ਜਲੰਧਰ, (ਰਵਿੰਦਰ)- ਸ਼ਹਿਰ ਵਾਸੀਓ ਸਾਵਧਾਨ ਹੋ ਜਾਓ ਤੁਹਾਡੀ ਸੁਰੱਖਿਆ ਤੁਹਾਡੇ ਆਪਣੇ ਹੱਥ ਵਿਚ ਹੈ ਕਿਉਂਕਿ ਪੁਲਸ ਸੌਂ ਰਹੀ ਹੈ। ਸੀ. ਟੀ. ਇੰਸਟੀਚਿਊਟ ਵਿਚ ਪੁਲਸ ਨੇ ਇਕ ਕਿਲੋਗ੍ਰਾਮ ਵਿਸਫੋਟਕ ਅਤੇ ਏ. ਕੇ. 56 ਰਾਈਫਲ ਦੇ ਨਾਲ ਅੰਸਾਰ ਗਜਵਤ-ਉਲ-ਹਿੰਦ ਦੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਕਸੂਦਾਂ ਥਾਣੇ ’ਤੇ ਹੱਥਗੋਲੇ ਨਾਲ ਹਮਲਾ ਕਰਨ ਵਾਲਿਆਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮਤਲਬ ਕਿ ਸ਼ਹਿਰ ਕਸ਼ਮੀਰੀ ਅੱਤਵਾਦੀਆਂ ਦੇ ਪੂਰੀ ਤਰ੍ਹਾਂ ਨਿਸ਼ਾਨੇ ’ਤੇ ਹੈ।

ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹਿਣ ਵਾਲੇ ਜਲੰਧਰ ਦੀ ਪੁਲਸ ਨੂੰ ਹਮੇਸ਼ਾ ਅਲਰਟ ਰਹਿਣਾ ਚਾਹੀਦਾ ਹੈ ਤਾਂ ਕਿ ਲੋਕ ਸੁਰੱਖਿਅਤ ਰਹਿਣ। ਇਸੇ ਗੱਲ ਦੀ ਸਮੀਖਿਆ ਲਈ ‘ਜਗ ਬਾਣੀ’ ਟੀਮ ਨੇ ਵੀਰਵਾਰ ਦੀ ਰਾਤ ਨੂੰ ਸ਼ਹਿਰ ਵਿਚ ਨਾਈਟ ਡੋਮੀਨੇਸ਼ਨ ਕੀਤਾ ਅਤੇ ਜਾਣਿਆ ਕਿ ਸ਼ਹਿਰ ਦੇ ਲੋਕ ਪੁਲਸ ਦੇ ਹੱਥਾਂ ਵਿਚ ਕਿੰਨੇ ਸੁਰੱਖਿਅਤ ਹਨ।

ਸੂਬੇ ਦੀ ਕਾਊਂਟਰ ਇੰਟੈਲੀਜੈਂਸੀ ਅਤੇ ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਹੀ ਸੂਬਾ ਪੁਲਸ ਨੂੰ ਅਲਰਟ ਕੀਤਾ ਸੀ ਕਿ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀ ਸੂਬੇ ਵਿਚ ਐਂਟਰੀ ਕਰ ਚੁੱਕੇ ਹਨ ਜੋ ਕਿ ਕਿਸੇ ਵੀ ਸਮੇਂ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਕਿਉਂਕਿ ਹੁਣ ਤਕ ਕਸ਼ਮੀਰੀ ਅੱਤਵਾਦੀਆਂ ਦੇ ਸਿੱਧੇ ਲਿੰਕ ਜਲੰਧਰ ਨਾਲ ਜੁੜੇ ਹੋਏ ਹਨ। ਇਸ ਕਾਰਨ ਜਲੰਧਰ ਇਨ੍ਹਾਂ ਅੱਤਵਾਦੀਆਂ ਦੀ ਹਿੱਟ ਲਿਸਟ ’ਤੇ ਰਿਹਾ ਹੈ। ਖੁਫੀਆ ਏਜੰਸੀਆਂ ਦੇ ਅਲਰਟ ਕਰਨ ਤੋਂ ਬਾਅਦ ਡੀ. ਜੀ. ਪੀ. ਦਫਤਰ ਤੋਂ ਸਾਰੇ ਪੁਲਸ ਕਮਿਸ਼ਨਰ ਅਤੇ ਐੱਸ. ਐੱਸ. ਪੀ. ਨੂੰ ਸਖਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ ਪਰ ਸ਼ਾਇਦ ਜਲੰਧਰ ਪੁਲਸ ਤਕ ਇਹ ਆਦੇਸ਼ ਨਹੀਂ ਪਹੁੰਚਿਆ। ਇਸੇ ਲਈ ਤਾਂ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਪੁਲਸ ਰਾਤ ਨੂੰ ਕੁਝ ਹੱਦ ਤਕ ਅਲਰਟ ਨਜ਼ਰ ਆਈ ਪਰ ਸ਼ਹਿਰ ਦੇ ਅੰਦਰੂਨੀ ਨਾਕਿਆਂ ਤੇ ਚੌਕਾਂ ਵਿਚ ਪੁਲਸ ਦੀ ਨਾਕਾਬੰਦੀ ਤੇ ਗਸ਼ਤ ਨਦਾਰਦ ਰਹੀ।

ਮਹਿਜ ਵਡਾਲਾ ਚੌਕ ਵਿਚ ਹੀ ਪੁਲਸ ਨਾਕਾ ਸੀ ਜਿੱਥੇ ਪੁਲਸ ਡਿਊਟੀ ਨਿਭਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਥੇ ਰਾਤ ਭਰ ਪੁਲਸ ਨਾਕੇ ’ਤੇ ਰਹਿੰਦੀ ਹੈ ਅਤੇ ਜੀ. ਓ. ਰੈਂਕ ਦੇ ਦੋ ਅਧਿਕਾਰੀ ਇਸ ਨਾਕੇ ’ਤੇ ਮੌਜੂਦ ਰਹਿੰਦੇ ਹਨ। ਰਾਤ ਨੂੰ ਏ. ਡੀ. ਸੀ. ਪੀ. ਰੈਂਕ ਅਤੇ ਏ. ਸੀ. ਪੀ. ਰੈਂਕ ਅਧਿਕਾਰੀ ਵੀ ਇਸ ਨਾਕੇ ਦੀ ਚੈਕਿੰਗ ਕਰਦੇ ਹਨ ਉਥੇ ਹੀ ਸ਼ਹਿਰ ਦੇ ਹੋਰ ਐਂਟਰੀ ਪੁਆਇੰਟ ਬੀ. ਐੱਸ. ਐੱਫ. ਚੌਕ, ਬਿਧੀਪੁਰ ਫਾਟਕ, ਪਠਾਨਕੋਟ ਬਾਈਪਾਸ ਅਤੇ ਬਸਤੀ ਬਾਵਾਖੇਲ, ਨਹਿਰ ਪੁਲੀ ’ਤੇ ਪੁਲਸ ਪੂਰੀ ਤਰ੍ਹਾਂ ਗਾਇਬ ਨਜ਼ਰ ਆਈ। ਸ਼ਹਿਰ ਦੇ ਮੁੱਖ ਚੌਕਾਂ ਰਵਿਦਾਸ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਫੁੱਟਬਾਲ ਚੌਕ ਅਤੇ ਗੁਰੂ ਨਾਨਕ ਮਿਸ਼ਨ ਚੌਕ ਸਣੇ ਜੋਤੀ ਚੌਕ ਵਿਚ ਵੀ ਰਾਤ ਨੂੰ ਨਾ ਤਾਂ ਕੋਈ ਪੁਲਸ ਨਾਕਾ ਸੀ ਤੇ ਨਾ ਹੀ ਕੋਈ ਪੁਲਸ ਦੀ ਗਸ਼ਤ ਸੀ। ਸ਼ਹਿਰ ਵਾਸੀ ਖੁਦ ਅਲਰਟ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਜਾਂ ਵਿਅਕਤੀ ਨੂੰ ਦੇਖਣ ’ਤੇ ਤੁਰੰਤ ਪੁਲਸ ਕੰਟਰੋਲ ਰੂਮ ਜਾਂ ਸਬੰਧਤ ਥਾਣੇ ਨੂੰ ਫੋਨ ਕਰਨ।
ਸਿਵਲ ਹਸਪਤਾਲ ’ਚ ਲਾਵਾਰਿਸ ਬੈਗ ਦੇਖ ਕੇ ਸਹਿਮੇ ਲੋਕ
NEXT STORY