ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਦੀ ਐਡਵਰਟਾਈਜ਼ਮੈਂਟ ਬ੍ਰਾਂਚ ਭ੍ਰਿਸ਼ਟਾਚਾਰ ਅਤੇ ਮਿਲੀਭੁਗਤ ਦਾ ਗੜ੍ਹ ਬਣ ਚੁੱਕੀ ਹੈ। ਇਥੇ ਸਾਲਾਂ ਤੋਂ ਇਸ਼ਤਿਹਾਰ ਮਾਫੀਆ ਅਤੇ ਨਿਗਮ ਅਧਿਕਾਰੀਆਂ ਦੀ ਗੰਢਤੁੱਪ ਕਾਰਨ ਨਿਗਮ ਨੂੰ ਆਉਣ ਵਾਲਾ ਰੈਵੇਨਿਊ ਸਰਕਾਰੀ ਖਾਤੇ ਵਿਚ ਜਾਣ ਦੀ ਬਜਾਏ ਨਿੱਜੀ ਜੇਬਾਂ ਵਿਚ ਸਮਾ ਰਿਹਾ ਹੈ। ਨਾਜਾਇਜ਼ ਇਸ਼ਤਿਹਾਰਾਂ ਦਾ ਕਾਰੋਬਾਰ ਇਸ ਕਦਰ ਵਧ-ਫੁੱਲ ਰਿਹਾ ਹੈ ਕਿ ਨਿਗਮ ਦੀ ਆਮਦਨ ਵਧਾਉਣ ਲਈ ਬਣਾਈ ਗਈ ਪਾਲਿਸੀ ਵੀ ਮਜ਼ਾਕ ਬਣ ਕੇ ਰਹਿ ਗਈ ਹੈ। ਕਾਂਗਰਸ ਸ਼ਾਸਨਕਾਲ ਵਿਚ ਤਤਕਾਲੀ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮਾਂ ਦੀ ਆਮਦਨ ਵਿਚ ਵਾਧੇ ਦੇ ਉਦੇਸ਼ ਨਾਲ ਇਸ਼ਤਿਹਾਰ ਨੀਤੀ ਤਿਆਰ ਕੀਤੀ ਸੀ। ਇਸ ਪਾਲਿਸੀ ਨਾਲ ਸ਼ਹਿਰਾਂ ਨੂੰ ਕਰੋੜਾਂ ਰੁਪਏ ਦੀ ਆਮਦਨੀ ਹੋਣੀ ਸੀ ਪਰ ਜਲੰਧਰ ਵਰਗੇ ਸ਼ਹਿਰਾਂ ਵਿਚ ਸਰਗਰਮ ਇਸ਼ਤਿਹਾਰ ਮਾਫ਼ੀਆ ਨੇ ਉਸ ਨੀਤੀ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਏਅਰਪੋਰਟ 'ਚ ਬਦਲਿਆ ਗਿਆ ਫਲਾਈਟਸ ਦਾ ਸਮਾਂ, ਜਾਣੋ ਨਵੀਂ Timing
ਇਸ ਪਾਲਿਸੀ ਦੇ ਮੱਦੇਨਜ਼ਰ ਜਲੰਧਰ ਨਿਗਮ ਨੂੰ ਪਿਛਲੇ ਸਾਲਾਂ ਵਿਚ ਲਗਭਗ 100 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਸੀ ਪਰ ਮਾਫ਼ੀਆ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਕਾਂਗਰਸ ਦੇ ਰਾਜ ਵਿਚ ਇਕ ਵਾਰ ਵੀ ਇਸ਼ਤਿਹਾਰ ਦਾ ਟੈਂਡਰ ਸਫ਼ਲ ਨਹੀਂ ਹੋਇਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ 4 ਸਾਲ ਹੋਣ ਵਾਲੇ ਹਨ ਅਤੇ ਨਿਗਮ ਦਾ ਹਾਊਸ ਵੀ ਬਣ ਚੁੱਕਾ ਹੈ ਪਰ ਹਾਲਾਤ ਉਸੇ ਤਰ੍ਹਾਂ ਦੇ ਹਨ, ਨਾ ਟੈਂਡਰ ਸਫ਼ਲ ਹੋਏ, ਨਾ ਨਾਜਾਇਜ਼ ਵਸੂਲੀ ਰੁਕੀ।
ਅਫ਼ਸਰਾਂ ਦੀ ਸ਼ੱਕੀ ਭੂਮਿਕਾ, ਮਾਫ਼ੀਆ ਦਾ ਬੋਲਬਾਲਾ
ਜਾਣਕਾਰਾਂ ਅਨੁਸਾਰ ਨਿਗਮ ਦੇ ਕਈ ਅਧਿਕਾਰੀ ਇਸ ਪੂਰੀ ਖੇਡ ਵਿਚ ਸਰਗਰਮ ਤੌਰ ’ਤੇ ਸ਼ਾਮਲ ਹਨ। ਕੁਝ ਮਹੀਨੇ ਪਹਿਲਾਂ ਇਸ਼ਤਿਹਾਰ ਦਾ ਟੈਂਡਰ 18 ਕਰੋੜ ਰੁਪਏ ਦਾ ਕੱਢਿਆ ਗਿਆ ਸੀ ਪਰ ਕਿਸੇ ਨੇ ਬੋਲੀ ਨਹੀਂ ਲਗਾਈ। ਹੁਣ ਚੰਡੀਗੜ੍ਹ ਪੱਧਰ ’ਤੇ ਫੈਸਲਾ ਹੋਇਆ ਹੈ ਕਿ ਨਿਗਮ ਆਪਣੇ ਪੱਧਰ ’ਤੇ ਰੇਟ ਘਟਾ ਕੇ ਨਵਾਂ ਟੈਂਡਰ ਲਗਾਏਗਾ, ਜੋ ਲਗਭਗ 13.50 ਕਰੋੜ ਰੁਪਏ ਦਾ ਹੀ ਹੋ ਸਕਦਾ ਹੈ। ਜਲੰਧਰ ਨਿਗਮ ਦੇ ਅਧਿਕਾਰੀ 9 ਤੋਂ 18 ਕਰੋੜ ਰੁਪਏ ਤਕ ਦੇ ਟੈਂਡਰ ਕੱਢ ਚੁੱਕੇ ਹਨ ਪਰ ਹੁਣ ਤਕ ਕੋਈ ਵੀ ਫਾਈਨਲ ਨਹੀਂ ਹੋ ਸਕਿਆ। ਕਿਤੇ ਨਾ ਕਿਤੇ ਹਰ ਵਾਰ ਕੋਈ ਨਾ ਕੋਈ ਬਹਾਨਾ ਲਾ ਕੇ ਪ੍ਰਕਿਰਿਆ ਰੋਕ ਦਿੱਤੀ ਜਾਂਦੀ ਹੈ। 7-8 ਸਾਲਾਂ ਤੋਂ ਇਸ਼ਤਿਹਾਰ ਨੀਤੀ ਤਹਿਤ ਟੈਂਡਰ ਨਾ ਲਗਾਉਣ ਨਾਲ ਨਿਗਮ ਨੂੰ ਜੋ 100 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ ਹੈ, ਉਸ ਤਹਿਤ ਅੱਜ ਤਕ ਕਿਸੇ ਅਧਿਕਾਰੀ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਕਬੱਡੀ ਖਿਡਾਰੀ ਦਾ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗ ਨੇ ਲਈ ਜ਼ਿੰਮੇਵਾਰੀ
26 ਯੂਨੀਪੋਲਜ਼ ਦੀ ਗਲਤ ਅਲਾਟਮੈਂਟ ਦਾ ਮਾਮਲਾ ਠੰਢੇ ਬਸਤੇ ’ਚ
ਲਗਭਗ 2 ਸਾਲ ਪਹਿਲਾਂ 26 ਯੂਨੀਪੋਲਜ਼ ਦੀ ਗਲਤ ਅਲਾਟਮੈਂਟ ਦੇ ਮਾਮਲੇ ਵਿਚ ਤਤਕਾਲੀ ਨਿਗਮ ਕਮਿਸ਼ਨਰ ’ਤੇ ਗੰਭੀਰ ਦੋਸ਼ ਲੱਗੇ ਸਨ। ਇਹ ਕਾਂਡ ਉਸ ਸਮੇਂ ਕਾਫ਼ੀ ਚਰਚਿਤ ਰਿਹਾ, ਜਿਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸ਼ੁਰੂ ਤਾਂ ਕੀਤੀ ਪਰ ਉਸ ਨੂੰ ਕਦੇ ਅੰਜਾਮ ਤਕ ਨਹੀਂ ਪਹੁੰਚਾਇਆ।
ਸ਼ਹਿਰ ਵਿਚ ਚਰਚਾ ਹੈ ਕਿ ਜਾਂਚ ਨੂੰ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਇਸ ਮਾਮਲੇ ਵਿਚ ਕਈ ਪ੍ਰਭਾਵਸ਼ਾਲੀ ਅਧਿਕਾਰੀ ਫਸ ਸਕਦੇ ਸਨ। ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ਼ਤਿਹਾਰਾਂ ਦਾ ਟੈਂਡਰ ਜਾਣਬੁੱਝ ਕੇ ਨਹੀਂ ਲਗਾਇਆ ਜਾ ਰਿਹਾ ਤਾਂ ਜੋ ਨਾਜਾਇਜ਼ ਇਸ਼ਤਿਹਾਰ ਲਗਾਉਣ ਵਾਲੇ ਮਾਫੀਆ ਨੂੰ ਫਾਇਦਾ ਮਿਲਦਾ ਰਹੇ ਅਤੇ ਵਸੂਲੀ ਦਾ ਸਿਲਸਿਲਾ ਜਾਰੀ ਰਹੇ।
ਨਾਜਾਇਜ਼ ਇਸ਼ਤਿਹਾਰਾਂ ਤੋਂ ਮੋਟੀ ਕਮਾਈ, ਨਿਗਮ ਅਧਿਕਾਰੀ ਮੌਨ
ਸ਼ਹਿਰ ਵਿਚ ਅੱਜ ਹਰ ਦਿਸ਼ਾ ਵਿਚ ਨਾਜਾਇਜ਼ ਹੋਰਡਿੰਗਜ਼ ਅਤੇ ਫਲੈਕਸ ਬੈਨਰ ਦਿਖਾਈ ਦਿੰਦੇ ਹਨ। ਖਾਸ ਕਰ ਕੇ ਇਮੀਗ੍ਰੇਸ਼ਨ, ਆਈਲੈਟਸ ਸੰਸਥਾਨ ਅਤੇ ਐਗਜ਼ੀਬੀਸ਼ਨ ਆਯੋਜਕਾਂ ਦੇ ਇਸ਼ਤਿਹਾਰ ਸਭ ਤੋਂ ਜ਼ਿਆਦਾ ਹਨ। ਨਿਗਮ ਦਾ ਇਸ਼ਤਿਹਾਰ ਵਿਭਾਗ ਕਦੇ-ਕਦੇ ਰਸਮੀ ਮੁਹਿੰਮ ਚਲਾ ਕੇ ਕੁਝ ਇਸ਼ਤਿਹਾਰ ਉਤਰਵਾ ਤਾਂ ਦਿੰਦਾ ਹੈ ਪਰ ਉਤਾਰੇ ਗਏ ਬੋਰਡ ਵਾਪਸ ਕਰ ਦਿੱਤੇ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਇਸੇ ਥਾਂ ’ਤੇ ਫਿਰ ਤੋਂ ਦਿਖਾਈ ਦੇਣ ਲੱਗਦੇ ਹਨ। ਹਰ ਚੌਕ, ਹਰ ਰੋਡ ਅਤੇ ਇਥੋਂ ਤਕ ਕਿ ਬਿਊਟੀਫਿਕੇਸ਼ਨ ਜ਼ੋਨ ਤਕ ਵੀ ਇਹ ਨਾਜਾਇਜ਼ ਇਸ਼ਤਿਹਾਰ ਧੜੱਲੇ ਨਾਲ ਲਟਕੇ ਹਨ। ਅਧਿਕਾਰੀ ਅਤੇ ਨੇਤਾ ਦੋਵੇਂ ਹੀ ਇਸ ਗੜਬੜੀ ’ਤੇ ਅੱਖਾਂ ਬੰਦ ਕਰੀ ਬੈਠੇ ਹਨ। ਯਾਦ ਰਹੇ ਕਿ ਨਿਗਮ ਦੇ ਅੰਦਰੋਂ ਹੀ ਇਸ ਪੂਰੇ ਨੈੱਟਵਰਕ ਨੂੰ ਸਰਪ੍ਰਸਤੀ ਮਿਲ ਰਹੀ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸਜਾਏ ਗਏ ਅਲੌਕਿਕ ਜਲੌਅ
ਮਾਡਲ ਟਾਊਨ ਵਿਚ ਵੱਡੀ ਐੱਲ. ਈ. ਡੀ. ਸਕ੍ਰੀਨ ਤੋਂ ਹੋ ਰਹੀ ਵਸੂਲੀ
ਇਸ਼ਤਿਹਾਰ ਪਾਲਿਸੀ ਦੀ ਆੜ ਵਿਚ ਹੁਣ ਖੁੱਲ੍ਹੇਆਮ ਨਾਜਾਇਜ਼ ਕਮਾਈ ਦਾ ਧੰਦਾ ਚੱਲ ਰਿਹਾ ਹੈ। ਸ਼ਹਿਰ ਦੀ ਪਾਸ਼ ਮਾਡਲ ਟਾਊਨ ਮਾਰਕੀਟ ਵਿਚ ਰਾਣਾ ਹਸਪਤਾਲ ਤੋਂ ਥੋੜ੍ਹਾ ਪਹਿਲਾਂ ਇਕ ਵਿਸ਼ਾਲ ਐੱਲ. ਈ. ਡੀ. ਸਕ੍ਰੀਨ ਲਗਾਈ ਗਈ ਹੈ, ਜਿਸ ’ਤੇ ਲਗਾਤਾਰ ਵੱਡੇ ਬ੍ਰਾਂਡਾਂ ਦੇ ਇਸ਼ਤਿਹਾਰ ਪ੍ਰਸਾਰਿਤ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਇਹ ਸਕ੍ਰੀਨ ਨਿਗਮ ਦੀ ‘ਸੈਟਿੰਗ’ ਤਹਿਤ ਲਗਾਈ ਗਈ ਹੈ ਅਤੇ ਇਸ ਤੋਂ ਹੋਣ ਵਾਲੀ ਆਮਦਨੀ ਦਾ ਹਿੱਸਾ ਅਧਿਕਾਰੀਆਂ ਦੇ ਜੇਬਾਂ ਵਿਚ ਜਾ ਰਿਹਾ ਹੈ। ਇਸੇ ਤਰ੍ਹਾਂ ਓਲਡ ਜੀ. ਟੀ. ਰੋਡ ’ਤੇ ਵੀ ਕਈ ਥਾਵਾਂ ’ਤੇ ਐੱਲ. ਈ. ਡੀ. ਆਧਾਰਿਤ ਇਸ਼ਤਿਹਾਰ ਲੱਗੇ ਹਨ, ਜਦਕਿ ਮੌਜੂਦਾ ਪਾਲਿਸੀ ਵਿਚ ਇਸ ਦੀ ਇਜਾਜ਼ਤ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਇਨ੍ਹਾਂ ਐੱਲ. ਈ. ਡੀ. ਇਸ਼ਤਿਹਾਰਾਂ ਨੂੰ ਰੈਗੂਲਰ ਕਰ ਦੇਵੇ ਤਾਂ ਹਰ ਮਹੀਨੇ ਲੱਖਾਂ ਰੁਪਏ ਦਾ ਰੈਵੇਨਿਊ ਨਿਗਮ ਨੂੰ ਮਿਲ ਸਕਦਾ ਹੈ ਪਰ ਫਿਲਹਾਲ ਇਹ ਧਨ ਨਿੱਜੀ ਹੱਥਾਂ ਵਿਚ ਜਾ ਰਿਹਾ ਹੈ।
ਲਗਾਤਾਰ ਟੈਂਡਰ ਵਿਚ ਦੇਰੀ, ਵਿਜੀਲੈਂਸ ਜਾਂਚ ਦਾ ਠੱਪ ਹੋਣਾ ਅਤੇ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਨੇ ਇਸ ਪੂਰੇ ਮਾਮਲੇ ਨੂੰ ਬੇਹੱਦ ਗੰਭੀਰ ਬਣਾ ਦਿੱਤਾ ਹੈ। ਜਲੰਧਰ ਦੀ ਜਨਤਾ ਹੁਣ ਇਹ ਜਾਣਨਾ ਚਾਹੁੰਦੀ ਹੈ ਕਿ ਆਖਿਰ ਨਗਰ ਨਿਗਮ ਦੀ ਆਮਦਨ ਉਨ੍ਹਾਂ ਦੇ ਵਿਕਾਸ ਵਿਚ ਕਦੋਂ ਇਸਤੇਮਾਲ ਹੋਵੇਗੀ ਅਤੇ ਕਦੋਂ ਰੁਕੇਗੀ ਇਹ ਮਾਫੀਆ-ਅਫਸਰ ਗਠਜੋੜ ਦੀ ਨਾਜਾਇਜ਼ ਕਮਾਈ।
ਇਹ ਵੀ ਪੜ੍ਹੋ: ਜਲੰਧਰ: ਜਿਊਲਰੀ ਸ਼ਾਪ ਲੁੱਟ ਮਾਮਲੇ 'ਚ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੇਜ਼ ਰਫ਼ਤਾਰ ਟਿੱਪਰ ਨੇ ਕਾਰ ਨੂੰ ਪਿੱਛਿਓਂ ਮਾਰੀ ਟੱਕਰ, ਔਰਤ ਦੀ ਮੌਤ
NEXT STORY