ਜਲੰਧਰ (ਪੁਨੀਤ)–ਪਾਵਰਕਾਮ ਨੇ ਬਿਜਲੀ ਚੋਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਬੀਤੇ ਦਿਨੀਂ ਕਾਰਵਾਈ ਕਰਨ ਲਈ ਟੀਮਾਂ ਗਠਿਤ ਕੀਤੀਆਂ ਹਨ, ਜਿਹੜੀਆਂ ਰੋਜ਼ਾਨਾ ਵੱਖ-ਵੱਖ ਡਿਵੀਜ਼ਨਾਂ ਦੇ ਇਲਾਕਿਆਂ ਵਿਚ ਛਾਪੇ ਮਾਰਨਗੀਆਂ ਤਾਂ ਕਿ ਚੋਰੀ ਕਰਨ ਵਾਲਿਆਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲੇ। ਇਸੇ ਕੜੀ ਵਿਚ ਪਾਵਰਕਾਮ ਐਨਫ਼ੋਰਸਮੈਂਟ ਵਿੰਗ ਦੇ ਡਿਪਟੀ ਚੀਫ ਇੰਜੀ. ਰਜਤ ਸ਼ਰਮਾ ਵੱਲੋਂ ਬੀਤੇ ਦਿਨ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿਚ 6 ਟੀਮਾਂ ਗਠਿਤ ਕੀਤੀਆਂ ਗਈਆਂ, ਜਿਨ੍ਹਾਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਕਤ ਟੀਮਾਂ ਨੇ ਮੰਗਲਵਾਰ ਜਲੰਧਰ ਸਰਕਲ ਵਿਚ 280 ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਸ ਵਿਚ 9 ਜਗ੍ਹਾ ’ਤੇ ਬਿਜਲੀ ਚੋਰੀ ਦੇ ਕੇਸ ਫੜੇ ਗਏ। ਲੋਡ ਦੇ ਹਿਸਾਬ ਨਾਲ ਕੀਤੀ ਗਈ ਕੈਲਕੁਲੇਸ਼ਨ ਤੋਂ ਬਾਅਦ ਬਣਾਏ ਗਏ ਕੇਸਾਂ ਵਿਚ 9 ਖ਼ਪਤਕਾਰਾਂ ’ਤੇ 7.75 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਇਸ ਸਬੰਧ ਵਿਚ ਅਗਲੀ ਕਾਰਵਾਈ ਲਈ ਪਾਵਰ ਨਿਗਮ ਦੇ ਐਂਟੀ ਥੈਫਟ ਥਾਣੇ ਨੂੰ ਸੂਚਿਤ ਕੀਤਾ ਗਿਆ ਹੈ।
ਇੰਜੀ. ਸ਼ਰਮਾ ਨੇ ਦੱਸਿਆ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਏ. ਸੀ. ਦੀ ਵਰਤੋਂ ਰੁਟੀਨ ਵਿਚ ਹੋਣ ਲੱਗੇਗੀ। ਇਸ ਕਾਰਨ ਬਿਜਲੀ ਚੋਰੀ ਦੇ ਕੇਸ ਅਚਾਨਕ ਵਧਦੇ ਹਨ ਕਿਉਂਕਿ ਏ. ਸੀ. ਚੱਲਣ ’ਤੇ ਬਿੱਲ ਆਉਣ ਤੋਂ ਬਚਣ ਲਈ ਲੋਕ ਕਥਿਤ ਤੌਰ ’ਤੇ ਬਿਜਲੀ ਚੋਰੀ ਕਰਦੇ ਹਨ। ਅਜਿਹੇ ਵਿਚ ਉਕਤ ਟੀਮਾਂ ਸੂਰਜ ਚੜ੍ਹਨ ਦੇ ਨਾਲ ਹੀ ਛਾਪੇ ਮਾਰਨਗੀਆਂ।
ਇਹ ਵੀ ਪੜ੍ਹੋ: ਐਕਸ਼ਨ 'ਚ ਰੋਡਵੇਜ਼ ਦੇ ਅਧਿਕਾਰੀ, RTO ਦੇ ਬਿਨਾਂ ਨਾਜਾਇਜ਼ ਬੱਸਾਂ 'ਤੇ ਕਾਰਵਾਈ, ਲਗਾਇਆ 37000 ਰੁਪਏ ਜੁਰਮਾਨਾ
ਸ਼ਰਮਾ ਨੇ ਕਿਹਾ ਕਿ ਕੁਝ ਲੋਕ ਆਪਣੇ ਘਰਾਂ ਨੇੜਿਓਂ ਲੰਘਣ ਵਾਲੀਆਂ ਤਾਰਾਂ ’ਤੇ ਲੱਕੜੀ ਦੀ ਮਦਦ ਨਾਲ ਤਾਰ ਸੁੱਟ ਦਿੰਦੇ ਹਨ ਅਤੇ ਆਪਣਾ ਮੀਟਰ ਬੰਦ ਕਰਕੇ ਸਿੱਧੀ ਚੋਰੀ ਕਰਦਿਆਂ ਬਿਜਲੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਲੇ-ਦੁਆਲੇ ਕਿਤੇ ਵੀ ਬਿਜਲੀ ਚੋਰੀ ਹੋਣ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਸ ਬਾਰੇ ਪਾਵਰ ਨਿਗਮ ਦੇ ਕੰਟਰੋਲ ਰੂਮ ਨੰਬਰ 96461-16301 ’ਤੇ ਸੂਚਿਤ ਕਰੋ।
ਏ. ਸੀ. ’ਚੋਂ ਨਿਕਲਣ ਵਾਲੇ ਪਾਣੀ ਨੇ ਖੋਲ੍ਹੀ ਚੋਰੀ ਦੀ ਪੋਲ
ਬਿਜਲੀ ਚੋਰੀ ਕਰਨ ਵਾਲਾ ਕੋਈ ਨਾ ਕੋਈ ਸਬੂਤ ਛੱਡ ਦਿੰਦਾ ਹੈ। ਅਜਿਹਾ ਹੀ ਇਕ ਕਿੱਸਾ ਬਿਜਲੀ ਚੋਰੀ ਨਾਲ ਜੁੜਿਆ ਹੋਇਆ ਹੈ। ਜਲੰਧਰ ਅਧੀਨ ਇਕ ਇਲਾਕੇ ਵਿਚ ਪਿਛਲੇ ਦਿਨੀਂ ਹੋਈ ਚੈਕਿੰਗ ਵਿਚ ਏ. ਸੀ. ਨੇ ਬਿਜਲੀ ਚੋਰੀ ਦੀ ਪੋਲ ਖੋਲ੍ਹ ਦਿੱਤੀ। ਮੌਸਮ ਦੇ ਹਿਸਾਬ ਨਾਲ ਅਜੇ ਏ. ਸੀ. ਦੀ ਵਰਤੋਂ ਦੀ ਇੰਨੀ ਲੋੜ ਨਹੀਂ ਹੈ ਪਰ ਮੁਫ਼ਤ ਵਿਚ ਮਿਲਣ ਵਾਲੀ ਠੰਡੀ ਹਵਾ ਖਪਤਕਾਰ ਨੂੰ ਮਹਿੰਗੀ ਪਈ। ਖ਼ਪਤਕਾਰ ਦੇ ਘਰ ਦੀ ਖਿੜਕੀ ’ਤੇ ਲੱਗੇ ਵਿੰਡੋ ਏ. ਸੀ. ਦੇ ਪਾਣੀ ਡਿੱਗਣ ਕਾਰਨ ਜ਼ਮੀਨ ਬਹੁਤ ਗਿੱਲੀ ਹੋ ਚੁੱਕੀ ਸੀ। ਇਸ ਕਾਰਨ ਚੈਕਿੰਗ ਕਰਨ ਗਈ ਟੀਮ ਦਾ ਮੱਥਾ ਠਣਕਿਆ। ਉਨ੍ਹਾਂ ਡੂੰਘਾਈ ਨਾਲ ਦੇਖਿਆ ਤਾਂ ਖੰਭੇ ਤੋਂ ਚੋਰੀ ਵਾਲੀ ਤਾਰ ਘਰ ਦੇ ਪਿਛਲੇ ਪਾਸੇ ਜਾ ਰਹੀ ਸੀ। ਇਸ ’ਤੇ ਖ਼ਪਤਕਾਰ ਨੂੰ ਕਾਬੂ ਕਰਨ ਵਿਚ ਸਫਲਤਾ ਮਿਲ ਸਕੀ।
ਇਹ ਵੀ ਪੜ੍ਹੋ: ਗੋਰੀ ਮੇਮ ਨੇ ਪੱਟਿਆ ਪੰਜਾਬੀ ਮੁੰਡਾ, ਫੇਸਬੁੱਕ 'ਤੇ ਹੋਈ ਦੋਸਤੀ ਇੰਝ ਵਿਆਹ ਤੱਕ ਪੁੱਜੀ, ਅਮਰੀਕਾ ਤੋਂ ਆ ਕੇ ਲਈਆਂ ਲਾਵਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਸ ਨੇ ਹੈਰੋਇਨ ਨਾਲ ਔਰਤ ਸਣੇ 2 ਗ੍ਰਿਫ਼ਤਾਰ
NEXT STORY