ਜਲੰਧਰ, (ਮਹੇਸ਼)— ਕਿਸ਼ਨਪੁਰਾ ਇਲਾਕੇ 'ਚ ਪੇਟੀਆਂ ਵਾਲੀ ਗਲੀ 'ਚ ਆਪਣੇ ਬੱਚਿਆਂ ਦੇ ਨਾਲ ਰਹਿੰਦੀ ਇਕ ਔਰਤ ਦੇ ਘਰ ਨੂੰ ਸ਼ਰਾਬ ਦੇ ਨਸ਼ੇ 'ਚ ਧੁੱਤ ਇਕ ਵਿਅਕਤੀ ਨੇ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ, ਜਿਸ ਕਾਰਨ ਲੱਖਾਂ ਦਾ ਸਾਮਾਨ ਤੇ ਹਜ਼ਾਰਾਂ ਦੀ ਨਕਦੀ ਸੜ ਗਈ। ਭੜਕੀ ਅੱਗ ਦੇਖ ਕੇ ਅੰਦਰ ਸੁੱਤੇ 7 ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਰਾਤ 1 ਵਜੇ ਤੋਂ ਬਾਅਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਥੋਂ ਫਰਾਰ ਹੋ ਗਿਆ। ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਨਾਰਾਇਣ ਗੌੜ ਨੂੰ ਕਿਰਨ ਨਾਮਕ ਔਰਤ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਉਰਫ ਨਾਣੀ ਪੁੱਤਰ ਮੋਹਨ ਲਾਲ ਵਾਸੀ ਛੋਟਾ ਸਈਪੁਰ ਥਾਣਾ ਨੰ. 8 ਜਲੰਧਰ ਦੁਪਹਿਰ ਦੇ ਸਮੇਂ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਦੇ ਘਰ ਆਇਆ ਸੀ। ਉਸ ਨੇ ਮੁਲਜ਼ਮ ਨੂੰ ਆਪਣੇ ਘਰ 'ਚ ਸ਼ਰਾਬ ਪੀ ਕੇ ਆਉਣ ਤੋਂ ਰੋਕਿਆ ਸੀ, ਇਸੇ ਰੰਜਿਸ਼ 'ਚ ਰਾਤ ਨੂੰ ਉਹ ਉਨ੍ਹਾਂ ਦੇ ਘਰ ਆਇਆ ਤੇ ਦਰਵਾਜ਼ੇ ਤੇ ਖਿੜਕੀ 'ਤੇ ਪੈਟਰੋਲ ਸੁੱਟ ਕੇ ਅੱਗ ਲਾ ਕੇ ਭੱਜ ਗਿਆ। ਉਹ ਆਪਣੇ ਬੱਚਿਆਂ ਦੇ ਨਾਲ ਘਰ ਅੰਦਰ ਸੁੱਤੀ ਹੋਈ ਸੀ। ਅੱਗ ਭੜਕਦੀ ਦੇਖ ਉਹ ਉੱਠੀ ਤੇ ਬਾਕੀਆਂ ਨੂੰ ਵੀ ਉੱਠਾ ਕੇ ਬਾਹਰ ਵੱਲ ਭੱਜੀ। ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ 'ਤੇ 2 ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਇਆ। ਜਾਂਚ ਅਧਿਕਾਰੀ ਨਾਰਾਇਣ ਗੌੜ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਮੁਲਜ਼ਮ ਸੋਨੂੰ ਖਿਲਾਫ ਥਾਣਾ ਰਾਮਾ ਮੰਡੀ 'ਚ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਫੜਨ ਲਈ ਸ਼ੱਕੀ ਸਥਾਨਾਂ 'ਤੇ ਰੇਡ ਕੀਤੀ ਜਾ ਰਹੀ ਹੈ।
ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਲਿਆ ਫਾਹ
NEXT STORY