ਹੁਸ਼ਿਆਰਪੁਰ (ਅਮਰਿੰਦਰ)— ਦਿਨ ਭਰ ਪਈ ਕਹਿਰ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਅਤੇ ਪਾਰਾ 45 ਡਿਗਰੀ ਸੈਲਸੀਅਤ ਨੂੰ ਪਾਰ ਕਰ ਗਿਆ। ਦਿਨ ਸਮੇਂ ਹੁਸ਼ਿਆਰਪੁਰ ਦੀਆਂ ਸੜਕਾਂ 'ਤੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਆਸਮਾਨ 'ਚੋਂ ਅੱਗ ਵਰ੍ਹ ਰਹੀ ਹੋਵੇ। ਇਸੇ ਕਰਕੇ ਸਾਰੀਆਂ ਸੜਕਾਂ 'ਤੇ ਸੁੰਨ ਪਈ ਹੋਈ ਸੀ। ਬੀਤੇ ਦਿਨ ਤਾਪਮਾਨ 'ਚ ਵਾਧਾ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ ਸੀ। ਸਵੇਰੇ 11 ਤੋਂ 4 ਵਜੇ ਤੱਕ ਗਰਮੀ ਪੂਰੇ ਜ਼ੋਰਾਂ 'ਤੇ ਸੀ। ਤੜਕੇ 6 ਵਜੇ ਤਾਪਮਾਨ 27 ਡਿਗਰੀ ਸੈਲਸੀਅਸ ਸੀ, ਜੋ ਬਾਅਦ ਦੁਪਹਿਰ 45 ਡਿਗਰੀ 'ਤੇ ਪਹੁੰਚ ਗਿਆ। ਮਾਹਿਰਾਂ ਅਨੁਸਾਰ ਪਿਛਲੇ 5 ਸਾਲਾਂ 'ਚ ਪਹਿਲੀ ਜੂਨ ਦਾ ਤਾਪਮਾਨ ਪਹਿਲੀ ਵਾਰ 45 ਡਿਗਰੀ ਨੂੰ ਪਾਰ ਕੀਤਾ ਹੈ। ਉੱਧਰ, ਮੌਸਮ ਵਿਭਾਗ ਮੁਤਾਬਕ ਅਗਲਾ ਪੂਰਾ ਹਫਤਾ ਲੂ ਚੱਲਣ ਦਾ ਅਨੁਮਾਨ ਹੈ।
ਸਰੀਰ ਲਈ ਇੰਨੀ ਗਰਮੀ ਝੱਲਣਾ ਮੁਸ਼ਕਿਲ
ਵਰਣਨਯੋਗ ਹੈ ਕਿ ਮਨੁੱਖੀ ਸਰੀਰ ਦਾ ਆਮ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ, ਜਦਕਿ ਬਾਹਰ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚਣ ਕਾਰਨ ਲੋਕਾਂ ਲਈ ਇੰਨੀ ਗਰਮੀ ਬਰਦਾਸ਼ਤ ਕਰਨਾ ਆਸਾਨ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਰੀਰ ਦੇ ਤਾਪਮਾਨ ਨਾਲੋਂ ਬਾਹਰ ਦਾ ਤਾਪਮਾਨ ਵਧਣ ਕਾਰਨ ਲੋਕ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ 'ਚ ਵਧੇਰੇ ਸੜਕਾਂ ਦਿਨ ਸਮੇਂ ਸੁੰਨਸਾਨ ਦਿਸੀਆਂ ਅਤੇ ਲੋਕ ਘਰਾਂ 'ਚੋਂ ਬਾਹਰ ਨਿਕਲਣ ਤੋਂ ਕਤਰਾਉਂਦੇ ਰਹੇ।
ਲੂ ਨੇ ਵਧਾਈ ਪਰੇਸ਼ਾਨੀ
ਭਿਆਨਕ ਗਰਮੀ ਅਤੇ ਸਨ ਸਟਰੋਕ (ਲੂ) ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਸਰੀਰ ਦੇ ਆਮ ਤਾਪਮਾਨ ਨਾਲੋਂ ਬਾਹਰ ਦਾ ਤਾਪਮਾਨ ਕਿਤੇ ਜ਼ਿਆਦਾ ਹੋਣ ਕਾਰਨ ਲੋਕ ਲੂ ਦਾ ਸ਼ਿਕਾਰ ਹੋ ਰਹੇ ਹਨ। ਸਰੀਰ 'ਚ ਥਕਾਵਟ, ਤੇਜ਼ ਬੁਖਾਰ, ਮੂੰਹ ਸੁੱਕਣਾ ਆਦਿ ਇਸ ਦੇ ਮੁੱਖ ਲੱਛਣ ਹਨ। ਇਸ ਦਾ ਤੁਰੰਤ ਇਲਾਜ ਨਾ ਕਰਵਾਉਣ 'ਤੇ ਇਹ ਜਾਨ-ਲੇਵਾ ਵੀ ਹੋ ਸਕਦੀ ਹੈ।
ਖੁੱਲ੍ਹੇ 'ਚ ਵਿਕ ਰਹੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਤੋਂ ਬਚੋ
ਹੁਸ਼ਿਆਰਪੁਰ ਦੇ ਚੌਕ-ਚੌਰਾਹਿਆਂ 'ਚ ਗਲੇ ਨੂੰ ਤਰ ਕਰਨ ਲਈ ਖੁੱਲ੍ਹੇ 'ਚ ਵਿਕ ਰਹੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਲੋਕ ਧੜੱਲੇ ਨਾਲ ਕਰ ਰਹੇ ਹਨ। ਅਜਿਹਾ ਕਰ ਕੇ ਉਹ ਜਾਣੇ-ਅਣਜਾਣੇ 'ਚ ਖੁਦ ਨੂੰ ਬੀਮਾਰੀ ਵੰਡ ਰਹੇ ਹਨ। ਪ੍ਰਸ਼ਾਸਨ ਦੀ ਅਣਦੇਖੀ ਦਾ ਫਾਇਦਾ ਉਠਾਉਂਦਿਆਂ ਰੇਹੜੀਆਂ ਵਾਲੇ ਮਨਮਾਨੀਆਂ ਕਰਕੇ ਖੁੱਲ੍ਹਾ ਸੋਡਾ, ਗੰਨੇ ਦਾ ਜੂਸ, ਸਟਰਾਂਗ ਸੋਡਾ, ਬਰਫ ਦਾ ਗੋਲਾ ਸਮੇਤ ਜਲ ਜੀਰਾ ਅਤੇ ਸ਼ਿਕੰਜਵੀ ਵੇਚ ਰਹੇ ਹਨ। ਕੱਟੇ ਫਲਾਂ ਦੀ ਵਿਕਰੀ ਵੀ ਖੂਬ ਹੋ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸੜਕ ਕਿਨਾਰੇ ਵਿਕਣ ਵਾਲੇ ਅਜਿਹੇ ਪਦਾਰਥ ਅਤੇ ਕੱਟੇ ਫਲ ਸਿਹਤ ਲਈ ਹਾਨੀਕਾਰਕ ਹਨ।
ਅਗਲੇ 3 ਦਿਨਾਂ ਅੰਦਰ ਹਨੇਰੀ ਅਤੇ ਬੂੰਦਾਂਬਾਦੀ ਦੇ ਬਣ ਰਹੇ ਆਸਾਰ
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਅਨੁਸਾਰ ਪ੍ਰੀ-ਮਾਨਸੂਨ ਦੀ ਬਾਰਿਸ਼ ਨਾਲ ਗਰਮੀ 'ਚ ਰਾਹਤ ਮਿਲ ਸਕਦੀ ਹੈ। ਪਿਛਲੇ ਸਾਲ 1 ਜੂਨ 2018 ਨੂੰ ਹੁਸ਼ਿਆਰਪੁਰ 'ਚ ਸ਼ਾਮ 5 ਵਜੇ ਦੇ ਕਰੀਬ ਮੀਂਹ ਪੈਣ ਨਾਲ ਤਾਪਮਾਨ 'ਚ ਗਿਰਾਵਟ ਆਈ ਸੀ, ਜਦਕਿ ਮਾਨਸੂਨ ਨੇ 15 ਜੁਲਾਈ ਨੂੰ ਦਸਤਕ ਦਿੱਤੀ ਸੀ। ਇਸ ਵਾਰ ਹਵਾ ਦਾ ਦਬਾਅ ਖੇਤਰ ਬਣਨ ਨਾਲ ਅਗਲੇ 2 ਤੋਂ 3 ਦਿਨਾਂ ਅੰਦਰ ਹਨੇਰੀ ਆਉਣ ਦੇ ਨਾਲ-ਨਾਲ ਬੂੰਦਾਬਾਂਦੀ ਦੇ ਆਸਾਰ ਬਣੇ ਹੋਏ ਹਨ ਪਰ ਫਿਲਹਾਲ ਗਰਮੀ ਤੋਂ ਲੋਕਾਂ ਨੂੰ ਨਿਜਾਤ ਨਹੀਂ ਮਿਲੇਗੀ।
3 ਸਾਲ ਪਹਿਲਾਂ ਬੰਬ ਮਿਲਣ 'ਤੇ ਸੁਰਖੀਆਂ 'ਚ ਆਇਆ ਸੀ ਨੀਟੂ ਸ਼ਟਰਾਂ ਵਾਲਾ
NEXT STORY