ਜਲੰਧਰ (ਚਾਵਲਾ) : ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਕਰਨ ਲਈ ਸੰਗਤਾਂ ਨੂੰ ਆਨਲਾਈਨ ਫਾਰਮ ਭਰਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਇਸ ਸਬੰਧੀ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਜ਼ਿਲਾ ਜਲੰਧਰ, ਗੁਰਦੁਆਰਾ ਪਾਤਸ਼ਾਹੀ ਪੰਜਵੀਂ ਮਾਉਂ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਤਲਵਨ, ਗੁਰਦੁਆਰਾ ਬਾਬਾ ਸੰਗ ਢੇਸੀਆਂ ਗੁਰਾਇਆ, ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਸਮੇਤ 32 ਹੋਰ ਗੁਰਦੁਆਰਿਆਂ ਵਿਖੇ ਸੰਗਤਾਂ ਨੂੰ ਸੁਵਿਧਾ ਦੇਣ ਦਾ ਪ੍ਰਬੰਧ ਕਰਦਿਆਂ ਵਿਸ਼ੇਸ਼ ਕਾਊਂਟਰ ਸਥਾਪਿਤ ਕੀਤੇ ਗਏ ਹਨ। ਸ. ਮੰਨਣ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਆਧਾਰ ਕਾਰਡ ਅਤੇ ਪਾਸਪੋਰਟ ਦੀਆਂ ਰੰਗਦਾਰ ਫੋਟੋ ਕਾਪੀਆਂ, ਇਕ ਪਾਸਪੋਰਟ ਸਾਈਜ਼ ਦੀ ਫੋਟੋ ਤੇ ਆਪਣੇ ਬਲੱਡ ਗਰੁੱਪ ਦੀ ਕਾਪੀ ਰਜਿਸਟ੍ਰੇਸ਼ਨ ਕਰਵਾਉਣ ਲਈ ਨਾਲ ਦੇਣੀ ਹੋਵੇਗੀ, ਜਿਹੜੀਆਂ ਸੰਗਤਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਕਰਨਾ ਚਾਹੁੰਦੀਆਂ ਹਨ, ਉਹ ਇਨ੍ਹਾਂ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਮੰਨਣ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਦਰਸ਼ਨ ਦੀਦਾਰ ਕਰਨ ਸਬੰਧੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਸੰਗਤ ਵਾਸਤੇ ਗਰੁੱਪ ਵੀਜ਼ੇ ਦੀ ਸਹੂਲਤ ਵੀ ਪ੍ਰਦਾਨ ਕਰਨੀ ਚਾਹੀਦੀ ਹੈ, ਸੰਗਤਾਂ ਨੂੰ ਆਪਣੇ ਜਥਿਆਂ ਨਾਲ ਪਰਿਵਾਰਾਂ ਸਮੇਤ ਦਰਸ਼ਨ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਤਾਂ ਜੋ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਵੱਧ ਤੋਂ ਵੱਧ ਕਰ ਸਕਣ। ਇਸ ਮੌਕੇ ਸ੍ਰ. ਮੰਨਣ ਦੇ ਨਾਲ ਗੁਰਦੀਪ ਸਿੰਘ ਰਾਵੀ, ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਗੰਗਸਰ ਸਾਹਿਬ, ਮਨਿੰਦਰ ਪਾਲ ਸਿੰਘ ਗੁੰਬਰ, ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ, ਅਮਰਪ੍ਰੀਤ ਸਿੰਘ ਮੌਂਟੀ, ਸਤਿੰਦਰ ਸਿੰਘ ਪੀਤਾ ਆਦਿ ਹਾਜ਼ਰ ਸਨ।
ਮਹਿਲਾ ਉਪਕਾਰ ਸੰਸਥਾ ਵਲੋਂ ਕਰਵਾਇਆ ਗਿਆ ਸਮਾਗਮ, ਵੰਡੇ ਕੰਬਲ ਤੇ ਬੂਟ
NEXT STORY