ਮੁਕੇਰੀਆਂ (ਨਾਗਲਾ)— ਇਥੋਂ ਦੀ ਖੰਡ ਮਿੱਲ ਵੱਲ ਖੜ੍ਹੇ ਕਰੀਬ 225 ਕਰੋੜ ਦੇ ਬਕਾਏ ਦੀ ਅਦਾਇਗੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਐੱਸ. ਡੀ. ਐੱਮ. ਦਫਤਰ ਅੱਗੇ ਲਾਇਆ ਧਰਨਾ ਅਤੇ ਐੱਸ. ਡੀ. ਐੱਮ. ਦਫਤਰ ਦਾ ਘਿਰਾਓ ਬਕਾਏ ਦੀ ਅਦਾਇਗੀ ਤੋਂ ਬਿਨਾਂਂ ਹੀ ਇਕ ਵਾਰ ਫਿਰ ਪ੍ਰਸ਼ਾਸਨ ਤੇ ਖੰਡ ਮਿੱਲ ਅਧਿਕਾਰੀ ਦੇ ਭਰੋਸੇ 'ਤੇ ਚੁੱਕ ਲਿਆ ਗਿਆ। ਧਰਨਾ ਚੁੱਕਣ ਦਾ ਫੈਸਲਾ ਐੱਸ. ਡੀ. ਐੱਮ. ਅਦਿੱਤਿਆ ਉੱਪਲ ਵੱਲੋਂ ਖੰਡ ਮਿੱਲ ਅਧਿਕਾਰੀ ਸੰਜੇ ਸਿੰਘ ਨਾਲ ਕਿਸਾਨ ਆਗੂਆਂ ਦੀ ਕਰਵਾਈ ਮੀਟਿੰਗ ਉਪਰੰਤ 30 ਤੱਕ ਅਦਾਇਗੀ ਨਾ ਹੋਣ 'ਤੇ 31 ਨੂੰ ਮੁੜ ਧਰਨੇ ਦੀ ਚਿਤਾਵਨੀ ਦੇ ਕੇ ਲਿਆ ਗਿਆ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ, ਪ੍ਰਸ਼ਾਸਨ ਅਤੇ ਖੰਡ ਮਿੱਲ ਅਧਿਕਾਰੀ ਗੰਨਾ ਕਿਸਾਨਾਂ ਦੇ ਬਕਾਏ ਪ੍ਰਤੀ ਗੰਭੀਰ ਨਹੀਂ ਹਨ। ਇਕੱਲੀ ਮੁਕੇਰੀਆਂ ਖੰਡ ਮਿੱਲ ਵੱਲ ਹੀ ਕਿਸਾਨਾਂ ਦਾ ਕਰੀਬ 225 ਕਰੋੜ ਬਕਾਇਆ ਖੜ੍ਹਾ ਹੈ। ਮਾਨਯੋਗ ਅਦਾਲਤ ਨੇ ਹੁਕਮ ਕੀਤਾ ਹੋਇਆ ਹੈ ਕਿ ਗੰਨੇ ਦੀ ਅਦਾਇਗੀ ਖਰੀਦ ਦੇ 14 ਦਿਨਾਂ ਅੰਦਰ ਯਕੀਨੀ ਬਣਾਈ ਜਾਵੇ ਅਤੇ ਦੇਰੀ ਦੀ ਸੂਰਤ ਵਿਚ ਕਰੀਬ 15 ਫੀਸਦੀ ਵਿਆਜ ਸਮੇਤ ਅਦਾਇਗੀ ਕੀਤੀ ਜਾਵੇ। ਪਰ ਖੰਡ ਮਿੱਲ ਤੇ ਸਰਕਾਰ ਕਿਸਾਨਾਂ ਦੀ ਮੂਲ ਅਦਾਇਗੀ ਵੀ ਅਦਾ ਨਹੀਂ ਕਰ ਰਹੀ, ਜਦੋਂ ਕਿ ਮਿੱਲ ਵੱਲੋਂ ਕਿਸਾਨਾਂ ਨੂੰ ਦਵਾਈਆਂ ਤੇ ਰਾਹਤ ਰਾਸ਼ੀ ਵਿਆਜ 'ਤੇ ਦਿੱਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਪਿੱਛਲੇ ਮਹੀਨੇ ਅਦਾਇਗੀ ਦੀ ਮੰਗ ਲਈ ਗੰਨਾ ਕਿਸਾਨਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ, ਜਿਸ ਦੌਰਾਨ ਖੰਡ ਮਿੱਲ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀ ਦੀ ਹਾਜ਼ਰੀ 'ਚ ਲਿਖਤੀ ਸਮਝੌਤਾ ਕਰਕੇ ਭੁੱਖ ਹੜਤਾਲ ਖਤਮ ਕਰਵਾਈ ਸੀ।
ਕਿਸਾਨ ਆਗੂਆਂ ਮੰਗ ਕੀਤੀ ਕਿ ਸਮਝੌਤੇ ਤੋਂ ਮੁਕਰਣ ਵਾਲੇ ਖੰਡ ਮਿੱਲ ਅਧਿਕਾਰੀ ਖਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਸਰਕਾਰ ਤੇ ਖੰਡ ਮਿੱਲ ਵੱਲ ਖੜ੍ਹੀ ਕਿਸਾਨਾਂ ਦੀ ਅਦਾਇਗੀ ਤੁਰੰਤ ਕਰਵਾਈ ਜਾਵੇ। ਘਿਰਾਓ ਦੌਰਾਨ ਐੱਸ. ਡੀ. ਐੱਮ. ਦੀ ਹਾਜ਼ਰੀ 'ਚ ਕਿਸਾਨਾਂ ਅਤੇ ਖੰਡ ਮਿੱਲ ਅਧਿਕਾਰੀ ਦਰਮਿਆਨ ਹੋਈ ਮੀਟਿੰਗ ਵਿਚ ਖੰਡ ਮਿੱਲ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਮਿੱਲ ਵੱਲੋਂ ਲਈਆਂ ਜਾ ਰਹੀਆਂ ਦੋ ਲਿਮਟਾਂ ਦੇ ਜਲਦ ਕਲੀਅਰ ਹੋ ਜਾਣ ਦੀ ਆਸ ਹੈ ਅਤੇ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ। ਉਪਰੰਤ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 30 ਜੁਲਾਈ ਤੱਕ ਅਦਾਇਗੀ ਨਾ ਹੋਈ ਤਾਂ 31 ਜੁਲਾਈ ਨੂੰ ਮੁੜ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸੁਲੱਖਣ ਸਿੰਘ ਜੱਗੀ, ਗੁਰਪ੍ਰਤਾਪ ਸਿੰਘ, ਪ੍ਰੋਫੈਸਰ ਜੀ. ਐੱਸ. ਮੁਲਤਾਨੀ, ਗੁਰਨਾਮ ਸਿੰਘ, ਬਲਜੀਤ ਸਿੰਘ ਨੀਟਾ, ਬਲਜਿੰਦਰ ਸਿੰਘ, ਸੁਭਾਸ਼ ਸਿੰਘ, ਮਾਸਟਰ ਦਰਸ਼ਨ ਸਿੰਘ, ਬਲਵੀਰ ਸਿੰਘ ਤੇ ਬਿਕਰਮ ਸਿੰਘ ਆਦਿ ਵੀ ਹਾਜ਼ਰ ਸਨ।
ਲਾਹਣ ਅਤੇ ਸ਼ਰਾਬ ਸਮੇਤ ਮੁਲਜ਼ਮ ਗ੍ਰਿਫਤਾਰ
NEXT STORY