ਹੁਸ਼ਿਆਰਪੁਰ, (ਅਮਰਿੰਦਰ)- ਹੁਸ਼ਿਆਰਪੁਰ ਅਤੇ ਨੇੜਲੇ ਇਲਾਕਿਆਂ ’ਚ ਇਨ੍ਹੀਂ ਦਿਨੀਂ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟ ਕੇ ਜ਼ਖ਼ਮੀ ਕਰਨ ਦੀਆਂ ਘਟਨਾਵਾਂ ਦਿਨ-ਪ੍ਰਤੀ-ਦਿਨ ਵਧਦੀਆਂ ਜਾ ਰਹੀਆਂ ਹਨ ਪਰ ਫਿਰ ਵੀ ਪ੍ਰਸ਼ਾਸਨ ਕੋਈ ਉਚਿਤ ਕਾਰਵਾਈ ਨਹੀਂ ਕਰ ਰਿਹਾ। ਮੰਗਲਵਾਰ ਸਵੇਰੇ ਚੰਡੀਗਡ਼੍ਹ ਰੋਡ ’ਤੇ ਸਥਿਤ ਚੱਬੇਵਾਲ ਥਾਣੇ ਅਧੀਨ ਆਉਂਦੇ ਬਠੂਲਾ ਵਿਚ 3 ਸਾਲਾ ਮਾਸੂਮ ਬੱਚੀ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ-ਨੋਚ ਕੇ ਜ਼ਖਮੀ ਕਰ ਦਿੱਤਾ। ਬੱਚੀ ਦੇ ਮਾਤਾ- ਪਿਤਾ ਅਤੇ ਆਸ-ਪਾਸ ਦੇ ਲੋਕਾਂ ਨੇ ਬਡ਼ੀ ਮੁਸ਼ਕਿਲ ਨਾਲ ਉਸ ਨੂੰ ਕੁੱਤੇ ਦੇ ਚੁੰਗਲ ’ਚੋਂ ਬਚਾ ਕੇ ਇਲਾਜ ਲਈ ਪਹਿਲਾਂ ਚੱਬੇਵਾਲ ਅਤੇ ਬਾਅਦ ’ਚ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ। ਹੁਸ਼ਿਆਰਪੁਰ ’ਚ ਪਹਿਲ ਦੇ ਆਧਾਰ ’ਤੇ ਇਲਾਜ ਉਪਰੰਤ ਡਾਕਟਰਾਂ ਨੇ ਫਾਈਲ ਤਿਆਰ ਕਰ ਕੇ ਜ਼ਖਮੀ ਬੱਚੀ ਦੇ ਪਿਤਾ ਮਨੀ ਰਾਮ ਨੂੰ ਦੱਸਿਆ ਕਿ ਉਸ ਨੂੰ ਪੀ.ਜੀ.ਆਈ. ਚੰਡੀਗਡ਼੍ਹ ਲੈ ਜਾਓ ਪਲਾਸਟਿਕ ਸਰਜਰੀ ਕਰਵਾਉਣ ਲਈ। ਸਰਜਰੀ ’ਤੇ ਲੱਖਾਂ ਰੁਪਏ ਦਾ ਖਰਚ ਆਉਣ ਦੀ ਗੱਲ ਸੁਣ ਕੇ ਮਜ਼ਦੂਰ ਮਨੀਰਾਮ ਨੇ ਕਿਹਾ ਕਿ ਡਾਕਟਰ ਸਾਬ੍ਹ ਮਹਿੰਗਾਈ ਦੇ ਦੌਰ ’ਚ ਬਡ਼ੀ ਮੁਸ਼ਕਿਲ ਨਾਲ 2 ਡੰਗ ਦੀ ਰੋਜ਼ੀ-ਰੋਟੀ ਖਾ ਰਹੇ ਹਾਂ, ਸਾਡੀ ਅੌਕਾਤ ਨਹੀਂ ਚੰਡੀਗਡ਼੍ਹ ਜਾਣ ਦੀ।
ਕੀ ਕਹਿੰਦੇ ਹਨ ਡਾਕਟਰ
ਸਿਵਲ ਹਸਪਤਾਲ ’ਚ ਬੱਚੀ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਮੈਡੀਕਲ ਸਟਾਫ਼ ਨੇ ਦੱਸਿਆ ਕਿ ਸੰਤੋਸ਼ੀ ਦੇ ਚਿਹਰੇ, ਸਿਰ ਤੇ ਸਰੀਰ ਦੇ ਨਾਜ਼ੁਕ ਹਿੱਸਿਆਂ ’ਤੇ ਵੀ ਜ਼ਖ਼ਮ ਹਨ। ਸੰਤੋਸ਼ੀ ਨੂੰ ਦਾਖਲ ਕਰ ਕੇ ਉਸ ਨੂੰ ਸਿਵਲ ਹਸਪਤਾਲ ਵੱਲੋਂ ਵਧੀਆ ਇਲਾਜ ਦਿੱਤਾ ਜਾ ਰਿਹਾ ਹੈ।
ਉਸ ਦੀ ਹਾਲਤ ਗੰਭੀਰ ਦੇਖ ਕੇ ਅਸੀਂ ਪੀ. ਜੀ.ਆਈ. ਰੈਫ਼ਰ ਕਰ ਕੇ ਐਂਬੂਲੈਂਸ ਦੀ ਸੁਵਿਧਾ ਵੀ ਦੇ ਰਹੇ ਸੀ ਪਰ ਬੱਚੀ ਦਾ ਪਿਤਾ ਨਹੀਂ ਮੰਨਿਆ, ਇਸ ’ਚ ਅਸੀਂ ਕੀ ਕਰ ਸਕਦੇ ਹਾਂ। ਬੱਚੀ ਨੂੰ ਏ.ਆਰ. ਵੀ. ਡੋਜ਼ ਲਾ ਦਿੱਤੀ ਹੈ ਪਰ 24 ਘੰਟਿਆਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।
ਸਟੀਲ ਫਰਨੀਚਰ ਫੈਕਟਰੀ ’ਚ ਭਿਆਨਕ ਅੱਗ
NEXT STORY