ਗਡ਼੍ਹਦੀਵਾਲਾ, (ਭਟੋਆ)- ਕੰਢੀ ਨਹਿਰ ਵਿਚ ਪਾਣੀ ਨਾ ਆਉਣ ਕਾਰਨ ਸੈਂਕਡ਼ੇ ਏਕਡ਼ ਜ਼ਮੀਨ ਬੰਜਰ ਪਈ ਹੋਈ ਹੈ ਅਤੇ ਕਿਸਾਨਾਂ ਵੱਲੋਂ ਖੇਤੀਬਾਡ਼ੀ ਵਿਭਾਗ ਤੋਂ ਮਹਿੰਗੇ ਭਾਅ ਖਰੀਦਿਆ ਕਣਕ ਦਾ ਬੀਜ ਵੀ ਉਨ੍ਹਾਂ ਦੇ ਘਰਾਂ ਵਿਚ ਰੁਲ ਰਿਹਾ ਹੈ।
ਪਿੰਡ ਟੈਂਟਪਾਲ ਨਜ਼ਦੀਕ ਇਲਾਕਾ ਵਾਸੀਆਂ ਨੇ ਨਹਿਰ ’ਚ ਪਾਣੀ ਨਾ ਛੱਡਣ ’ਤੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀ ਗਿਆਨ ਸਿੰਘ ਸਾਬਕਾ ਸਰਪੰਚ, ਸਰਪੰਚ ਮਹਿੰਦਰ ਕੌਰ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ, ਧਰਮ ਚੰਦ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ 6 ਮਹੀਨਿਆਂ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਇਸ ਨਹਿਰ ’ਚ ਪਾਣੀ ਨਹੀਂ ਛੱਡਿਆਂ। ਕਈ ਵਾਰ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਨਹਿਰ ਤੋਂ ਛੋਟੇ ਕਿਸਾਨ ਹੀ ਪਾਣੀ ਲਾਉਂਦੇ ਹਨ, ਜੋ ਆਪਣਾ ਟਿਊਬਵੈੱਲ ਨਹੀਂ ਲਾ ਸਕਦੇ। ਹੁਣ ਕਣਕ ਦੀ ਬੀਜਾਈ ਦਾ ਸਮਾਂ ਹੈ ਪਰ ਨਹਿਰ ਵਿਚ ਪਾਣੀ ਨਾ ਆਉਣ ਕਾਰਨ ਖੇਤ ਬੰਜਰ ਪਏ ਹੋਏ ਹਨ। ਪਾਣੀ ਨਾ ਹੋਣ ਕਾਰਨ ਉਹ ਪਸ਼ੂਆਂ ਲਈ ਚਾਰਾ ਵੀ ਨਹੀਂ ਬੀਜ ਸਕੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਹਰ ਕਿਸਾਨ ਤੋਂ 50 ਰੁਪਏ ਏਕਡ਼ ਦੇ ਹਿਸਾਬ ਨਾਲ ਹਰ 6 ਮਹੀਨਿਆਂ ਬਾਅਦ ਮਾਲੀਆ ਇਕੱਠਾ ਕੀਤਾ ਜਾਂਦਾ ਹੈ ਪਰ ਨਹਿਰ ਵਿਚ ਪਾਣੀ ਸਮੇਂ ਸਿਰ ਨਹੀਂ ਆਉਂਦਾ, ਜਿਸ ਕਾਰਨ ਕਿਸਾਨ ਭਾਰੀ ਪ੍ਰੇਸ਼ਾਨ ਹਨ।
ਮੁਜ਼ਾਹਰਾਕਾਰੀਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਤੇ ਵਿਭਾਗ ਨੇ ਇਕ ਹਫਤੇ ਅੰਦਰ ਨਹਿਰ ’ਚ ਪਾਣੀ ਨਾ ਛੱਡਿਆ ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਨੰਬਰਦਾਰ ਬਖਸ਼ੀਸ਼ ਸਿੰਘ, ਰਣਧੀਰ ਸਿੰਘ ਨੰਗਲ, ਸਤਨਾਮ ਸਿੰਘ, ਬਹਾਦਰ ਸਿੰਘ, ਰਜਿੰਦਰ ਸਿੰਘ, ਸੋਹਣ ਸਿੰਘ ਅਤੇ ਇਲਾਕੇ ਵਾਸੀ ਹਾਜ਼ਰ ਸਨ।
ਕੀ ਕਹਿਣਾ ਹੈ ਐੱਸ. ਡੀ. ਓ. ਦਾ : ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸ. ਡੀ. ਓ. ਨਵਭੂਸ਼ਨ ਡੋਗਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਣੋਵਾਲ ਲਾਗੇ ਪਾਡ਼ ਪੈਣ ਕਾਰਨ ਪਾਣੀ ਬੰਦ ਕੀਤਾ ਗਿਆ ਹੈ ਅਤੇ 2-3 ਦਿਨਾਂ ਵਿਚ ਨਹਿਰ ਦੀ ਮੁਰੰਮਤ ਕਰਵਾ ਕੇ ਇਸ ਹਫਤੇ ਨਹਿਰ ਵਿਚ ਪਾਣੀ ਛੱਡ ਦਿੱਤਾ ਜਾਵੇਗਾ।
‘ਕੈਪਟਨ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ’
NEXT STORY