ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਇਤਿਹਾਸਕ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਵਸਨੀਕਾਂ ਨੂੰ ਵਿਆਹ ਸ਼ਾਦੀ ਅਤੇ ਹੋਰ ਨਿੱਜੀ ਸਮਾਗਮ ਕਰਨ ਲਈ ਸ਼ਹਿਰ ਵਿਚ ਕੋਈ ਯੋਗ ਥਾਂ ਨਾ ਹੋਣ ਕਾਰਨ ਸ਼ਹਿਰ ਦੇ ਵਸਨੀਕਾਂ ਦੀ ਮੰਗ ਉਪਰ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਉਸ ਸਮੇਂ ਦੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਮੁੱਢਲਾ ਸਿਹਤ ਕੇਂਦਰ ਅਤੇ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਜ਼ਮੀਨ ਵਿਚ ਅਤਿ ਅਧੁਨਿਕ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਨ ਲਈ 4 ਦਸੰਬਰ 2019 ਨੂੰ ਆਪਣੇ ਕਰ ਕਮਲਾ ਨਾਲ ਨੀਂਹ ਪੱਥਰ ਰੱਖਿਆ ਗਿਆ ਸੀ ਪਰ 6 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਅਤਿਧੁਨਿਕ ਕਮਿਊਨਿਟੀ ਸੈਂਟਰ ਬਣ ਕੇ ਤਿਆਰ ਨਹੀਂ ਹੋ ਸਕਿਆ। ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਆਲੇ-ਦੁਆਲੇ ਨਿੱਜੀ ਪੈਲਸਾਂ ਵਿਚ ਜਾਂ ਜ਼ਮੀਨ ਕਿਰਾਏ ਉਪਰ ਲੈ ਕੇ ਆਪਣੇ ਸਮਾਗਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦਕਿ ਨਗਰ ਪੰਚਾਇਤ ਵੱਲੋ ਇਸ ਦਾ ਕੰਮ ਪੂਰਾ ਕਰਵਾਉਣ ਲਈ 60 ਲੱਖ ਰੁਪਏ ਦਾ ਫੰਡ ਰੱਖਿਆ ਗਿਆ ਸੀ ਪਰ ਇਸ ਦੇ ਬਾਵਜੂਦ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਹੁਣ ਉਕਤ ਰੱਖੀ ਗਈ ਰਾਸ਼ੀ ਵੀ ਹੋਰ ਪਾਸੇ ਖਰਚ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ: Punjab : ਇਸ ਰੇਲਵੇ ਫਾਟਕ 'ਤੇ ਟੁੱਟਿਆ ਟਰਾਲੀ ਦਾ ਐਕਸਲ, ਡੇਢ ਘੰਟਾ ਰੋਕੀਆਂ ਰੇਲਾਂ
ਲੋਕਾਂ ਨੇ ਕਮਿਊਨਿਟੀ ਸੈਂਟਰ ਬਣਾਉਣ ਦੀ ਕੀਤੀ ਸੀ ਮੰਗ
ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਜਿਸ ਵਿਚ ਪੰਜ ਪਿੰਡ ਸ਼ਾਮਿਲ ਹਨ ਅਤੇ ਇਨ੍ਹਾਂ ਨੂੰ ਅੱਗੇ 11 ਵਾਰਡਾਂ ਵਿਚ ਵੰਡਿਆ ਹੋਇਆ ਹੈ। ਇਨ੍ਹਾਂ ਵਾਰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਸ਼ਹਿਰ ਵਿਚ ਕੋਈ ਵੀ ਕਮਿਊਨਿਟੀ ਸੈਂਟਰ ਨਹੀਂ ਸੀ ਅਤੇ ਨਾ ਹੀ ਸ਼ਹਿਰ ਵਿਚ ਕੋਈ ਸਰਕਾਰੀ ਖੁੱਲ੍ਹੀ ਜ਼ਮੀਨ ਹੈ, ਜਿੱਥੇ ਲੋਕ ਟੈਂਟ ਲਗਾ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਆਹ ਅਤੇ ਹੋਰ ਨਿੱਜੀ ਪ੍ਰੋਗਰਾਮ ਕਰ ਸਕਣ,ਲੋਕਾਂ ਦੇ ਘਰਾਂ ਨਾਲ ਲੱਗਦੀਆਂ ਗਲੀਆਂ ਛੋਟੀਆਂ ਤੇ ਤੰਗ ਹੋਣ ਕਾਰਨ ਉਨ੍ਹਾਂ ਵਿਚ ਟੈਂਟ ਲਗਾ ਕੇ ਸਮਾਗਮ ਨਹੀਂ ਸੀ ਹੋ ਸਕਦੇ, ਦੂਜਾ ਅਜਿਹਾ ਕਰਨ ਨਾਲ ਰਾਹਗੀਰ ਲੋਕਾਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਸੀ। ਮਜਬੂਰੀਵਸ ਲੋਕਾਂ ਨੂੰ ਸ਼ਹਿਰ ਤੋਂ ਕਾਫੀ ਦੂਰ ਜਾ ਕੇ ਮਹਿੰਗੇ ਕਿਰਾਏ ਦੇ ਹੋਟਲ, ਪੈਲੇਸ ਬੁੱਕ ਕਰਕੇ ਆਪਣੇ ਨਿੱਜੀ ਸਮਾਗਮ ਕਰਨੇ ਪੈਂਦੇ ਸਨ। ਸ਼ਹਿਰ ਦੇ ਗਰੀਬ ਲੋਕਾਂ ਨੂੰ ਪੈਸੇ ਦੀ ਘਾਟ ਕਾਰਨ ਆਪਣੇ ਨਿੱਜੀ ਸਮਾਗਮ ਕਰਨ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।
ਰਾਣਾ ਕੇ. ਪੀ. ਸਿੰਘ ਨੇ 4 ਦਸੰਬਰ 2019 ਨੂੰ ਰੱਖਿਆ ਸੀ ਨੀਂਹ ਪੱਥਰ
ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਕਾਂਗਰਸ ਸਰਕਾਰ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਜਰੀਏ 1.61 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 6 ਹਜ਼ਾਰ ਵਰਗ ਫੁੱਟ ਵਿਚ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ 4 ਦਸੰਬਰ 2019 ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। ਨਗਰ ਪੰਚਾਇਤ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਲਈ ਪਟਿਆਲਾ ਦੇ ਇਕ ਮੰਨੇ ਪਰਮੰਨੇ ਠੇਕੇਦਾਰ ਦੀ ਕੰਪਨੀ ਨੂੰ ਟੈਂਡਰ ਜਰੀਏ ਠੇਕਾ ਦਿੱਤਾ ਗਿਆ ਸੀ। ਠੇਕੇਦਾਰ ਵੱਲੋਂ ਕਮਿਊਨਿਟੀ ਸੈਂਟਰ ਬਣਾਉਣ ਦਾ ਕੰਮ ਪਹਿਲਾਂ ਬੜੀ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਸੀ ਪਰ ਕੋਰੋਨਾ ਕਾਲ ਵਿਚ ਇਸ ਦਾ ਕੰਮ ਕੁਝ ਸਮੇਂ ਲਈ ਰੁਕਿਆ ਰਿਹਾ ਜਿਸ ਤੋਂ ਬਾਅਦ ਮੁੜ ਠੇਕੇਦਾਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਪਰ ਫੰਡ ਦੀ ਘਾਟ ਕਾਰਨ ਮੁੜ ਇਸ ਦਾ ਕੰਮ ਰੁਕ ਗਿਆ ਅਤੇ ਸਾਲ 2022 ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ,ਇਸ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਇਸ ਕਮਿਊਨਿਟੀ ਸੈਂਟਰ ਵਿਚ ਇਕ ਇੱਟ ਵੀ ਨਹੀਂ ਲੱਗ ਸਕੀ। ਇਸ ਕਮਿਊਨਿਟੀ ਸੈਂਟਰ ਦਾ ਕੰਮ ਕਰਵਾਉਣ ਲਈ ਕਈ ਵਾਰ ਪ੍ਰਿੰਟ ਮੀਡੀਆ ਵਿਚ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਪਰ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਸਾਲ ਦੇ ਪਹਿਲੇ ਦਿਨ ਪੰਜਾਬ 'ਚ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ
ਕਮਿਊਨਿਟੀ ਸੈਂਟਰ ਦੀ ਬਿਲਡਿੰਗ ਉੱਪਰ ਪਹਾੜ ਦਾ ਮਲਵਾ ਡਿੱਗਿਆ
ਅਧੂਰੀ ਪਈ ਕਮਿਊਨਿਟੀ ਸੈਂਟਰ ਦੀ ਇਮਾਰਤ ਦੇ ਪਿਛਲੇ ਪਾਸੇ ਇਕ ਬਹੁਤ ਉੱਚਾ ਪਹਾੜ ਸਥਿਤ ਹੈ , ਬਰਸਾਤ ਦੇ ਮੌਸਮ ਦੌਰਾਨ ਭਾਰੀ ਮੀਂਹ ਪੈਣ ਕਾਰਨ ਇਸ ਪਹਾੜ ਦਾ ਮਲਬਾ ਕਮਿਊਨਿਟੀ ਸੈਂਟਰ ਦੀ ਪਿਛਲੀ ਕੰਧ ਨਾਲ ਆ ਕੇ ਡਿੱਗ ਪਿਆ ਅਤੇ ਇਸ ਮਲਬੇ ਨੇ ਕੰਧ ਨੂੰ ਵੀ ਤੋੜ ਕੇ ਰੱਖ ਦਿੱਤਾ ਹੈ ਤੇ ਪਹਾੜੀ ਦਾ ਕੁਝ ਮਲਬਾ ਇਮਾਰਤ ਦੇ ਅੰਦਰ ਤੱਕ ਪੁੱਜ ਗਿਆ ਹੈ। ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਇਸ ਇਮਾਰਤ ਦੇ ਅੰਦਰ ਅਤੇ ਬਾਹਰ ਕੰਧ ਨਾਲ ਲੱਗੇ ਹੋਏ ਪਹਾੜੀ ਮਲਬੇ ਨੂੰ ਹਟਾਉਣ ਲਈ ਹੁਣ ਤੱਕ ਕੋਈ ਵੀ ਯੋਗ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਛੇ ਸਾਲ ਤੋਂ ਅਧੂਰੀ ਪਈ ਇਮਾਰਤ ਹੁਣ ਰਾਤ ਸਮੇਂ ਬੇਸਹਾਰਾ ਪਸ਼ੂਆਂ ਦਾ ਰਿਹਾਇਸ਼ੀ ਟਿਕਾਣਾ ਬਣ ਚੁੱਕਿਆ ਹੈ। ਜੇਕਰ ਇਸ ਦੀ ਸਮੇਂ ਸਿਰ ਸਾਂਭ ਸੰਭਾਲ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਅਧੂਰੀ ਬਣੀ ਇਮਾਰਤ ਖੰਡਰ ਬਣ ਸਕਦੀ ਹੈ।
ਨਵੇਂ ਸਾਲ 2026 ਵਿਚ ਅਧੂਰੀ ਇਮਾਰਤ ਦਾ ਕੰਮ ਪੂਰਾ ਹੋਣ ਦੀ ਲੋਕਾਂ ਨੂੰ ਆਸ
ਸ਼ਹਿਰ ਦੇ ਲੋਕਾਂ ਨੇ ਆਸ ਪ੍ਰਗਟਾਈ ਹੈ ਕਿ ਨਵੇਂ ਸਾਲ 2026 ਵਿਚ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪ ਨਿੱਜੀ ਦਿਲਚਸਪੀ ਲੈ ਕੇ ਨਗਰ ਪੰਚਾਇਤ ਦੇ ਜਰੀਏ ਇਸ ਅਧੂਰੀ ਪਈ ਕਮਿਊਨਿਟੀ ਸੈਂਟਰ ਦੀ ਇਮਾਰਤ ਨੂੰ ਪੂਰਾ ਕਰਵਾ ਕੇ ਲੋਕ ਅਰਪਣ ਕਰਨਗੇ।
ਕੀ ਕਹਿਣਾ ਹੈ ਨਗਰ ਪੰਚਾਇਤ ਦੇ ਪ੍ਰਧਾਨ ਦਾ
ਇਸ ਬਾਰੇ ਜਦੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਐੱਸ.ਪੀ. ਕੌੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਕਮਿਊਨਿਟੀ ਸੈਂਟਰ ਦੇ ਅਧੂਰੇ ਕੰਮ ਨੂੰ ਪੂਰਾ ਕਰਵਾਉਣ ਲਈ ਕਰੀਬ ਦੋ ਸਾਲ ਪਹਿਲਾਂ ਮਤਾ ਪਾ ਕੇ 60 ਲੱਖ ਰੁਪਏ ਦਾ ਫੰਡ ਰੱਖਿਆ ਗਿਆ ਸੀ ਅਤੇ ਇਸ ਅਧੂਰੇ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਕਰਨ ਲਈ ਨਗਰ ਪੰਚਾਇਤ ਵਲੋਂ ਕਈ ਵਾਰ ਠੇਕੇਦਾਰ ਨੂੰ ਪੱਤਰ ਵੀ ਲਿਖੇ ਗਏ ਸਨ ਪਰ ਉਹ ਕੰਮ ਕਰਨ ਲਈ ਨਹੀਂ ਆ ਰਿਹਾ ਹੈ, ਹੁਣ ਉਕਤ 60 ਲੱਖ ਰੁਪਏ ਦੀ ਰਾਸ਼ੀ ਹੋਰ ਪਾਸੇ ਵਿਕਾਸ ਕਾਰਜਾਂ ਦੇ ਖਰਚ ਕੀਤੀ ਜਾ ਚੁੱਕੀ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਅਧੂਰੇ ਕਮਿਊਨਿਟੀ ਸੈਂਟਰ ਦਾ ਕੰਮ ਕਰਵਾਉਣ ਲਈ ਅਤੇ ਪਿਛਲੇ ਪਾਸੇ ਡਿੱਗੀ ਪਹਾੜ ਦੀ ਮਿੱਟੀ ਚਕਾਉਣ ਲਈ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਨੂੰ ਫੰਡ ਜਾਰੀ ਕਰੇ, ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਤਾਂ ਪਿਛਲੇ ਕਾਫੀ ਸਮੇਂ ਤੋਂ ਇਸ ਅਧੂਰੇ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸਾਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਹਨ੍ਹੇਰੀ ਦੇ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ 4 ਜਨਵਰੀ ਤੱਕ ਦਿੱਤੀ ਵੱਡੀ ਚਿਤਾਵਨੀ
ਜਲਦ ਪੂਰਾ ਕਰਵਾਇਆ ਜਾਵੇਗਾ ਕੰਮ : ਕਮਿੱਕਰ ਸਿੰਘ ਡਾਢੀ
ਇਸ ਬਾਰੇ ਜਦੋਂ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਅਤੇ ਆਪ ਦੇ ਹਲਕਾ ਸੰਗਠਨ ਇੰਚਾਰਜ ਕਮਿੱਕਰ ਸਿੰਘ ਡਾਢੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੇ ਕਈ ਵੱਡੇ ਕੰਮ ਜਿਵੇਂ ਹਸਪਤਾਲ ਦਾ ਕੰਮ , ਸਕੂਲ ਦਾ ਕੰਮ , ਸੀਵਰੇਜ ਟਰੀਟਮੈਂਟ ਪਲਾਟ ਦਾ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਹਸਪਤਾਲ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਲਗਭਗ ਹੋ ਚੁੱਕਿਆ ਹੈ ਅਤੇ ਸਕੂਲ ਦਾ ਕੰਮ ਬਾਕੀ ਰਹਿੰਦਾ ਹੈ ਜੋ ਕਿ ਜਲਦ ਪੂਰਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਕਮਿਊਨਿਟੀ ਸੈਂਟਰ ਦਾ ਅਧੂਰਾ ਪਿਆ ਕੰਮ ਪੂਰਾ ਕਰਵਾਉਣ ਦਾ ਫਰਜ਼ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦਾ ਬਣਦਾ ਸੀ ਪਰ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ। ਇਹ ਮਾਮਲਾ ਸਾਡੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿਚ ਵੀ ਲਿਆਂਦਾ ਜਾ ਚੁੱਕਿਆ ਹੈ ਜਿਨ੍ਹਾਂ ਵੱਲੋਂ ਇਸ ਨਵੇਂ ਸਾਲ 2026 ਵਿਚ ਆਪ ਅੱਗੇ ਹੋ ਕੇ ਇਹ ਕੰਮ ਪੂਰਾ ਕਰਵਾਇਆ ਜਾਵੇਗਾ ਅਤੇ ਇਸ ਕਮਿਊਨਿਟੀ ਸੈਂਟਰ ਨੂੰ ਲੋਕ ਅਰਪਿਤ ਕੀਤਾ ਜਾਵੇਗਾ।
ਜਨਹਿੱਤ ਨੂੰ ਧਿਆਨ ਵਿਚ ਰੱਖਦੇ ਸਰਕਾਰ ਜਲਦ ਕੰਮ ਪੂਰਾ ਕਰਵਾਏ : ਸੁਰਿੰਦਰ ਬੇਦੀ
ਇਲਾਕੇ ਦੇ ਉੱਘੇ ਸਮਾਜ ਸੇਵੀ ਸੁਰਿੰਦਰ ਬੇਦੀ ਨੇ ਕਿਹਾ ਹੈ ਕਿ ਉਨਾਂ ਵੱਲੋਂ ਇਸ ਅਧੂਰੇ ਪਏ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਕਰਨ ਦੀ ਕਈ ਵਾਰ ਸਰਕਾਰ ਤੋਂ ਮੰਗ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਅਤੇ ਨਗਰ ਪੰਚਾਇਤ ਇਸ ਦਾ ਅਧੂਰਾ ਕੰਮ ਪੂਰਾ ਨਹੀਂ ਕਰਵਾ ਸਕੀ, ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਸਨੀਕਾਂ ਨੂੰ ਕਮਿਊਨਿਟੀ ਸੈਂਟਰ ਦੀ ਬਹੁਤ ਲੋੜ ਹੈ ਇਸ ਲਈ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬੇਨਤੀ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਅਧੂਰੇ ਪਏ ਕਮਿਊਨਿਟੀ ਸੈਂਟਰ ਦਾ ਕੰਮ ਪੂਰਾ ਕਰਵਾਇਆ ਜਾਵੇ।
ਇਹ ਵੀ ਪੜ੍ਹੋ: ਜਲੰਧਰ-ਫਗਵਾੜਾ NH 'ਤੇ Eastwood Village 'ਚ ਨਵੇਂ ਸਾਲ ਦੇ ਜਸ਼ਨ ਦੌਰਾਨ ਹੰਗਾਮਾ! ਬਾਉਸਰਾਂ ਨੇ ਕੁੱਟੇ ਮੁੰਡੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਬਾਬਾ ਜਸਪਾਲ ਸਿੰਘ ਵੱਲੋਂ ਮੀਟਿੰਗ
NEXT STORY