ਜਲੰਧਰ (ਖੁਰਾਣਾ)— ਕੁਝ ਦਿਨਾਂ ਦੀ ਸਖਤੀ ਤੋਂ ਬਾਅਦ ਸ਼ਹਿਰ 'ਚ ਨਾਜਾਇਜ਼ ਬਿਲਡਿੰਗਾਂ ਦੇ ਕੰਮ ਨੇ ਇਕ ਵਾਰ ਫਿਰ ਤੇਜ਼ੀ ਫੜ ਲਈ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਧੜਾਧੜ ਨਾਜਾਇਜ਼ ਬਿਲਡਿੰਗਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ, ਜਿਨ੍ਹਾਂ 'ਚ ਜ਼ਿਆਦਾਤਰ ਕਮਰਸ਼ੀਅਲ ਨਿਰਮਾਣ ਸ਼ਾਮਲ ਹਨ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਨਾਜਾਇਜ਼ ਉਸਾਰੀਆਂ ਬਾਰੇ ਨਗਰ ਨਿਗਮ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਪਰ ਉਨ੍ਹਾਂ ਸ਼ਿਕਾਇਤਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਪਿਛਲੇ ਕੁਝ ਦਿਨ ਤੋਂ ਸਕਾਈਲਾਰਕ ਹੋਟਲ ਦੇ ਸਾਹਮਣੇ ਮਖਦੂਮਪੁਰ ਵਾਲੀ ਸਾਈਡ 'ਤੇ ਨਾਜਾਇਜ਼ ਤੌਰ 'ਤੇ ਕਮਰਸ਼ੀਅਲ ਬਿਲਡਿੰਗ ਦਾ ਕੰਮ ਦਿਨ-ਰਾਤ ਜਾਰੀ ਹੈ। ਨਿਗਮ ਨੇ ਇਸ ਕੰਮ ਨੂੰ ਕਾਫੀ ਦਿਨਾਂ ਤੋਂ ਰੋਕਿਆ ਹੋਇਆ ਸੀ ਪਰ ਹੁਣ ਇਸ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਇਹ ਕੰਮ ਖਤਮ ਹੋਣ ਵਾਲਾ ਹੈ। ਇਸੇ ਤਰ੍ਹਾਂ ਹਰਦੇਵ ਨਗਰ 'ਚ ਨਹਿਰ ਦੇ ਕੰਢੇ ਦੋ ਵੱਡੀਆਂ ਦੁਕਾਨਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਇੰਡਸਟ੍ਰੀਅਲ ਏਰੀਏ ਵਿਚ ਕੇਨਰਾ ਬੈਂਕ ਕੋਲ ਵੀ ਨਾਜਾਇਜ਼ ਤੌਰ 'ਤੇ ਦੋ ਮੰਜ਼ਿਲਾ ਬਿਲਡਿੰਗ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸ਼ਹਿਰ 'ਚ ਦਰਜਨਾਂ ਅਜਿਹੀਆਂ ਥਾਵਾਂ ਹਨ, ਜਿੱਥੇ ਸ਼ਰੇਆਮ ਕਮਰਸ਼ੀਅਲ ਬਿਲਡਿੰਗਾਂ ਦਾ ਕੰਮ ਚੱਲ ਰਿਹਾ ਹੈ ਪਰ ਸਰਦੀ ਜਾਂ ਹੋਰ ਕਾਰਣਾਂ ਕਾਰਣ ਨਿਗਮ ਅਧਿਕਾਰੀ ਫੀਲਡ ਵਿਚ ਨਹੀਂ ਨਿਕਲ ਰਹੇ।
ਹੁਣ ਤਾਂ ਚਲਾਨ ਵੀ ਨਹੀਂ ਕੱਟਦਾ ਨਿਗਮ ਸਟਾਫ
ਨਾਜਾਇਜ਼ ਬਿਲਡਿੰਗਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਗਮ ਦੇ ਬਿਲਡਿੰਗ ਇੰਸਪੈਕਟਰ, ਏ. ਟੀ. ਪੀ. ਅਤੇ ਉਪਰਲੇ ਅਧਿਕਾਰੀਆਂ 'ਤੇ ਆਉਂਦੀ ਹੈ ਪਰ ਇਸ ਮਾਮਲੇ 'ਚ ਜ਼ਿਆਦਾਤਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਹੁਣ ਤਾਂ ਜ਼ਿਆਦਾਤਰ ਬਿਲਡਿੰਗਾਂ ਦੇ ਚਲਾਨ ਤੱਕ ਨਹੀਂ ਕੀਤੇ ਜਾਂਦੇ ਅਤੇ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਹੁੰਦੀ। ਬਾਅਦ ਵਿਚ ਜਦੋਂ ਆਰ. ਟੀ. ਆਈ. ਅਤੇ ਅਦਾਲਤਾਂ 'ਚ ਮਾਮਲੇ ਚਲੇ ਜਾਂਦੇ ਹਨ ਤਾਂ ਇਨ੍ਹਾਂ ਅਧਿਕਾਰੀਆਂ ਨੂੰ ਭਾਜੜਾਂ ਪੈ ਜਾਂਦੀਆਂ ਹਨ। ਅਟਾਰੀ ਬਾਜ਼ਾਰ 'ਚ ਬਣ ਰਹੀਆਂ 36 ਦੁਕਾਨਾਂ ਵਾਲੀ ਮਾਰਕੀਟ ਨੂੰ ਲੈ ਕੇ ਨਿਗਮ ਅਧਿਕਾਰੀਆਂ ਕੋਲ ਕਈ ਸ਼ਿਕਾਇਤਾਂ ਗਈਆਂ ਸਨ ਪਰ ਜਦੋਂ ਉਥੇ ਅਚਾਨਕ ਵਿਧਾਨ ਸਭਾ ਕਮੇਟੀ ਦੀ ਟੀਮ ਪਹੁੰਚੀ ਤਾਂ ਉਸ ਤੋਂ ਅੱਧਾ ਘੰਟਾ ਪਹਿਲਾਂ ਤੱਕ ਉਥੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਤੋਂ ਸਪੱਸ਼ਟ ਹੈ ਕਿ ਹੁਣ ਨਿਗਮ ਸਟਾਫ ਨੇ ਨਾਜਾਇਜ਼ ਬਿਲਡਿੰਗਾਂ 'ਤੇ ਸਖਤੀ ਕਰਨੀ ਛੱਡੀ ਹੋਈ ਹੈ।
ਘੱਟ ਸਟਾਫ ਦਾ ਬਣਾਇਆ ਜਾ ਰਿਹਾ ਬਹਾਨਾ
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਸ਼ਹਿਰ ਨੂੰ 20 ਸੈਕਟਰਾਂ 'ਚ ਵੰਡਿਆ ਹੋਇਆ ਹੈ, ਜਿਸ ਮੁਤਾਬਕ ਨਿਗਮ ਕੋਲ 20 ਬਿਲਡਿੰਗ ਇੰਸਪੈਕਟਰ ਹੋਣੇ ਚਾਹੀਦੇ ਹਨ ਪਰ ਇਸ ਸਮੇਂ ਇਨ੍ਹਾਂ ਦੀ ਗਿਣਤੀ ਸਿਰਫ ਪੰਜ ਹੈ ਅਤੇ ਉਨ੍ਹਾਂ ਵਿਚੋਂ ਵੀ ਕੋਈ ਅਦਾਲਤਾਂ ਅਤੇ ਕੋਈ ਆਰ. ਟੀ. ਆਈ. ਵਿਚ ਰੁੱਝਿਆ ਰਹਿੰਦਾ ਹੈ। ਇਸੇ ਕਾਰਨ ਬਿਲਡਿੰਗ ਵਿਭਾਗ ਵਿਚ ਵੀ ਇਹ ਬਹਾਨਾ ਆਮ ਲਾਇਆ ਜਾ ਰਿਹਾ ਹੈ ਕਿ ਸਟਾਫ ਦੀ ਘਾਟ ਹੋਣ ਕਾਰਣ ਨਾਜਾਇਜ਼ ਬਿਲਡਿੰਗਾਂ ਦਾ ਕੰਮ ਰੋਕਿਆ ਨਹੀਂ ਜਾ ਰਿਹਾ। ਦੂਜੇ ਪਾਸੇ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਨਿਗਮ ਸਟਾਫ ਦੀ ਮਿਲੀਭੁਗਤ ਤੋਂ ਬਿਨਾਂ ਨਾਜਾਇਜ਼ ਬਿਲਡਿੰਗ 'ਤੇ ਇਕ ਇੱਟ ਵੀ ਨਹੀਂ ਲੱਗ ਸਕਦੀ।
ਠੰਡ ਨੇ ਲੋਕਾਂ ਨੂੰ ਛੇੜੀ ਕੰਬਨੀ, ਅਗਲੇ 72 ਘੰਟਿਆਂ 'ਚ ਧੁੰਦ ਵਧਣ ਦੇ ਆਸਾਰ
NEXT STORY