ਜਲੰਧਰ (ਪੁਨੀਤ)-ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਪਾਵਰਕਾਮ ਦੇ ਨਾਰਥ ਜ਼ੋਨ ’ਚ ਬਿਜਲੀ ਦੇ ਫਾਲਟ ਪੈਣ ਦਾ ਅੰਕੜਾ 10 ਹਜ਼ਾਰ ਤੋਂ ਉਪਰ ਪਹੁੰਚ ਗਿਆ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪਾਵਰਕਾਮ ਦਾ ਸਿਸਟਮ ਬਾਰਿਸ਼ ਨੂੰ ਝੱਲਣ ’ਚ ਅਸਮਰੱਥ ਹੈ। ਬਾਰਿਸ਼ ਕਾਰਨ ਬਿਜਲੀ ਦੇ ਫਾਲਟ ਕਾਫ਼ੀ ਵੱਧ ਜਾਂਦੇ ਹਨ, ਜੋਕਿ ਖ਼ਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਸਿਸਟਮ ’ਤੇ ਕਰੋੜਾਂ ਰੁਪਏ ਖਰਚਣ ਦੀ ਗੱਲ ਕਰਦੇ ਹੋਏ ਵਿਭਾਗੀ ਅਧਿਕਾਰੀ ਨਿਰਵਿਘਨ ਸਪਲਾਈ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਬਾਰਿਸ਼ ਤੇ ਹਨੇਰੀ ਦੌਰਾਨ ਵਿਭਾਗੀ ਸਿਸਟਮ ਫੇਲ ਹੋ ਜਾਂਦਾ ਹੈ।
ਪਿਛਲੇ ਦਿਨੀ ਹਨੇਰੀ ਤੇ ਭਾਰੀ ਬਰਸਾਤ ਕਾਰਨ ਫਾਲਟ ਪੈਣ ਦਾ ਸਿਲਸਿਲਾ ਸ਼ੁਰੂ ਹੋਇਆ, ਜੋ ਅਜੇ ਵੀ ਬੇਰੋਕ ਜਾਰੀ ਹੈ। ਇਸ ਕਾਰਨ ਨਾਰਥ ਜ਼ੋਨ ’ਚ ਫਾਲਟ ਦੀ ਦੀ ਸੰਖਿਆ 10,200 ਤੋਂ ਉਪਰ ਪਹੁੰਚ ਗਈ ਹੈ, ਜਿਸ ਕਾਰਨ ਖਪਤਕਾਰ ਵਿਭਾਗੀ ਸਿਸਟਮ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਅੱਜ ਸਵੇਰ ਤੋਂ ਹੋਈ ਹਲਕੀ ਬਾਰਿਸ਼ ਕਾਰਨ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰਹਿਣ ਕਾਰਨ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ। ਇਸ ਕਾਰਨ ਜਲੰਧਰ ਸਰਕਲ ਅਧੀਨ 1500 ਤੋਂ ਵੱਧ ਫਾਲਟ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਸ ਕਾਰਨ ਲੋਕਾਂ ਦਾ ਹਾਲ ਬੇਹਾਲ ਹੈ। ਸਮੱਸਿਆ ਦਾ ਮੁੱਖ ਕਾਰਨ ਇਹ ਸੀ ਕਿ ਕਈ ਇਲਾਕਿਆਂ ’ਚ ਬਿਜਲੀ ਗੁੱਲ ਹੋਣ ਕਾਰਨ ਪਾਣੀ ਸਬੰਧੀ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਕਸੂਦਾਂ ਤੇ ਮਾਡਲ ਟਾਊਨ ਡਵੀਜ਼ਨਾਂ ਅਧੀਨ ਆਉਂਦੇ ਵੱਖ-ਵੱਖ ਖੇਤਰਾਂ ਦੇ ਖਪਤਕਾਰਾਂ ਨੇ ਦੱਸਿਆ ਕਿ ਜਦੋਂ ਤੱਕ ਲਾਈਟ ਚਾਲੂ ਹੋਈ ਉਦੋਂ ਤੱਕ ਪਾਣੀ ਜਾ ਚੁੱਕਾ ਸੀ। ਉੱਥੇ ਹੀ ਕਈ ਇਲਾਕਿਆਂ ’ਚ ਰਾਤ 10 ਵਜੇ ਬਿਜਲੀ ਕਰਮਚਾਰੀ ਆਰਜ਼ੀ ਲਾਈਟਾਂ ਦੀ ਮਦਦ ਨਾਲ ਫਾਲਟ ਠੀਕ ਕਰਦੇ ਦੇਖੇ ਗਏ। ਖਪਤਕਾਰ ਮੌਕੇ ’ਤੇ ਬਿਜਲੀ ਕਰਮਚਾਰੀਆਂ ਦੀ ਮਦਦ ਕਰਦੇ ਵੇਖੇ ਗਏ ਅਤੇ ਲੋਕ ਪੌੜੀਆਂ ਆਦਿ ਦਾ ਪ੍ਰਬੰਧ ਕਰਨ ਨੂੰ ਲੈ ਕੇ ਪ੍ਰੇਸ਼ਾਨ ਹੁੰਦੇ ਵੇਖੇ ਗਏ।
ਇਹ ਵੀ ਪੜ੍ਹੋ: ਪੁਰਤਗਾਲ 'ਚ ਦਸੂਹਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਸ਼ਹਿਰ ਦੇ ਕਈ ਮੁਹੱਲਿਆਂ ’ਚ ਹਾਲਾਤ ਅਜਿਹੇ ਸਨ ਕਿ ਜੇਕਰ ਦੁਪਹਿਰ 12 ਵਜੇ ਤੋਂ ਪਹਿਲਾਂ ਗੁੱਲ ਬਿਜਲੀ ਰਾਤ ਤੱਕ ਵਾਪਸ ਨਾ ਆਈ ਤਾਂ ਕਈ ਇਲਾਕਿਆਂ ’ਚ 8 ਘੰਟੇ ਤੱਕ ਬਿਜਲੀ ਸਪਲਾਈ ਠੱਪ ਰਹੀ। ਇਸ ਕਾਰਨ ਸਟਰੀਟ ਲਾਈਟਾਂ ਵੀ ਜਗ ਨਹੀਂ ਸਕੀਆਂ ਤੇ ਪੈਦਲ ਚੱਲਣ ਵਾਲਿਆਂ ਨੂੰ ਆਉਣ-ਜਾਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਸ਼ਿਕਾਇਤਾਂ ਵੈਸਟ ਤੇ ਮਾਡਲ ਟਾਊਨ ਡਿਵੀਜ਼ਨਾਂ ਦੇ ਇਲਾਕਿਆਂ ’ਚ ਸੁਣੀਆਂ ਗਈਆਂ। ਇਸ ਦੇ ਨਾਲ ਹੀ ਕੈਂਟ ਡਵੀਜ਼ਨ ਅਧੀਨ ਆਉਂਦੇ ਕੁਝ ਪੇਂਡੂ ਖੇਤਰਾਂ ਤੇ ਯੂਨੀਵਰਸਿਟੀ ਰੋਡ ’ਤੇ ਤਾਰਾਂ ’ਚ ਨੁਕਸ ਪੈਣ ਕਾਰਨ ਕਈ ਘੰਟੇ ਸਪਲਾਈ ਚਾਲੂ ਨਹੀਂ ਹੋ ਸਕੀ। ਇਸ ਦੇ ਨਾਲ ਹੀ ਲੰਮਾ ਿਪੰਡ ਚੌਕ ਵਾਲੀ ਸੜਕ ’ਤੇ ਫਾਲਟ ਪੈਣ ਕਾਰਨ ਕਾਫੀ ਦੇਰ ਤੱਕ ਬਿਜਲੀ ਬੰਦ ਰਹੀ।
ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਫਾਲਟ ਪੈਣ ਤੋਂ ਬਾਅਦ ਕਰਮਚਾਰੀ ਦੇਰੀ ਨਾਲ ਮੌਕੇ ’ਤੇ ਪਹੁੰਚ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਘੰਟਿਆਂਬੱਧੀ ਕੋਈ ਮੁਲਾਜ਼ਮ ਨਹੀਂ ਮਿਲਦਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟਾਫ਼ ਦੀ ਘਾਟ ਹੈ, ਜਿਸ ਕਾਰਨ ਦੇਰੀ ਹੋ ਰਹੀ ਹੈ ਪਰ ਖ਼ਪਤਕਾਰਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ। ਉਹ ਨਿਰਵਿਘਨ ਸਪਲਾਈ ਚਾਹੁੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਫਾਲਟ ਨੂੰ ਠੀਕ ਕਰਨ ਲਈ ਮੁਲਾਜ਼ਮ ਤੁਰੰਤ ਪ੍ਰਭਾਵ ਨਾਲ ਮੌਕੇ ’ਤੇ ਪੁੱਜਣ।
ਚੋਣਾਂ ਸਿਰ 'ਤੇ ਹਨ ਅਤੇ ਅਜਿਹੇ ’ਚ ਬਿਜਲੀ ਦੀ ਖ਼ਰਾਬੀ ਸਮੇਂ ’ਤੇ ਠੀਕ ਨਾ ਹੋਣ ਨਾਲ ਸੱਤਾਧਾਰੀ ਆਗੂਆਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ। ਨਾਂ ਨਾ ਛਾਪਣ ’ਤੇ ਅਧਿਕਾਰੀ ਕਹਿੰਦੇ ਹਨ ਕਿ ਵੋਟਾਂ ਦੇ ਚੱਕਰ ’ਚ ਜਲੰਧਰ ’ਚ ਤਾਇਨਾਤ ਦੂਜੇ ਸ਼ਹਿਰਾਂ ਦੇ ਫੀਲਡ ਸਟਾਫ਼ ਦੇ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਤਬਾਦਲੇ ਕਰ ਦਿੱਤੇ ਗਏ ਹਨ, ਜਿਸ ਕਾਰਨ ਜਲੰਧਰ ’ਚ ਫੀਲਡ ਸਟਾਫ ਬਹੁਤ ਘੱਟ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟਾਫ਼ ਦੀ ਘਾਟ ਕਾਰਨ ਉਹ ਖ਼ੁਦ ਬੇਵੱਸ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ’ਚ ਇਹ ਸਮੱਸਿਆ ਹੋਰ ਵਧ ਸਕਦੀ ਹੈ, ਜੇਕਰ ਬਾਰਿਸ਼ ਜਾਰੀ ਰਹੀ ਤਾਂ ਫਾਲਟਾਂ ਦੀ ਗਿਣਤੀ ਹੋਰ ਵਧ ਜਾਵੇਗੀ, ਜਿਸ ਕਾਰਨ ਅਧਿਕਾਰੀਆਂ ਨੂੰ ਲੋਕਾਂ ਦੇ ਫਾਲਟ ਦੂਰ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਫਰੂਟ ਕਾਰੋਬਾਰੀ ਦੇ ਘਰ 'ਚੋਂ ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੇ 20 ਲੱਖ ਤੇ ਗਹਿਣੇ
ਤਾਰਾਂ ਨਾ ਹੋਣ ਕਾਰਨ ਲੋਕਾਂ ’ਚ ਵਧ ਰਿਹਾ ਮੁਲਾਜ਼ਮਾਂ ਪ੍ਰਤੀ ਗੁੱਸਾ
ਉੱਥੇ ਹੀ ਵੱਖ-ਵੱਖ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਮੁਲਾਜ਼ਮ ਘੰਟਿਆਂਬੱਧੀ ਮੌਕੇ ’ਤੇ ਨਹੀਂ ਪਹੁੰਚਦੇ, ਜਿਸ ਕਾਰਨ ਸਮੇਂ ਸਿਰ ਸਮੱਸਿਆ ਦਾ ਹੱਲ ਨਹੀਂ ਹੁੰਦਾ। ਕਈ ਥਾਵਾਂ ’ਤੇ ਲਾਈਨ ’ਚ ਫਾਲਟ ਦੇਖਣ ’ਤੇ ਪਤਾ ਲੱਗਾ ਕਿ ਤਾਰਾਂ ’ਚ ਨੁਕਸ ਹੈ। ਇਸ ਤੋਂ ਬਾਅਦ ਮੁਲਾਜ਼ਮ ਤਾਰਾਂ ਲੈਣ ਚਲੇ ਗਏ ਤੇ ਕਾਫੀ ਦੇਰ ਬਾਅਦ ਵਾਪਸ ਪਰਤੇ। ਖਪਤਕਾਰ ਵਿਨੈ ਨੇ ਦੱਸਿਆ ਕਿ ਫਾਲਟ ਠੀਕ ਕਰਨ ਆਏ ਸਟਾਫ਼ ਕੋਲ ਤਾਰਾਂ ਵੀ ਨਹੀਂ ਸਨ। ਇਸ ਕਾਰਨ ਲੋਕਾਂ ’ਚ ਮੁਲਾਜ਼ਮਾਂ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ। ਖਪਤਕਾਰਾਂ ਨੇ ਉੱਚ ਅਧਿਕਾਰੀਆਂ ਤੋਂ ਮੰਗਾਂ ਰੱਖਦਿਆਂ ਕਿਹਾ ਕਿ ਫੀਲਡ ਸਟਾਫ਼ ਕੋਲ ਜ਼ਰੂਰੀ ਵਸਤਾਂ ਉਪਲੱਬਧ ਹੋਣ ਨੂੰ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਮਾਰੀਆਂ ਵੱਡੀਆਂ ਮੱਲਾਂ, ਦੇਸ਼ ਭਰ 'ਚ ਅਰਬਪਤੀ ਬਣ ਕੇ ਚਮਕਾਇਆ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਝੁੱਗੀਆਂ-ਝੌਂਪੜੀਆਂ ’ਚ ਰਹਿਣ ਵਾਲੇ ਬੱਚੇ ਭਲਾਈ ਸਕੀਮਾਂ ਤੋਂ ਕੋਹਾਂ ਦੂਰ!
NEXT STORY