ਫਗਵਾੜਾ (ਜਲੋਟਾ) - ਹਿੰਦੀ ਸਿਨੇਮਾ ਦੀ 'ਡ੍ਰੀਮ ਗਰਲ' ਅਤੇ ਪ੍ਰਸਿੱਧ ਅਦਾਕਾਰਾ ਹੇਮਾ ਮਾਲਿਨੀ ਦੇ ਬਾਲੀਵੁੱਡ ਵਿਚ 60 ਸਾਲ ਪੂਰੇ ਹੋਣ ਦੇ ਉਪਲੱਬਧ ਵਿਚ ਮੁੰਬਈ ਵਿਖੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫਿਲਮ ਜਗਤ, ਸੰਗੀਤ ਜਗਤ ਅਤੇ ਸੱਭਿਆਚਾਰਕ ਖੇਤਰ ਦੀਆਂ ਕਈ ਨਾਮਵਰ ਹਸਤੀਆਂ ਨੇ ਆਪਣੀ ਗੌਰਵਮਈ ਹਾਜ਼ਰੀ ਦਰਜ ਕਰਵਾਈ। ਪ੍ਰੋਗਰਾਮ ਦਾ ਮਾਹੌਲ ਉਤਸ਼ਾਹ, ਸਨਮਾਨ ਅਤੇ ਯਾਦਗਾਰੀ ਪੇਸ਼ਕਾਰੀਆਂ ਨਾਲ ਭਰਪੂਰ ਰਿਹਾ।
ਸਮਾਰੋਹ ਦੌਰਾਨ ਪ੍ਰਸਿੱਧ ਭਜਨ ਗਾਇਕ ਅਤੇ ਪਦਮਸ਼੍ਰੀ ਅਨੂਪ ਜਲੋਟਾ ਨੂੰ ਵੀ ਹੇਮਾ ਮਾਲਿਨੀ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਪਲ ਪ੍ਰੋਗਰਾਮ ਦੇ ਸਭ ਤੋਂ ਭਾਵੁਕ ਅਤੇ ਖ਼ਾਸ ਪਲਾਂ ਵਿੱਚੋਂ ਇੱਕ ਰਿਹਾ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਅਨੂਪ ਜਲੋਟਾ ਨੇ ਇਸ ਨੂੰ ਆਪਣੇ ਲੰਬੇ ਸੰਗੀਤਕ ਸਫ਼ਰ ਦਾ ਇਕ ਅਭੁੱਲ ਪੜਾਅ ਦੱਸਦਿਆਂ ਕਿਹਾ ਕਿ ਭਾਰਤੀ ਸਿਨੇਮਾ ਦੀ ਮਹਾਨ ਹਸਤੀ ਹੇਮਾ ਮਾਲਿਨੀ ਦੇ ਹੱਥੋਂ ਸਨਮਾਨਿਤ ਹੋਣਾ ਉਨ੍ਹਾਂ ਲਈ ਮਾਣ, ਸਨਮਾਨ ਅਤੇ ਸੁਭਾਗ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣਨਾ ਉਨ੍ਹਾਂ ਲਈ ਜੀਵਨ ਭਰ ਯਾਦ ਰਹਿਣ ਵਾਲਾ ਅਨੁਭਵ ਰਹੇਗਾ।
ਪ੍ਰੋਗਰਾਮ ਵਿੱਚ ਅਨੂਪ ਜਲੋਟਾ ਨੇ ਆਪਣੀ ਸੰਗੀਤਕ ਪੇਸ਼ਕਾਰੀ ਨਾਲ ਵੀ ਹਾਜ਼ਰ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦੇ ਭਜਨਾਂ ਅਤੇ ਸੁਰੀਲੀ ਗਾਇਕੀ ਨੇ ਪੂਰੇ ਹਾਲ ਨੂੰ ਭਗਤੀ ਅਤੇ ਭਾਵਨਾਤਮਕ ਮਾਹੌਲ ਨਾਲ ਸਰਸ਼ਾਰ ਕਰ ਦਿੱਤਾ। ਦਰਸ਼ਕਾਂ ਨੇ ਉਨ੍ਹਾਂ ਦੀ ਪੇਸ਼ਕਾਰੀ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੌਰਾਨ ਕਈ ਵਾਰ ਉਨ੍ਹਾਂ ਦਾ ਉਤਸ਼ਾਹ ਵਧਾਇਆ।
ਹੇਮਾ ਮਾਲਿਨੀ ਨੇ ਆਪਣੇ ਛੇ ਦਹਾਕਿਆਂ ਲੰਬੇ ਫਿਲਮੀ ਸਫ਼ਰ ਨੂੰ ਯਾਦ ਕਰਦਿਆਂ ਆਪਣੇ ਪ੍ਰਸ਼ੰਸਕਾਂ, ਸਹਿਯੋਗੀਆਂ, ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਪੂਰੀ ਫਿਲਮ ਇੰਡਸਟਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਬੇਅੰਤ ਪਿਆਰ ਅਤੇ ਸਹਿਯੋਗ ਨੇ ਹੀ ਉਨ੍ਹਾਂ ਨੂੰ ਲਗਾਤਾਰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ਅਤੇ ਅੱਜ ਉਹ ਇਸ ਮੁਕਾਮ ਤੱਕ ਪਹੁੰਚ ਸਕੀ ਹਨ। ਉਨ੍ਹਾਂ ਨੇ ਭਾਰਤੀ ਸਿਨੇਮਾ ਦੇ ਸੁਨਹਿਰੀ ਸਫ਼ਰ ਦੀਆਂ ਕਈ ਯਾਦਾਂ ਵੀ ਹਾਜ਼ਰ ਲੋਕਾਂ ਨਾਲ ਸਾਂਝੀਆਂ ਕੀਤੀਆਂ।
ਇਸ ਸ਼ਾਨਦਾਰ ਸਮਾਰੋਹ ਦੀ ਇਕ ਹੋਰ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ ਮੰਚ ''ਤੇ ਅਨੂਪ ਜਲੋਟਾ ਦੇ ਨਾਲ ਦੇਸ਼ ਦੇ ਪ੍ਰਸਿੱਧ ਪਲੇਅਬੈਕ ਗਾਇਕ ਸੁਰੇਸ਼ ਵਾਡਕਰ, ਸੀਨੀਅਰ ਅਦਾਕਾਰਾ ਵਿਜੇਤਾ ਪੰਡਿਤ, ਪ੍ਰਸਿੱਧ ਅਦਾਕਾਰਾ ਪੂਨਮ ਢਿੱਲੋਂ ਅਤੇ ਅਦਾਕਾਰਾ ਪਦਮਿਨੀ ਕੋਲ੍ਹਾਪੁਰੇ ਸਮੇਤ ਫਿਲਮ ਅਤੇ ਸੰਗੀਤ ਜਗਤ ਦੀਆਂ ਕਈ ਨਾਮਵਰ ਹਸਤੀਆਂ ਮੌਜੂਦ ਰਹੀਆਂ। ਸਾਰੇ ਕਲਾਕਾਰਾਂ ਨੇ ਹੇਮਾ ਮਾਲਿਨੀ ਦੇ ਸਿਨੇਮਾ ਵਿੱਚ ਅਦੁੱਤੀ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਸ਼ਖਸੀਅਤ, ਅਦਾਕਾਰੀ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਸਮਰਪਣ ਦੀ ਤਾਰੀਫ਼ ਕੀਤੀ।
ਪ੍ਰੋਗਰਾਮ ਦੌਰਾਨ ਹੇਮਾ ਮਾਲਿਨੀ ਅਤੇ ਹੋਰ ਕਲਾਕਾਰਾਂ ਵਿਚਕਾਰ ਨਿੱਘੀ ਗੱਲਬਾਤ ਵੀ ਦੇਖਣ ਨੂੰ ਮਿਲੀ। ਮੰਚ ’ਤੇ ਮੌਜੂਦ ਸਾਰੇ ਮਹਿਮਾਨਾਂ ਨੇ ਇੱਕ-ਦੂਜੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ, ਜਿਸ ਨਾਲ ਸਮਾਰੋਹ ਹੋਰ ਵੀ ਯਾਦਗਾਰੀ ਬਣ ਗਿਆ। ਪੂਰੇ ਆਯੋਜਨ ਵਿਚ ਭਾਰਤੀ ਸਿਨੇਮਾ ਦੇ ਗੌਰਵਮਈ ਇਤਿਹਾਸ, ਕਲਾ, ਸੰਗੀਤ ਅਤੇ ਸੱਭਿਆਚਾਰਕ ਵਿਰਾਸਤ ਦੀ ਝਲਕ ਸਾਫ਼ ਤੌਰ ’ਤੇ ਦਿਖਾਈ ਦਿੱਤੀ।
ਸਮਾਰੋਹ ਵਿੱਚ ਹਾਜ਼ਰ ਕਲਾਕਾਰਾਂ ਅਤੇ ਮਹਿਮਾਨਾਂ ਨੇ ਹੇਮਾ ਮਾਲਿਨੀ ਦੀ ਅਦਾਕਾਰੀ, ਨ੍ਰਿਤ (ਡਾਂਸ), ਸਮਾਜਿਕ ਕਾਰਜਾਂ ਅਤੇ ਭਾਰਤੀ ਸੰਸਕ੍ਰਿਤੀ ਦੇ ਸੰਭਾਲ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪ੍ਰੇਰਣਾਦਾਇਕ ਦੱਸਿਆ। ਸਾਰਿਆਂ ਨੇ ਉਨ੍ਹਾਂ ਦੀ ਸਿਹਤਮੰਦ, ਸਫ਼ਲ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਨਮਾਨ ਸਮਾਰੋਹ ਦੀ ਸਮਾਪਤੀ ਕਲਾਕਾਰਾਂ ਦੇ ਸਮੂਹਿਕ ਸਨਮਾਨ, ਯਾਦਗਾਰੀ ਚਿੰਨ੍ਹ (ਸਮ੍ਰਿਤੀ-ਚਿੱਤਰ) ਭੇਂਟ ਕਰਨ ਅਤੇ ਦਰਸ਼ਕਾਂ ਦੀਆਂ ਜ਼ੋਰਦਾਰ ਤਾੜੀਆਂ ਦੇ ਗੂੰਜਕਾਰ ਨਾਲ ਹੋਈ। ਇਹ ਆਯੋਜਨ ਨਾ ਸਿਰਫ਼ ਹੇਮਾ ਮਾਲਿਨੀ ਦੇ ਸ਼ਾਨਦਾਰ 60 ਸਾਲਾ ਫਿਲਮੀ ਸਫ਼ਰ ਦਾ ਜਸ਼ਨ ਬਣਿਆ, ਸਗੋਂ ਭਾਰਤੀ ਸਿਨੇਮਾ ਅਤੇ ਸੰਗੀਤ ਜਗਤ ਦੀਆਂ ਉਨ੍ਹਾਂ ਮਹਾਨ ਹਸਤੀਆਂ ਪ੍ਰਤੀ ਸਨਮਾਨ ਦਾ ਵੀ ਪ੍ਰਤੀਕ ਰਿਹਾ, ਜਿਨ੍ਹਾਂ ਨੇ ਦਹਾਕਿਆਂ ਤੱਕ ਆਪਣੀ ਕਲਾ ਨਾਲ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਬਣਾਇਆ ਹੈ। ਅਨੂਪ ਜਲੋਟਾ ਨੂੰ ਮਿਲਿਆ ਇਹ ਸਨਮਾਨ ਉਨ੍ਹਾਂ ਦੇ ਸੰਗੀਤਕ ਜੀਵਨ ਦੀ ਇਕ ਹੋਰ ਅਹਿਮ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਲੰਬੇ ਸਮੇਂ ਤੱਕ ਯਾਦ ਰੱਖਣਗੇ।
ਫਗਵਾੜਾ ਮੇਰੇ ਦਿਲ ਵਿਚ ਵੱਸਦਾ : ਪਦਮਸ਼੍ਰੀ ਅਨੂਪ ਜਲੋਟਾ
‘ਜਗ ਬਾਣੀ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਭਜਨ ਸਮਰਾਟ ਪਦਮਸ਼੍ਰੀ ਅਨੂਪ ਜਲੋਟਾ ਨੇ ਕਹਿਆ ਕਿ ਫਗਵਾੜਾ ਮੇਰੇ ਦਿਲ ਵਿਚ ਵੱਸਦਾ ਹੈ। ਸ਼੍ਰੀ ਜਲੋਟਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵ. ਪੁਰਸ਼ੋਤਮ ਜਲੋਟਾ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਫਗਵਾੜਾ ਵਿਚ ਹੀ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਪਿਤਾ ਸਵ. ਸ਼੍ਰੀ ਜਲੋਟਾ ਹੀ ਉਨ੍ਹਾਂ ਦੇ ਗੁਰੂ ਹਨ, ਜਿਨ੍ਹਾਂ ਨੇ ਇਕ ਪਿਤਾ ਅਤੇ ਗੁਰੂ ਦੇ ਰੂਪ ਵਿਚ ਉਨ੍ਹਾਂ ਨੂੰ ਭਜਨ ਗਾਇਕੀ ਸਮੇਤ ਸ਼ਾਸਤਰੀ ਸੰਗੀਤ ਦੀ ਸਿੱਖਿਆ ਦਿੱਤੀ ਹੈ। ਸ਼੍ਰੀ ਜਲੋਟਾ ਨੇ ਕਿਹਾ ਕਿ ਫਗਵਾੜਾ ਨਾਲ ਉਨ੍ਹਾਂ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ ਅਤੇ ਫਗਵਾੜਾ ਵਿੱਚ ਰਹਿਣ ਵਾਲਾ ਜਲੋਟਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ।
ਮਹਾਰਾਸ਼ਟਰ ਦੀ ਕਰਜ਼ਾ ਮੁਆਫ਼ੀ 'ਤੇ ਤਰੁਣ ਚੁੱਘ ਨੇ ਫੜਨਵੀਸ ਸਰਕਾਰ ਨੂੰ ਦਿੱਤੀ ਵਧਾਈ
NEXT STORY