ਟਾਂਡਾ ਉਡ਼ਮੁਡ਼, (ਗੁਪਤਾ)- ਬੀਤੀ ਰਾਤ ਸਬ-ਤਹਿਸੀਲ ਰੋਡ ਟਾਂਡਾ ਵਿਖੇ ਸ਼ਿਵ ਸੈਨਾ ਪੰਜਾਬ ਦੇ ਸ਼ਹਿਰੀ ਪ੍ਰਧਾਨ ਵਿਵੇਕ ਵਿਜਨ ਦੀ ਦੁਕਾਨ ਫਰੈੱਸ਼ ਐਂਡ ਲੈਸ ਸਟੋਰ ਦੇ ਬੰਦ ਸ਼ਟਰ ਹੇਠੋਂ ਸ਼ਰਾਰਤੀ ਅਨਸਰਾਂ ਨੇ ਪੈਟਰੋਲ ਸੁੱਟ ਕੇ ਦੁਕਾਨ ਨੂੰ ਅੱਗ ਲਾ ਦਿੱਤੀ। ਅੱਗ ਲੱਗਣ ਨਾਲ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ, ਜਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵਿਵੇਕ ਵਿਜਨ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਅਤੇ ਅੱਜ ਸਵੇਰੇ ਕਰੀਬ 6.30 ਵਜੇ ਉਸ ਨੂੰ ਦੁਕਾਨ ਦੇ ਨਜ਼ਦੀਕੀ ਗੁਆਂਢੀਆਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਮੈਂ ਦੁਕਾਨ ’ਤੇ ਪਹੁੰਚ ਕੇ ਦੇਖਿਆ ਤਾਂ ਅੰਦਰ ਕਾਫੀ ਧੂੰਆਂ ਫੈਲਿਆ ਹੋਇਆ ਸੀ ਅਤੇ ਅੱਗ ਲੱਗਣ ਨਾਲ ਦੁਕਾਨ ਅੰਦਰ ਪਿਆ ਸਾਮਾਨ, ਜੋ ਕਿ ਰਾਤੀਂ ਹੀ ਕੰਪਨੀ ਤੋਂ ਨਵਾਂ ਆਇਆ ਸੀ, ਸਡ਼ ਕੇ ਸੁਆਹ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਅੱਗ ਦੁਕਾਨ ’ਚ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਨੂੰ ਤੋਡ਼ ਕੇ ਅੱਗੇ ਵਧੀ, ਪਰ ਅੱਗੇ ਪਈਆਂ ਕੋਲਡ ਡਰਿੰਕਸ, ਪਾਣੀ ਆਦਿ ਦੀਆਂ ਬੋਤਲਾਂ ਟੁੱਟ ਜਾਣ ਕਾਰਨ ਅਤੇ ਪਾਣੀ ਫੈਲ ਜਾਣ ਨਾਲ ਅੱਗ ਧੂੰਏਂ ਦੇ ਰੂਪ ’ਚ ਬਦਲ ਗਈ ਅਤੇ ਅੱਗੇ ਪਿਆ ਹੋਰ ਸਾਮਾਨ ਅਗਨਭੇਟ ਹੋਣ ਤੋਂ ਬਚ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 10 ਮਈ ਦੀ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਬੰਦ ਸ਼ਟਰ ਹੇਠੋਂ ਪੈਟਰੋਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਅਸਫ਼ਲ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਅਗਨੀ ਕਾਂਡ ’ਚ ਦੁਕਾਨ ਅੰਦਰ ਪਈਆਂ ਫਰਿੱਜਾਂ, ਟੀ. ਵੀ., ਕਾਊਂਟਰ ਅਤੇ ਹੋਰ ਕੀਮਤੀ ਸਾਮਾਨ ਸਡ਼ ਗਿਆ, ਜਿਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸਥਾਨਕ ਪੁਲਸ ਨੇ ਇਸ ਅਗਨੀ ਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਏ. ਟੀ. ਐੱਮ. ’ਚੋਂ ਨਿਕਲੇ ਕੁਤਰੇ ਹੋਏ ਨੋਟ
NEXT STORY