ਜਲੰਧਰ (ਖੁਰਾਣਾ)–ਨਗਰ ਨਿਗਮ ਨੇ ਅੱਜ ਤੋਂ ਕਈ ਸਾਲ ਪਹਿਲਾਂ ਜਲੰਧਰ ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ’ਤੇ ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਦਾ ਪ੍ਰਾਜੈਕਟ ਬਣਾਇਆ ਸੀ, ਜਿਸ ਦਾ ਮਕਸਦ ਟੈਕਸ ਸਿਸਟਮ ਨੂੰ ਅਪਗ੍ਰੇਡ ਕਰਨਾ ਸੀ ਪਰ ਨਿਗਮ ਦੇ ਲਾਪ੍ਰਵਾਹ ਅਧਿਕਾਰੀ ਇਸ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਅੱਗੇ ਨਹੀਂ ਵਧਾ ਸਕੇ ਅਤੇ ਅੱਜ ਵੀ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ। ਕੁਝ ਮਹੀਨੇ ਪਹਿਲਾਂ ਸਮਾਰਟ ਸਿਟੀ ਦੇ ਮਾਧਿਅਮ ਨਾਲ ਸ਼ਹਿਰ ਵਿਚ ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਦਾ ਪ੍ਰਾਜੈਕਟ ਬਣਾਇਆ ਗਿਆ ਸੀ, ਜਿਸ ਤਹਿਤ ਹੁਣ ਤਕ ਨਿਗਮ ਅਧਿਕਾਰੀ ਕੰਪਨੀ ਜ਼ਰੀਏ 1 ਲੱਖ 31 ਹਜ਼ਾਰ ਘਰਾਂ ’ਤੇ ਅਜਿਹੀਆਂ ਨੰਬਰ ਪਲੇਟਾਂ ਲਗਵਾ ਚੁੱਕੇ ਹਨ ਅਤੇ ਇਨ੍ਹਾਂ ’ਤੇ ਸੈਕਟਰ ਨੰਬਰ ਤੋਂ ਇਲਾਵਾ ਯੂ. ਆਈ. ਡੀ. ਨੰਬਰ ਵੀ ਲਿਖਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਦੀਆਂ 1 ਲੱਖ 31 ਹਜ਼ਾਰ ਪ੍ਰਾਪਰਟੀਆਂ ’ਤੇ ਸੈਕਟਰ ਨੰਬਰ ਲਿਖੇ ਜਾਣ ਤੋਂ ਬਾਅਦ ਸ਼ਹਿਰ ਦੇ ਲਗਭਗ 4 ਲੱਖ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਦਾ ਘਰ ਕਿਸ ਸੈਕਟਰ ਵਿਚ ਆਉਂਦਾ ਹੈ ਅਤੇ ਉਹ ਕਿਸ ਸੈਕਟਰ ਵਿਚ ਕੰਮ ਆਦਿ ਕੰਮ ਕਰਦੇ ਹਨ।
ਨੰਬਰ ਪਲੇਟਾਂ ਦੇ ਨਾਲ ਲਿੰਕ ਕੀਤਾ ਜਾ ਰਿਹੈ ਟੈਲੀਫੋਨ ਨੰਬਰ
ਸ਼ਹਿਰ ਦੀਆਂ 1.31 ਲੱਖ ਪ੍ਰਾਪਰਟੀਆਂ ’ਤੇ ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਨੰਬਰ ਪਲੇਟਾਂ ਦੇ ਨਾਲ ਘਰ ਦੇ ਮੁਖੀ ਦਾ ਟੈਲੀਫੋਨ ਨੰਬਰ ਵੀ ਲਿੰਕ ਕੀਤਾ ਜਾ ਰਿਹਾ ਹੈ। ਜਿਸ ਜ਼ਰੀਏ ਭਵਿੱਖ ਵਿਚ ਟੈਕਸ ਸਬੰਧੀ ਸਾਰੇ ਤਰ੍ਹਾਂ ਦੇ ਰਿਮਾਈਂਡਰ, ਮੈਸੇਜ ਅਤੇ ਰਸੀਦ ਆਦਿ ਉਸੇ ਟੈਲੀਫੋਨ ਨੰਬਰ ’ਤੇ ਆਇਆ ਕਰਨਗੇ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ Weather ਦੀ ਤਾਜ਼ਾ ਅਪਡੇਟ
ਇਕ ਲੱਖ ਹੋਰ ਪ੍ਰਾਪਰਟੀਆਂ ਦਾ ਸਰਵੇ ਵੀ ਪੂਰਾ ਹੋਇਆ
ਅੱਜ ਤੋਂ ਕਈ ਸਾਲ ਪਹਿਲਾਂ ਨਗਰ ਨਿਗਮ ਨੇ ਆਪਣੇ ਟੈਕਸ ਰਿਕਾਰਡ ਨੂੰ ਮਜ਼ਬੂਤ ਬਣਾਉਣ ਲਈ ਸ਼ਹਿਰ ਦੀਆਂ ਸਾਰੀਆਂ ਪ੍ਰਾਪਰਟੀਆਂ ਦਾ ਜੀ. ਆਈ. ਐੱਸ. ਸਰਵੇ ਕਰਵਾਇਆ ਸੀ ਪਰ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਕਾਰਨ ਨਾ ਟੈਕਸ ਰਿਕਾਰਡ ਨੂੰ ਮਜ਼ਬੂਤ ਕੀਤਾ ਜਾ ਸਕਿਆ ਅਤੇ ਨਾ ਹੀ ਉਸ ਸਰਵੇ ਦਾ ਕੋਈ ਫਾਇਦਾ ਉਠਾਇਆ ਜਾ ਸਕਿਆ, ਜਿਸ ਤੋਂ ਬਾਅਦ ਉਸ ਸਰਵੇ ਨੂੰ ਫਾਈਲਾਂ ਵਿਚ ਹੀ ਦਫ਼ਨ ਕਰ ਦਿੱਤਾ ਗਿਆ।
ਪਹਿਲੇ ਪੜਾਅ ਵਿਚ 1.31 ਲੱਖ ਪ੍ਰਾਪਰਟੀਆਂ ਦੇ ਸਰਵੇ ਨੂੰ ਅਪਡੇਟ ਕੀਤਾ ਗਿਆ ਅਤੇ ਹੁਣ ਸਮਾਰਟ ਸਿਟੀ ਜ਼ਰੀਏ ਦੂਜਾ ਟੈਂਡਰ ਵੀ ਅਲਾਟ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈਣ ਵਾਲੀ ਕੰਪਨੀ ਨੇ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਹੁਣ ਸ਼ਹਿਰ ਦੇ 2 ਲੱਖ ਹੋਰ ਘਰਾਂ ਦਾ ਸਰਵੇ ਕਰ ਕੇ ਉਸਦਾ ਮਿਲਾਨ ਪਹਿਲਾਂ ਕੀਤੇ ਗਏ ਜੀ. ਆਈ. ਐੱਸ. ਸਰਵੇ ਨਾਲ ਕੀਤਾ ਜਾਵੇਗਾ। ਉਸ ਤੋਂ ਤੁਰੰਤ ਬਾਅਦ ਇਨ੍ਹਾਂ 2 ਲੱਖ ਪ੍ਰਾਪਰਟੀਆਂ ’ਤੇ ਨੰਬਰ ਪਲੇਟਾਂ ਲਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਪ੍ਰਾਜੈਕਟ ’ਤੇ ਅੱਧਾ ਕੰਮ ਹੋ ਚੁੱਕਾ ਹੈ ਅਤੇ ਲਗਭਗ ਇਕ ਲੱਖ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ।
ਕਈ ਗੁਣਾ ਵਧ ਸਕਦੈ ਨਿਗਮ ਦਾ ਰੈਵੇਨਿਊ
ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਤੋਂ ਬਾਅਦ ਜਿਥੇ ਸ਼ਹਿਰ ਸੈਕਟਰਾਂ ਵਿਚ ਵੰਡਿਆ ਜਾਵੇਗਾ, ਉਥੇ ਹੀ ਨਗਰ ਨਿਗਮ ਦੇ ਰੈਵੇਨਿਊ ਵਿਚ ਵੀ ਕਾਫੀ ਵਾਧਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਰਵੇ ਅਤੇ ਯੂ. ਆਈ. ਡੀ. ਨੰਬਰ ਅਲਾਟ ਕਰਨ ਦਾ ਸਿੱਧਾ ਫਾਇਦਾ ਪ੍ਰਾਪਰਟੀ ਟੈਕਸ ਬ੍ਰਾਂਚ, ਵਾਟਰ ਟੈਕਸ ਬ੍ਰਾਂਚ ਅਤੇ ਲਾਇਸੈਂਸ ਬ੍ਰਾਂਚ ਨੂੰ ਮਿਲੇਗਾ, ਜਿਸ ਦੇ ਰੈਵੇਨਿਊ ਵਿਚ ਭਾਰੀ ਵਾਧਾ ਹੋਵੇਗਾ। ਫਿਲਹਾਲ ਜਿਹੜੇ ਘਰਾਂ ’ਤੇ ਪਲੇਟਾਂ ਲੱਗ ਚੁੱਕੀਆਂ ਹਨ, ਉਥੋਂ ਵੀ ਨਿਗਮ ਨੂੰ ਟੈਕਸ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਪਲੇਟਾਂ ਲੱਗਣ ਤੋਂ ਬਾਅਦ ਨਿਗਮ ਦਾ ਟੈਕਸ ਸਿਸਟਮ ਸੁਧਰਨਾ ਸ਼ੁਰੂ ਹੋ ਗਿਆ ਹੈ।
2018 ਦੇ ਸਰਵੇ ਦਾ ਨਹੀਂ ਲਿਆ ਕੋਈ ਲਾਭ
ਦਾਰਾ ਸ਼ਾਹ ਐਂਡ ਕੰਪਨੀ ਨੇ ਲੱਖਾਂ ਰੁਪਏ ਲੈ ਕੇ 2018 ਵਿਚ ਸ਼ਹਿਰ ਦਾ ਜੀ. ਆਈ. ਐੱਸ. ਸਰਵੇ ਪੂਰਾ ਕਰ ਲਿਆ ਸੀ, ਜਿਸ ਨੂੰ ਟੈਕਸੇਸ਼ਨ ਰਿਕਾਰਡ ਨਾਲ ਸਿਰਫ਼ ਜੋੜਿਆ ਜਾਣਾ ਸੀ। ਅਜਿਹਾ ਕਰਨ ਨਾਲ ਨਗਰ ਨਿਗਮ ਦੀ ਆਮਦਨ ਲਗਭਗ 100 ਕਰੋੜ ਰੁਪਏ ਸਾਲ ਵਿਚ ਵਧ ਸਕਦੀ ਸੀ ਪਰ ਲਾਪ੍ਰਵਾਹ ਅਤੇ ਨਾਲਾਇਕ ਅਧਿਕਾਰੀਆਂ ਨੇ ਅਜਿਹਾ ਨਹੀਂ ਕੀਤਾ। ਇਸੇ ਕਾਰਨ ਨਿਗਮ ਨੂੰ 5-6 ਸਾਲਾਂ ਵਿਚ ਲਗਭਗ 500 ਕਰੋੜ ਰੁਪਏ ਦਾ ਚੂਨਾ ਲੱਗਾ। ਹੁਣ ਵੀ ਜੇਕਰ ਸਾਰੇ ਯੂ. ਆਈ. ਡੀ. ਨੰਬਰਾਂ ਨੂੰ ਟੈਕਸ ਰਿਕਾਰਡ ਨਾਲ ਜੋੜਿਆ ਨਹੀਂ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਦਾ ਰਹੇਗਾ।
ਪਹਿਲੇ ਸਰਵੇ ’ਚ ਇੰਨੀਆਂ ਪ੍ਰਾਪਰਟੀਆਂ ਦਾ ਲੱਗਾ ਸੀ ਪਤਾ
ਕੁੱਲ ਸੈਕਟਰ : 20
ਨੰਬਰ ਆਫ਼ ਪ੍ਰਾਪਰਟੀਜ਼ : 2.91 ਲੱਖ
ਘਰੇਲੂ, ਕਮਰਸ਼ੀਅਲ ਅਤੇ ਕਾਰੋਬਾਰੀ ਪ੍ਰਾਪਰਟੀਜ਼ : 1.89 ਲੱਖ
ਓਪਨ ਪਲਾਟ : 58709
ਧਾਰਮਿਕ ਸੰਸਥਾਵਾਂ : 1296
ਸਰਵੇ ਦੌਰਾਨ ਜਿਥੇ ਦਰਵਾਜ਼ੇ ਬੰਦ ਮਿਲੇ : 24734
ਐਗਰੀਕਲਚਰ ਲੈਂਡ : 1553
ਐੱਨ. ਆਰ. ਆਈਜ਼ ਪ੍ਰਾਪਰਟੀਜ਼ : 390
ਕਿਰਾਏ ਦੀਆਂ ਪ੍ਰਾਪਰਟੀਜ਼ : 9912
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ, ਵੱਧ ਸੀਟਾਂ ਹਾਸਲ ਕਰਨ ਲਈ ‘ਆਪ’ ਤੇ ਕਾਂਗਰਸ ਦਬਾਅ ਦੀ ਸਿਆਸਤ ਕਰਨ ’ਚ ਜੁਟੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ਰਧਾਲੂਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ: ਵਿਧਾਇਕ ਜਸਵੀਰ ਰਾਜਾ
NEXT STORY