਾਂ ਨੂੰ ਬਿਨਾਂ ਰਜਿਸਟਰੇਸ਼ਨ ਤੋਂ ਹੀ ਸ਼ਰੇਆਮ ਸੜਕਾਂ 'ਤੇ ਦੌੜਾਇਆ ਜਾ ਰਿਹਾ ਹੈ। ਹਾਲਾਂਕਿ ਹਰ ਇਕ ਵਾਹਨ ਦੀ ਟਰਾਂਸਪੋਰਟ ਵਿਭਾਗ ਕੋਲ ਰਜਿਸਟਰੇਸ਼ਨ ਹੋਣੀ ਬੇਹੱਦ ਜ਼ਰੂਰੀ ਹੈ ਪਰ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਤਿਆਰ ਕੀਤੇ ਗਏ ਵਾਹਨਾਂ ਦੀ ਟਰਾਂਸਪੋਰਟ ਵਿਭਾਗ ਕੋਲ ਰਜਿਸਟਰੇਸ਼ਨ ਨਹੀਂ ਹੈ। ਭਾਵੇਂ ਕਿ ਉਕਤ ਵਾਹਨਾਂ ਦਾ ਮਾਮਲਾ ਪ੍ਰਸ਼ਾਸਨ ਦੇ ਵੀ ਧਿਆਨ 'ਚ ਹੈ ਪਰ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵੱਲੋਂ ਅਜਿਹੇ ਵਾਹਨਾਂ ਨੂੰ ਰੋਕਣ ਦੀ ਹਿੰਮਤ ਨਹੀਂ ਵਿਖਾਈ ਗਈ ਅਤੇ ਨਾ ਹੀ ਟ੍ਰੈਫਿਕ ਪੁਲਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਕੀਤੀ ਜਾ ਰਹੀ ਹੈ।
ਜੁਗਾੜ ਬਣਾਉਣ ਵਾਲੀਆਂ ਵਰਕਸ਼ਾਪਾਂ ਦੀ ਭਰਮਾਰ:-
ਵਾਹਨਾਂ 'ਤੇ ਜੁਗਾੜ ਲਗਾ ਕੇ ਤਿਆਰ ਕਰਨ ਵਾਲੀਆਂ ਜ਼ਿਲੇ 'ਚ ਅਨੇਕਾਂ ਵਰਕਸ਼ਾਪਾਂ ਖੁੱਲ੍ਹੀਆਂ ਹੋਈਆਂ ਹਨ, ਜਿੱਥੇ ਮਿਸਤਰੀ ਪੁਰਾਣੇ ਵਾਹਨਾਂ ਨੂੰ ਕੱਟ ਕੇ ਉਨ੍ਹਾਂ ਦੇ ਪਿੱਛੇ ਬਾਡੀਆਂ ਲਗਾ ਰਹੇ ਹਨ। ਸਬਜ਼ੀਆਂ, ਕਬਾੜ, ਰੇਹੜੀ ਚਲਾਉਣ ਦਾ ਕੰਮ ਕਰਨ ਵਾਲੇ ਵਿਅਕਤੀ ਸਾਮਾਨ ਦੀ ਢੋਆ-ਢੁਆਈ ਕਰਨ ਲਈ ਆਪਣੇ ਮੋਟਰਸਾਈਕਲਾਂ ਦੇ ਅੱਧੇ ਹਿੱਸੇ ਨੂੰ ਕਟਵਾ ਕੇ ਰੇਹੜੀਆਂ ਲਵਾ ਰਹੇ ਹਨ। ਇਸ ਤੋਂ ਇਲਾਵਾ ਕੁਝ ਕਿਸਾਨਾਂ ਵੱਲੋਂ ਵੀ ਆਪਣੀਆਂ ਮਾਰੂਤੀ ਕਾਰਾਂ ਦੇ ਪਿੱਛੇ ਕੰਪਨੀ ਵਾਹਨਾਂ ਦੀ ਤਰ੍ਹਾਂ ਡਾਲੇ ਲਗਾਏ ਹੋਏ ਹਨ।
ਨਵੀਂ ਲੁੱਕ ਲਈ ਕਟਵਾਏ ਮੋਟਰਸਾਈਕਲ:-
ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਮੋਟਰਸਾਈਕਲਾਂ ਦੇ ਬੰਪਰਾਂ ਨੂੰ ਉਤਾਰ ਕੇ ਨਵੀਂ ਲੁੱਕ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਮੋਟਰਸਾਈਕਲ ਸ਼ਹਿਰ ਦੇ ਸਿੱਖਿਅਕ ਸੰਸਥਾਵਾਂ ਨਜ਼ਦੀਕ ਆਮ ਵੇਖਣ ਨੂੰ ਮਿਲ ਰਹੇ ਹਨ। ਮਾਰਕੀਟ 'ਚ ਨਵੇਂ-ਨਵੇਂ ਆ ਰਹੇ ਮੋਟਰਸਾਈਕਲਾਂ ਨੂੰ ਦੇਖ ਕੇ ਨੌਜਵਾਨਾਂ 'ਚ ਆਪਣੇ ਪੁਰਾਣੇ ਮੋਟਰਸਾਈਕਲਾਂ ਨੂੰ ਲੁਕ ਦੇਣ ਦਾ ਪ੍ਰਚਲਨ ਆਮ ਹੈ। ਹੈਰਾਨੀ ਦੀ ਗੱਲ ਹੈ ਕਿ ਰੋਜ਼ਾਨਾ ਲੋਕਾਂ ਦੇ ਚਲਾਨ ਕੱਟਣ 'ਤੇ ਜ਼ੋਰ ਦੇਣ ਵਾਲੀ ਟ੍ਰੈਫਿਕ ਪੁਲਸ ਵੱਲੋਂ ਉਕਤ ਵਾਹਨਾਂ ਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਜੁਗਾੜੀ ਵਾਹਨਾਂ ਕਾਰਨ ਲੱਗ ਰਿਹੈ ਸਰਕਾਰ ਨੂੰ ਚੂਨਾ:-ਇਲਾਕੇ 'ਚ ਸੈਂਕੜਿਆਂ ਦੀ ਗਿਣਤੀ 'ਚ ਮੋਟਰਸਾਈਕਲਾਂ, ਮੋਪਿਡਾਂ ਦੇ ਪਿੱਛੇ ਟਰਾਲੀਆਂ ਲਵਾ ਕੇ ਲੋਕ ਸਰਕਾਰ ਨੂੰ ਚਾਰ ਪਹੀਆ ਵਾਹਨਾਂ ਤੋਂ ਟੈਕਸ ਦੇ ਰੂਪ 'ਚ ਹੋਣ ਵਾਲੀ ਆਮਦਨ ਨੂੰ ਚੂਨਾ ਲਗਾ ਰਹੇ ਹਨ। ਇਨ੍ਹਾਂ ਮੋਟਰਸਾਈਕਲ ਟਰਾਲੀਆਂ 'ਚ ਲੋਹਾ, ਸਰੀਆ, ਸੀਮੈਂਟ, ਟਾਇਲਾਂ, ਫਰਿੱਜ ਅਤੇ ਹੋਰ ਸਾਮਾਨ ਢੋਹ ਕੇ ਚਾਰ ਪਹੀਆ ਵਾਹਨ ਵਾਲਿਆਂ ਦੀ ਰੋਜ਼ੀ-ਰੋਟੀ ਖੋਹੀ ਜਾ ਰਹੀ ਹੈ। ਓਧਰ ਚਾਰ ਪਹੀਆ ਵਾਹਨ ਮਾਲਕਾਂ, ਜਿਨ੍ਹਾਂ 'ਚ ਸੰਜੀਵ ਕੁਮਾਰ ਬਲਬੀਰ ਸਿੰਘ .ਰਾਣਾ ਨੂਰਪੁਰ ਬੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਚਾਰ ਪਹੀਆ ਵਾਹਨਾਂ 'ਤੇ ਲੱਖਾਂ ਰੁਪਏ ਖਰਚੇ ਸਨ ਅਤੇ ਕਈਆਂ ਨੇ ਕਿਸ਼ਤਾਂ 'ਤੇ ਵਾਹਨ ਲਏ ਹਨ ਪਰ ਇਨ੍ਹਾਂ ਜੁਗਾੜੀ ਵਾਹਨਾਂ ਕਾਰਨ ਉਨ੍ਹਾਂ ਨੂੰ ਕਿਸ਼ਤਾਂ ਮੋੜਨੀਆਂ ਔਖੀਆਂ ਹੋਈਆਂ ਪਈਆਂ ਹਨ। ਇਸ ਲਈ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਜੁਗਾੜੀ ਵਾਹਨਾਂ 'ਤੇ ਜਲਦੀ ਤੋਂ ਜਲਦੀ ਨਕੇਲ ਪਾਈ ਜਾਵੇ।
ਮਿਸ਼ਨ 'ਤੰਦਰੁਸਤ ਪੰਜਾਬ' ਦੀ ਸਫਲਤਾ ਲਈ ਨਿੱਤਰੇ ਵਾਤਾਵਰਣ ਪ੍ਰੇਮੀ
NEXT STORY