ਸ੍ਰੀ ਕੀਰਤਪੁਰ ਸਾਹਿਬ (ਬਾਲੀ)—ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ 6 ਰੋਜ਼ਾ ਚੱਲਣ ਵਾਲਾ ਕੌਮੀ ਤਿਉਹਾਰ ਹੋਲਾ-ਮੁਹੱਲਾ ਮੇਲੇ ਦਾ ਪਹਿਲਾ ਤਿੰਨ ਰੋਜ਼ਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ 5 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ 'ਚ ਸ਼ਾਮਲ ਹੋਣ ਆਉਣ ਵਾਲੀ ਲੱਖਾਂ ਦੀ ਗਿਣਤੀ 'ਚ ਸੰਗਤਾਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਜੋ ਮੇਲੇ 'ਚ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੋਲਾ ਮਹੱਲਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾ ਪੁਲਸ ਪ੍ਰਸ਼ਾਸਨ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੀਆਂ ਵੱਖ-ਵੱਖ ਥਾਂਵਾਂ 'ਤੇ ਪੰਜਾਬ ਪੁਲਸ ਦੇ ਜਵਾਨ ਤਾਇਨਾਤ ਕਰ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।
ਸ੍ਰੀ ਅਖੰਡ ਪਾਠ ਸਾਹਿਬ ਅੱਜ ਹੋਣਗੇ ਅਰੰਭ
ਹੋਲੇ-ਮਹੱਲੇ ਮੇਲੇ ਦਾ ਪਹਿਲਾ ਪੜਾਅ 5 ਮਾਰਚ ਨੂੰ ਗੁ. ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਤਖਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਰਦਾਸ ਕਰਕੇ ਮੇਲੇ ਦੀ ਸ਼ੁਰੂਆਤ ਕਰਨਗੇ, ਜਿਸ ਦੇ ਭੋਗ 7 ਮਾਰਚ ਨੂੰ ਪਾਏ ਜਾਣਗੇ। ਉਪਰੰਤ ਆਨੰਦਪੁਰ ਸਾਹਿਬ ਦਾ ਤਿੰਨ ਰੋਜ਼ਾ ਹੋਲਾ ਮਹੱਲਾ ਮੇਲਾ 8 ਮਾਰਚ ਤੋਂ ਸ਼ੁਰੂ ਹੋ ਜਾਵੇਗਾ। ਹੋਲੇ ਮੇਲੇ ਦੀ ਸ਼ੁਰੂਆਤ ਤੋਂ ਪਹਿਲਾ ਹੀ ਸੰਗਤਾਂ ਸ੍ਰੀ ਕੀਰਤਪੁਰ ਸਾਹਿਬ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮੁੱਖ ਪਾਰਕਿੰਗ ਵਾਲੀਆਂ ਥਾਂਵਾਂ ਤੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਸ਼ਰਧਾਲੂਆਂ ਨੂੰ ਮੁਫਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਲਿਜਾਇਆ ਅਤੇ ਵਾਪਸ ਛੱਡਿਆ ਜਾ ਸਕੇ।
ਹੋਲੇ-ਮਹੱਲੇ ਮੇਲੇ ਨੂੰ ਲੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ : ਪ੍ਰਬੰਧਕ
ਮੇਲੇ ਦੇ ਪ੍ਰਬੰਧਾਂ ਬਾਰੇ ਤਖਤ ਸ੍ਰੀ ਕੇਸਗੜ੍ਹ ਦੇ ਮੈਨੇਜਰ ਭਾਈ ਜਸਵੀਰ ਸਿੰਘ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਦੇ ਮੇਲੇ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ 'ਚ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਛੱਡੀ ਜਾਵੇਗੀ, ਜਿਸ ਤਹਿਤ ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰ, ਗਠੜੀ ਘਰ ਤੇ ਰਿਹਾਇਸ਼ ਆਦਿ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸ੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਨੂੰ ਰੰਗ ਰੋਗਨ ਕਰ ਕੇ, ਰੰਗ ਬਿਰੰਗੀਆਂ ਲੜੀਆਂ ਲੱਾ ਕਿ ਸਜਾਇਆ ਸਵਾਰਿਆ ਗਿਆ ਹੈ ਤੇ ਇਸ ਤੋਂ ਪਹਿਲਾ ਆਲੇ-ਦੁਆਲੇ ਦੀ ਸਾਫ-ਸਫਾਈ ਕਰਵਾਈ ਗਈ ਹੈ। ਗੁ. ਪਤਾਲਪੁਰੀ ਸਾਹਿਬ, ਗੁ. ਚਰਨ ਕੰਵਲ ਸਾਹਿਬ ਵਿਖੇ 5 ਤੋਂ 10 ਮਾਰਚ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਜੇਕਰ ਮੀਂਹ ਪੈ ਜਾਵੇ ਤਾਂ ਗੁ. ਕੋਟ ਸਾਹਿਬ ਹਾਲ 'ਚ ਧਾਰਮਿਕ ਦੀਵਾਨ ਸਜਾਏ ਜਾਣਗੇ।ਇਸ ਤੋਂ ਇਲਾਵਾ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਹੋਰ ਧਾਰਮਕ ਅਸਥਾਨਾਂ 'ਤੇ ਸ਼੍ਰੋਮਣੀ ਕਮੇਟੀ ਵੱਲੋਂ 90 ਦੇ ਕਰੀਬ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ, ਤਾਂ ਜੋ ਸਮਾਜ ਵਿਰੋਧੀ ਅਨਸਰਾਂ 'ਤੇ ਪੂਰੀ ਨਜ਼ਰ ਰੱਖੀ ਜਾ ਸਕੇ।
ਸ਼ਰਧਾਲੂਆਂ ਦੇ ਵਾਹਨਾਂ ਲਈ ਗੁ. ਪਤਾਲਪੁਰੀ ਸਾਹਿਬ, ਦਾਣਾ ਮੰਡੀ 'ਚ ਆਰਜ਼ੀ ਬਾਬਾ ਗੁਰਦਿੱਤਾ ਜੀ ਵਿਖੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮੇਟੀ ਵੱਲੋਂ ਵੱਖ-ਵੱਖ ਗੁਰਧਾਮਾਂ ਤੋਂ 100 ਦੇ ਕਰੀਬ ਮੁਲਾਜ਼ਮ ਜਿਨ੍ਹਾਂ 'ਚ ਰਾਗੀ, ਇੰਸਪੈਕਟਰ, ਗ੍ਰੰਥੀ, ਕਲਰਕ, ਸੇਵਾਦਾਰ ਤੇ ਸੇਵਾਦਾਰਨੀਆਂ ਸ਼ਾਮਲ ਹਨ, ਨੂੰ ਮੇਲੇ 'ਚ ਤਾਇਨਾਤ ਕੀਤਾ ਗਿਆ ਹੈ।ਗੁਰਦੁਆਰਾ ਬਾਬਾ ਗੁਰਦਿੱਤਾ ਜੀ ਸਰਾਂ ਅਤੇ ਗੁ. ਪਤਾਲਪੁਰੀ ਸਾਹਿਬ ਸਰਾਂ ਤੋਂ ਇਲਾਵਾ ਵਾਟਰ ਪਰੂਫ ਟੈਂਟ ਸਿਟੀ ਲਾ ਕਿ ਰਿਹਾਇਸ਼ ਲਈ ਪ੍ਰਬੰਧ ਕੀਤੇ ਗਏ ਹਨ।ਗੁ. ਪਤਾਲਪੁਰੀ ਸਾਹਿਬ ਵਿਖੇ ਬਾਹਰੀ ਸੰਗਤ ਵੱਲੋਂ 4 ਦੇ ਕਰੀਬ ਲੰਗਰ ਲਾਉਣ ਦਾ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਬਾਹਰਲੀ ਸੰਗਤ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁ. ਬਾਬਾ ਗੁਰਦਿੱਤਾ ਜੀ, ਗੁ. ਬਿਬਾਣਗੜ੍ਹ ਸਾਹਿਬ ਵਿਖੇ ਅਤੇ ਗੁ. ਚਰਨ ਕੰਵਲ ਸਾਹਿਬ ਵਿਖੇ ਵੀ ਗੁਰੂ ਦੇ ਲੰਗਰ ਲਾਏ ਗਏ ਹਨ।
ਹੋਲੇ-ਮਹੱਲੇ ਸਬੰਧੀ ਸਿਹਤ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ : ਐੱਸ. ਐੱਮ. ਓ.
ਹੋਲੇ-ਮਹੱਲੇ ਦੀਆਂ ਤਿਆਰੀਆਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਿਹਤ ਵਿਭਾਗ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ। ਐੱਸ. ਐੱਮ. ਓ. ਡਾ. ਰਾਮ ਪ੍ਰਕਾਸ਼ ਸਰੋਆ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰ ਅਤੇ ਹੋਰ ਸਟਾਫ ਤਾਇਨਾਤ ਕੀਤਾ ਗਿਆ ਹੈ। ਜੋ 24 ਘੰਟੇ ਵੱਖ-ਵੱਖ ਸ਼ਿਫਟਾਂ 'ਚ ਕੰਮ ਕਰਨਗੇ। ਇਸ ਤੋਂ ਇਲਾਵਾ ਤਿੰਨ ਆਰਜ਼ੀ ਡਿਸਪੈਂਸਰੀਆਂ ਇਕ ਗੁ. ਪਤਾਲਪੁਰੀ ਸਾਹਿਬ, ਇਕ ਪਤਾਲਪੁਰੀ ਸਾਹਿਬ ਚੌਂਕ ਵਿਖੇ ਅਤੇ ਇਕ ਥਾਣੇ ਦੇ ਸਾਹਮਣੇ ਸੇਵਾ ਕੇਂਦਰ ਨਾਲ ਆਰਜ਼ੀ ਡਿਸਪੈਂਸਰੀਆਂ ਬਣਾਈਆਂ ਗਈਆਂ ਹਨ, ਜਿੱਥੇ ਵੀ 24 ਘੰਟੇ ਸਿਹਤ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਦੋ ਐਂਬੂਲੈਂਸਾ ਇਕ ਸਿਹਤ ਕੇਂਦਰ 'ਚ ਅਤੇ ਇਕ ਪਤਾਲਪੁਰੀ ਸਾਹਿਬ ਚੌਂਕ ਵਿਖੇ ਤਾਇਨਾਤ ਰਹੇਗੀ।
ਕਾਰ ਸੇਵਾ ਵਾਲਿਆਂ ਵੱਲੋਂ ਵੀ ਪ੍ਰਬੰਧ ਮੁਕੰਮਲ
ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਦੇ ਪ੍ਰਬੰਧ ਅਧੀਨ ਗੁਰਦੁਆਰਾ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਵੀ ਸੰਗਤਾਂ ਦੀ ਆਮਦ ਨੂੰ ਵੇਖਦੇ ਹੋਏ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਸੰਗਤਾਂ ਲਈ ਲੰਗਰ, ਪੀਣ ਵਾਲੇ ਪਾਣੀ, ਜੋੜੇ ਘਰ ਤੇ ਗਠੜੀ ਘਰਾਂ ਦਾ ਪ੍ਰਬੰਧ ਕੀਤਾ ਗਿਆ ਹੈ।ਕਾਰ ਸੇਵਾ ਵਾਲਿਆਂ ਵੱਲੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਵੀ 24 ਘੰਟੇ ਲਈ ਲੰਗਰ ਲਾਇਆ ਗਿਆ ਹੈ।
ਦਰਗਾਹ ਬਾਬਾ ਬੁੱਢਣ ਸਾਹ 'ਤੇ ਪੁਖਤਾ ਪ੍ਰਬੰਧ
ਦਰਗਾਹ ਪੀਰ ਬਾਬਾ ਬੁੱਢਣ ਸਾਹ ਦੇ ਪ੍ਰਬੰਧਕਾਂ ਨੇ ਦੱਸਿਆ ਇਥੇ ਆਉਣ ਵਾਲੀ ਸੰਗਤਾਂ ਲਈ ਪੀਣ ਵਾਲੇ ਪਾਣੀ, ਲੰਗਰ, ਗਠੜੀ ਤੇ ਜੋੜੇ ਘਰ ਆਦਿ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਨਹਿਰਾਂ ਦੇ ਆਲੇ-ਦੁਆਲੇ ਗੋਤਾਖੋਰ ਤਾਇਨਾਤ
ਸਤਲੁਜ ਦਰਿਆ ਅਤੇ ਨਹਿਰਾਂ ਦੇ ਆਲੇ-ਦੁਆਲੇ ਗੋਤਾਖੋਰ ਤਾਇਨਾਤ ਕੀਤੇ ਗਏ ਹਨ, ਕਿਉਂਕਿ ਹੋਲੇ ਮੁਹੱਲੇ ਦਾ ਇਤਿਹਾਸਕ ਤਿਉਹਾਰ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੇਲੇ 'ਚ ਲੱਖਾਂ ਦੀ ਤਦਾਦ 'ਚ ਦੇਸ਼ ਵਿਦੇਸ਼ ਤੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ। ਇਸ ਮੇਲੇ ਦੌਰਾਨ ਬਹੁਤ ਜਿਆਦਾ ਲੋਕ ਮਨਾਹੀ ਦੇ ਬਾਵਜੂਦ ਸਤਲੁਜ ਦਰਿਆ ਅਤੇ ਨਹਿਰਾਂ 'ਚ ਨਹਾਉਣਾ ਸ਼ੁਰੂ ਦਿੰਦੇ ਹਨ, ਜਿਸ ਕਾਰਨ ਮੰਦਭਾਗੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।
ਆਰਜ਼ੀ ਪਖਾਨੇ ਬਣਾਏ: ਮੇਲੇ ਦੌਰਾਨ ਸੰਗਤ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਗੁ. ਪਤਾਲਪੁਰੀ ਸਾਹਿਬ ਦਾਣਾ ਮੰਡੀ ਨਜ਼ਦੀਕ, ਬਿਲਾਸਪੁਰ ਰੋਡ ਆਦਿ ਵੱਖ-ਵੱਖ ਥਾਂਵਾਂ 'ਤੇ ਆਰਜ਼ੀ ਪਖਾਨੇ ਬਣਾਏ ਗਏ ਹਨ।
24 ਘੰਟੇ ਬਿਜਲੀ ਦਾ ਪ੍ਰਬੰਧ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮੀ. ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਡੀ. ਓ. ਪ੍ਰਭਾਤ ਸ਼ਰਮਾ ਅਤੇ ਜੇ. ਈ. ਸੁੱਚਾ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਮੇਲੇ ਦੌਰਾਨ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਗੁ. ਚਰਨ ਕੰਵਲ ਸਾਹਿਬ ਵਿਖੇ ਆਰਜ਼ੀ ਤੌਰ 'ਤੇ ਟਰਾਂਸਫਾਰਮ ਰੱਖ ਕੇ ਮੀਟਰ ਲਾ ਦਿੱਤੇ ਗਏ ਹਨ। ਐਮਰਜੈਂਸੀ ਲਈ ਦੋ ਟਰਾਂਸਫਾਰਮ ਆਪਣੇ ਪਾਸ ਰੱਖੇ ਹੋਏ ਹਨ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀਆਂ ਸ਼ਿਫਟਾਂ 'ਚ 24 ਘੰਟੇ ਡਿਊਟੀਆਂ ਲਾਈਆਂ ਗਈਆਂ ਹਨ।
ਦੋ ਸਵਾਗਤੀ ਗੇਟ ਤਿਆਰ: ਨਗਰ ਪੰਚਾਇਤ ਵੱਲੋਂ ਡੇਰਾ ਬਾਬਾ ਸ੍ਰੀ ਚੰਦ ਜੀ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਨੂੰ ਜਾਂਦੇ ਮਾਰਗ 'ਤੇ ਨਵੇਂ ਦੋ ਸਵਾਗਤੀ ਗੇਟ ਬਣਾਏ ਗਏ ਹਨ।
ਪੁਲਸ ਬਲ ਤਾਇਨਾਤ: ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਅਮਨ ਸ਼ਾਂਤੀ ਬਣਾਈ ਰੱਖਣਲਈ ਰੂਪਨਗਰ ਜ਼ਿਲੇ ਅਤੇ ਹੋਰ ਬਾਹਰਲੇ ਜ਼ਿਲਿਆਂ ਤੋਂ ਪੰਜਾਬ ਪੁਲਸ ਦੀ ਵਾਧੂ ਫੋਰਸ ਮੰਗਵਾਈ ਗਈ ਹੈ, ਜੋ ਸ਼ਹਿਰ ਦੇ ਧਾਰਮਕ ਅਸਥਾਨਾਂ ਨੂੰ ਜਾਂਦੇ ਮਾਰਗਾਂ ਤੇ ਚੌਂਕਾ 'ਚ ਤਾਇਨਾਤ ਕਰ ਦਿੱਤੀ ਗਈ ਹੈ ਜੋ ਸ਼ਿਫਟਾਂ 'ਚ 24 ਘੰਟੇ ਡਿਊਟੀ ਦੇਣਗੇ। ਇਸ ਤੋਂ ਇਲਾਵਾ ਨਗਰ ਪੰਚਾਇਤ ਵੱਲੋਂ ਸ਼ਹਿਰ 'ਚ ਸਫਾਈ ਵਿਵਸਥਾ ਬਣਾਈ ਰੱਖਣ ਲਈ 50 ਦੇ ਕਰੀਬ ਸਫਾਈ ਕਰਮਚਾਰੀ ਲਾਏ ਗਏ ਹਨ।
ਪੰਜਾਬ ਸਰਕਾਰ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਤੋਰਨ ਲਈ ਵਚਨਬੱਧ : ਅਰੋੜਾ
NEXT STORY