ਰੂਪਨਗਰ, (ਕੈਲਾਸ਼)- ਸਵੱਛ ਭਾਰਤ ਮੁਹਿੰਮ ਤਹਿਤ ਸ਼ਹਿਰ ਵਿਚ ਇਕ ਵੱਡਾ ਪਰਿਵਰਤਨ ਹੋਣ ਜਾ ਰਿਹਾ ਹੈ। ਸ਼ਹਿਰ ਦਾ ਗੰਦਾ ਪਾਣੀ ਜੋ ਕਈ ਸਾਲਾਂ ਤੋਂ ਸਰਹਿੰਦ ਨਹਿਰ ਵਿਚ ਸੁੱਟਿਆ ਜਾ ਰਿਹਾ ਸੀ ਉਸ ਨੂੰ ਰੋਕਣ ਲਈ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੇ ਬੀਡ਼ਾ ਚੁੱਕਿਆ ਹੈ ਅਤੇ ਉਹ ਸਬੰਧਤ ਗਲੀਆਂ ਦਾ ਦੌਰਾ ਕਰ ਕੇ ਗੰਦੇ ਪਾਣੀ ਦੀ ਨਿਕਾਸੀ ਲਈ ਉਸ ਨੂੰ ਜਾਂ ਤਾਂ ਸੀਵਰੇਜ ਵਿਚ ਸੁੱਟੇ ਜਾਣ ਲਈ ਵਿਵਸਥਾ ਕਰ ਰਹੇ ਹਨ ਜਾਂ ਗੰਦੇ ਪਾਣੀ ਨੂੰ ਹੋਰ ਥਾਵਾਂ ’ਤੇ ਸੁੱਟਿਆ ਜਾ ਰਿਹਾ ਹੈ ਤਾਂ ਕਿ ਸਰਹਿੰਦ ਨਹਿਰ ਵਿਚ ਗੰਦੇ ਪਾਣੀ ਨੂੰ ਜਾਣ ਤੋਂ ਰੋਕਿਆ ਜਾ ਸਕੇ।
ਪਹਾਡ਼ੀ ’ਤੇ ਵਸਿਆ ਹੈ ਰੂਪਨਗਰ ਸ਼ਹਿਰ
ਜਾਣਕਾਰੀ ਮੁਤਾਬਿਕ ਰੂਪਨਗਰ ਸਹਿਰ ਇਕ ਪਹਾਡ਼ੀ ’ਤੇ ਵਸਿਆ ਹੋਇਆ ਹੈ ਜਿਸ ਦਾ ਗੰਦਾ ਪਾਣੀ ਤੇਜ਼ੀ ਨਾਲ ਵਹਿ ਕੇ ਨਾਲੇ ’ਚ ਡਿੱਗਦਾ ਹੈ ਅਤੇ ਕੁੱਝ ਥਾਵਾਂ ਤੋਂ ਸੀਵਰੇਜ ਵਿਚ ਪਾਇਆ ਜਾ ਚੁੱਕਾ ਹੈ ਪਰੰਤੂ ਕੁੱਝ ਥਾਵਾਂ ’ਤੇ ਅਜੇ ਵੀ ਨਾਲੀਆਂ ਦਾ ਪਾਣੀ ਖੁੱਲ੍ਹੇ ਵਿਚ ਜਾਂਦਾ ਹੈ ਜੋ ਜਾਂ ਤਾਂ ਸਡ਼ਕਾਂ ’ਤੇ ਗੰਦਗੀ ਫੈਲਾਉਂਦਾ ਹੈ ਜਾਂ ਨਾਲੀਆਂ ਵਿਚ ਹੀ ਜਮ੍ਹਾ ਰਹਿੰਦਾ ਹੈ ਜਿਸ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ।
ਕੁੱਝ ਘਰਾਂ ਨੇ ਨਹੀਂ ਲਿਆ ਸੀ ਸੀਵਰੇਜ ਦਾ ਕੁਨੈਕਸ਼ਨ
ਵਰਨਣਯੋਗ ਹੈ ਕਿ ਸ਼ਹਿਰ ਦੇ ਪੁਰਾਣੇ ਮੁਹੱਲਾ ਵਾਲਮੀਕਿ ਵਿਚ ਕੁੱਝ ਘਰਾਂ ਨੇ ਸੀਵਰੇਜ ਦਾ ਕੁਨੈਕਸ਼ਨ ਵੀ ਲਿਆ ਸੀ ਅਤੇ ਰੂਪਨਗਰ ਸ਼ਹਿਰ ਨੂੰ ਸੌ ਫੀਸਦੀ ਸੀਵਰੇਜ ਨਾਲ ਜੋਡ਼ਨ ਦਾ ਸੁਪਨਾ ਵੀ ਉਸ ਸਮੇਂ ਪੂਰਾ ਨਹੀਂ ਹੋ ਸਕਿਆ ਜਦੋਂ ਵਾਲਮੀਕਿ ਮੁਹੱਲੇ ਦੀ ਇਕ ਗਲੀ ਵਿਚ ਸੀਵਰੇਜ ਪਾਈਪ ਹੀ ਨਹੀਂ ਪਾਈ ਗਈ ਅਤੇ ਉਨ੍ਹਾਂ ਦੇ ਘਰਾਂ ਦਾ ਗੰਦਾ ਪਾਣੀ ਨਾਲੀਆਂ ਵਿਚ ਵਗਦਾ ਹੋਇਆ ਵੱਡੇ ਨਾਲੇ ਵਿਚ ਡਿਗਦਾ ਸੀ ਤੇ ਵੱਡੇ ਨਾਲੇ ਦਾ ਪਾਣੀ ਸਰਹਿੰਦ ਨਹਿਰ ਵਿਚ ਜਾ ਕੇ ਨਹਿਰ ਦੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਜਿਸ ’ਤੇ ਸ਼ਹਿਰ ਦੇ ਵੱਖ-ਵੱਖ ਸਮਾਜਸੇਵੀਆਂ ਨੇ ਸਵਾਲ ਉਠਾਏ ਹਨ ਪਰੰਤੂ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਮਾਕਡ਼ ਨੇ ਮੁਹੱਲਾ ਵਾਲਮੀਕਿ ਵਿਚ ਰਹਿੰਦੇ ਲੋਕਾਂ ਨਾਲ ਬੈਠਕ ਕਰ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਦੇ ਘਰਾਂ ਦੇ ਗੰਦੇ ਪਾਣੀ ਨੂੰ ਸੀਵਰੇਜ ਵਿਚ ਪਾਉਣ ਦੀ ਅਪੀਲ ਵੀ ਕੀਤੀ ਲੇਕਿਨ ਤੰਗ ਗਲੀਆਂ ਕਾਰਨ ਲੋਕ ਇਸ ’ਤੇ ਰਾਜ਼ੀ ਨਹੀਂ ਸਨ।
4 ਇੰਚ ਦੀ ਪਾਈਪ ਨੂੰ 6 ਇੰਚ ਨਾਲ ਜੋਡ਼ਿਆ
ਲੇਕਿਨ ਹੁਣ ਪਰਮਜੀਤ ਸਿੰਘ ਮਾਕਡ਼ ਨੇ ਨਗਰ ਕੌਂਸਲ ਵਿਚ ਮਤਾ ਪਾਸ ਕਰਵਾਉਣ ਦੇ ਬਾਅਦ ਉਕਤ ਸਬੰਧਤ ਸਾਰੇ ਘਰਾਂ ਦਾ ਗੰਦਾ ਪਾਣੀ 4 ਇੰਚ ਦੀ ਪਾਈਪ ਵਿਚ ਪਾਉਂਦੇ ਹੋਏ ਅੱਗੇ ਜਾ ਕੇ 6 ਇੰਚ ਦੀ ਪਾਈਪ ਵਿਚ ਪਾਇਆ ਗਿਆ ਹੈ ਜਿਸਦਾ ਕੁਨੈਕਸ਼ਨ ਸਿੱਧਾ ਸੀਵਰੇਜ ਨਾਲ ਕੀਤਾ ਗਿਆ ਹੈ ਅਤੇ ਨਾਲੀਆਂ ਨੂੰ ਉਪਰ ਤੋਂ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਤੰਗ ਗਲੀਆਂ ਦਾ ਸਾਈਜ਼ ਵੀ ਪਹਿਲਾਂ ਨਾਲੋਂ ਕੁੱਝ ਵਧ ਗਿਆ ਹੈ ਅਤੇ ਲੋਕਾਂ ਨੂੰ ਆਉਣ-ਜਾਣ ਵਿਚ ਵਧੇਰੇ ਸਹੂਲਤ ਮਿਲੇਗੀ ਅਤੇ ਗੰਦਗੀ ਵੀ ਸਡ਼ਕਾਂ ’ਤੇ ਨਹੀਂ ਆਵੇਗੀ। ਜਾਣਕਾਰੀ ਅਨੁਸਾਰ ਕਰੀਬ 3 ਸਾਲ ਪਹਿਲਾਂ ਉਕਤ ਕੰਮ ਲਈ 70 ਲੱਖ ਦੀ ਗਰਾਂਟ ਵੀ ਨਗਰ ਕੌਂਸਲ ਨੂੰ ਮਿਲੀ ਸੀ ਅਤੇ ਉਦੋਂ ਤੋਂ ਸ਼ਹਿਰ ਨੂੰ ਗੰਦੇ ਪਾਣੀ ਤੋਂ ਮੁਕਤ ਕਰਾਉਣ ਲਈ ਯੋਜਨਾ ਚੱਲ ਰਹੀ ਹੈ। ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੇ ਐੱਸ. ਡੀ. ਓ. ਕੁਲਦੀਪ ਕੁਮਾਰ, ਕੌਂਸਲਰ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਮੁਹੱਲੇ ਦਾ ਦੌਰਾ ਕੀਤਾ ਤੇ ਚੱਲ ਰਹੇ ਕੰਮ ਦੀ ਜਾਂਚ ਕੀਤੀ।
ਕੀ ਕਹਿੰਦੇ ਹਨ ਪ੍ਰਧਾਨ ਮਾਕਡ਼
ਇਸ ਸਬੰਧ ’ਚ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਲ 2016 ਵਿਚ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਦੌਰਾਨ ਉਕਤ ਸਮੱਸਿਆ ਦੇ ਹੱਲ ਲਈ 70 ਲੱਖ ਦੀ ਗ੍ਰਾਂਟ ਦਿੱਤੀ ਸੀ ਤੇ ਸ਼ਹਿਰ ਵਿਚ ਵਗਦੇ ਗੰਦੇ ਪਾਣੀ ਨੂੰ ਨਹਿਰ ਵਿਚ ਸੁੱਟਣ ਤੋਂ ਬੰਦ ਕਰਨ ਲਈ ਉਦੋਂ ਤੋਂ ਯਤਨ ਜਾਰੀ ਹਨ ਪਰੰਤੂ ਕੁੱਝ ਸਮੱਸਿਆਵਾਂ ਕਾਰਨ ਮੁਹੱਲਾ ਵਾਲਮੀਕਿ ਨਿਵਾਸੀ ਇਸ ’ਤੇ ਰਾਜ਼ੀ ਨਹੀਂ ਹੋ ਰਹੇ ਸਨ। ਹੁਣ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦਾ ਗੰਦਾ ਪਾਣੀ ਸਰਹਿੰਦ ਨਹਿਰ ਵਿਚ ਡਿੱਗਣਾ ਬੰਦ ਹੋ ਜਾਵੇਗਾ ਤੇ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਸਵੱਛਤਾ ਮੁਹਿੰਮ ਤਹਿਤ ਚਲਾਇਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸ਼ਹਿਰ ਵਿਚ ਹਰ ਤਰ੍ਹਾਂ ਦੀ ਸਫਾਈ ਵਿਵਸਥਾ ਨੂੰ ਬਣਾਉਣ ਲਈ ਯਤਨਸ਼ੀਲ ਹਨ।
ਜਲੰਧਰ : ਲੈਦਰ ਕੰਪਲੈਕਸ 'ਚ ਲੱਗੀ ਅੱਗ
NEXT STORY