ਜਲੰਧਰ (ਰੱਤਾ)— ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਨਾਲ ਪੀੜਤ ਕਿਸੇ ਵੀ ਰੋਗੀ ਦੀ ਭਾਵੇਂ ਹੁਣ ਤੱਕ ਜਲੰਧਰ 'ਚ ਪੁਸ਼ਟੀ ਨਹੀਂ ਹੋਈ ਹੈ ਪਰ ਫਿਰ ਵੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸਿਹਤ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਵੀ 3 ਸ਼ੱਕੀ ਰੋਗੀਆਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਕਰਨ ਲਈ ਦਿੱਲੀ ਭੇਜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ 'ਚੋਂ ਇਕ ਔਰਤ ਨਿਊ ਰੂਬੀ ਹਸਪਤਾਲ 'ਚ ਦਾਖਲ ਹੈ, ਜਦੋਂਕਿ 2 ਰੋਗੀ ਸਿਵਲ ਹਸਪਤਾਲ 'ਚ ਸੈਂਪਲ ਦੇ ਕੇ ਆਪਣੇ ਘਰ ਚਲੇ ਗਏ। ਉਧਰ ਦੋਆਬਾ ਹਸਪਤਾਲ 'ਚ ਦਾਖਲ ਜਿਨ੍ਹਾਂ 2 ਬੱਚਿਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਵੀਰਵਾਰ ਨੂੰ ਦਿੱਲੀ ਭੇਜੇ ਗਏ ਸਨ, ਉਨ੍ਹਾਂ ਦੀ ਰਿਪੋਰਟ ਸ਼ਨੀਵਾਰ ਤੱਕ ਆਉਣ ਦੀ ਸੰਭਾਵਨਾ ਹੈ। ਉਥੇ ਹੀ ਪੰਜਾਬ 'ਚ ਇਟਲੀ ਤੋਂ ਆਏ ਦੋ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜੋ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਹ ਕਿਹੋ ਜਿਹੀ ਚੌਕਸੀ!
ਕੋਰੋਨਾ ਵਾਇਰਸ ਸਬੰਧੀ ਸਿਹਤ ਵਿਭਾਗ ਜਿੱਥੇ ਪੂਰੀ ਤਰ੍ਹਾਂ ਚੌਕਸ ਹੋਣ ਦੀ ਗੱਲ ਕਰ ਰਿਹਾ ਹੈ, ਉਥੇ ਹੀ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ 'ਚ ਜਿਨ੍ਹਾਂ 2 ਰੋਗੀਆਂ ਦੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਸੈਂਪਲ ਲਏ ਗਏ। ਉਨ੍ਹਾਂ ਨੂੰ ਵਿਭਾਗ ਨੇ ਦਾਖਲ ਕਰਨ ਦੀ ਬਜਾਏ ਇਹ ਕਹਿ ਕੇ ਘਰ ਭੇਜ ਦਿੱਤਾ ਕਿ ਕ੍ਰਿਪਾ ਕਰਕੇ ਰਿਪੋਰਟ ਆਉਣ ਤੱਕ ਤੁਸੀਂ ਘਰ 'ਚ ਹੀ ਰਹੋ। ਹੁਣ ਸੋਚਣ ਦੀ ਗੱਲ ਇਹ ਹੈ ਕਿ ਰੱਬ ਨਾ ਕਰੇ ਜੇਕਰ ਉਨ੍ਹਾਂ ਰੋਗੀਆਂ ਦੇ ਸੈਂਪਲ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਅਤੇ ਉਦੋਂ ਤੱਕ ਹੋਰ ਲੋਕਾਂ ਨੂੰ ਮਿਲਦੇ ਰਹੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ?
ਇਹ ਵਰਤੋਂ ਸਾਵਧਾਨੀਆਂ
ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
ਟਿਸ਼ੂ ਨਹੀਂ ਹੈ ਤਾਂ ਛਿੱਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।
ਜੇਕਰ ਤੁਹਾਨੂੰ ਖੰਘ, ਬੁਖਾਰ ਅਤੇ ਛਿੱਕਾਂ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਤਿਹਾਸ ਦੀ ਡਾਇਰੀ: ਵਰਲਡ ਕ੍ਰਿਕਟ 'ਚ ਇਸ ਬੱਲੇਬਾਜ ਦਾ ਸੀ ਖੌਫ (ਵੀਡੀਓ)
NEXT STORY