ਜਲੰਧਰ (ਚੋਪੜਾ)—ਨਾਰਥ ਵਿਧਾਨ ਸਭਾ ਹਲਕਾ ਦੇ ਕੌਂਸਲਰਾਂ ਨੇ ਅੱਜ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸੰਨੀ ਸ਼ਰਮਾ ਖਿਲਾਫ ਮੋਰਚਾ ਖੋਲ੍ਹਦੇ ਹੋਏ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਕੌਂਸਲਰ ਦੀਪਕ ਸ਼ਾਰਦਾ, ਕੌਂਸਲਰ ਪਤੀ ਕੁਲਦੀਪ ਭੁੱਲਰ, ਕੌਂਸਲਰ ਪਤੀ ਪਰਮਜੀਤ ਸਿੰਘ ਪੰਮਾ, ਕੌਂਸਲਰਪਤੀ ਰਵੀ ਸੈਣੀ ਨੇ ਇਕ ਸਾਂਝਾ ਬਿਆਨ ਜਾਰੀ ਕਰਨ ਦੌਰਾਨ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਲੜਾਈ ਲੜਨ ਵਾਲੀ ਭਾਜਪਾ-ਅਕਾਲੀ ਗੱਠਜੋੜ ਦੇ ਵਰਕਰ ਖੁਦ ਭ੍ਰਿਸ਼ਟਾਚਾਰ ਕਰਨ ਦੇ ਮਾਸਟਰ ਮੰਨੇ ਜਾਂਦੇ ਹਨ। ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਸੰਨੀ ਸ਼ਰਮਾ ਨਿਗਮ ਦੇ ਨਾਲ ਲੱਖਾਂ ਦਾ ਭ੍ਰਿਸ਼ਟਾਚਾਰ ਕਰ ਕੇ ਖੁਦ ਨੂੰ ਭਾਜਪਾ ਦੇ ਸੱਚੇ ਸਿਪਾਹੀ ਹੋਣ ਦਾ ਸਬੂਤ ਦੇ ਰਹੇ ਹਨ। 10 ਸਾਲਾਂ ਤੱਕ ਗਠਜੋੜ ਸਰਕਾਰ ਦੇ ਰਾਜ ਵਿਚ ਨਿਗਮ ਦੇ ਠੇਕੇ ਲੈ ਕੇ ਭਾਜਪਾ ਆਗੂਆਂ ਨੇ ਜਮ ਕੇ ਮਲਾਈ ਖਾਧੀ। ਉਨ੍ਹਾਂ ਕਿਹਾ ਕਿ ਨਾਰਥ ਵਿਧਾਨ ਸਭਾ ਹਲਕਾ ਨਾਲ ਸਬੰਧਤ ਸਾਰੇ ਕਾਂਗਰਸੀ ਕੌਂਸਲਰ 5 ਅਕਤੂਬਰ ਨੂੰ ਸਵੇਰੇ 11 ਵਜੇ ਨਿਗਮ ਕਮਿਸ਼ਨਰ ਨਾਲ ਮਿਲਕੇ ਇਸ ਠੇਕੇਦਾਰ ਦੀ ਲਿਖਤ ਸ਼ਿਕਾਇਤ ਦਿੰਦੇ ਹੋਏ ਲੱਖਾਂ ਦੇ ਘਪਲੇ ਕਰਨ ਵਾਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਨਗੇ। ਇਸ ਤੋਂ ਇਲਾਵਾ ਠੇਕੇਦਾਰ ਦਾ ਲਾਇਸੈਂਸ ਰੱਦ ਕਰ ਕੇ ਇਸ ਵਲੋ ਕੀਤੇ ਗਏ ਪੈਸੇ ਦੇ ਗਬਨ ਦੀ ਵਸੂਲੀ ਕੀਤੀ ਜਾਵੇ। ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਮਕਸੂਦਾਂ, ਸੂਰਾਨੁੱਸੀ ਸੜਕ ਜੋ ਕਿ ਕਾਗਜ਼ਾਂ ਵਿਚ ਬਣ ਚੁੱਕੀ ਹੈ, ਉਸਦਾ ਪੈਸਾ ਵੀ ਪਾਸ ਹੋ ਚੁੱਕਾ ਹੈ। ਅਜੇ ਤੱਕ ਇਹ ਸੜਕ ਨਹੀਂ ਬਣੀ, ਇਸ ਸੜਕ ਦੀ ਜਾਂਚ ਕਰਵਾਈ ਜਾਵੇ।
ਕੌਂਸਲਰ ਦੀਪਕ ਸ਼ਾਰਦਾ ਨੇ ਕਿਹਾ ਕਿ ਲੜਕੀ ਬਚਾਓ, ਰੁੱਖ ਲਾਓ ਦੇ ਨਾਅਰੇ ਲਗਾਉਣ ਵਾਲੀ ਨੇਤਰੀ ਹੁਣ ਕਿਥੇ ਗੁੰਮ ਹੋ ਗਈ ਹੈ। ਕੀ ਉਨ੍ਹਾਂ ਨੂੰ ਹੁਣ ਗੱਠਜੋੜ ਪਾਰਟੀ ਦੇ ਵਰਕਰ ਨਜ਼ਰ ਨਹੀਂ ਆ ਰਹੇ ਜੋ ਨਿਗਮ ਤੋਂ ਪਾਰਕਾਂ ਦੀ ਦੇਖ-ਰੇਖ ਦਾ ਠੇਕਾ ਲੈ ਕੇ ਤੇ ਉਥੇ ਬੂਟੇ ਲਗਾਉਣ ਦੇ ਠੇਕੇ ਦੀ ਆੜ ਵਿਚ ਬਿਨਾਂ ਬੂਟੇ ਲਾਏ ਲੱਖਾਂ ਦਾ ਘਪਲਾ ਕਰ ਗਏ। ਕੌਂਸਲਰਪਤੀ ਕੁਲਦੀਪ ਭੁੱਲਰ ਨੇ ਕਿਹਾ ਕਿ ਨਾਰਥ ਹਲਕਾ ਵਿਚ ਲੱਖਾਂ ਬੂਟੇ ਲਗਾਉਣ ਦਾ ਦਾਅਵਾ ਕਰਨ ਵਾਲੇ ਭਾਜਪਾ ਆਗੂ ਅਤੇ ਉਨ੍ਹਾਂ ਦੇ ਆਕਾ ਦੱਸਣ ਕਿ ਆਖਿਰ ਉਨ੍ਹਾਂ ਨੇ ਬੂਟੇ ਕਿੱਥੇ-ਕਿੱਥੇ ਲਗਾਏ ਹਨ।
ਕੌਂਸਲਰ ਪਤੀ ਰਵੀ ਸੈਣੀ ਨੇ ਨਿਗਮ ਕਮਿਸ਼ਨਰ ਤੋਂ ਅਪੀਲ ਕਰਦੇ ਹੋਏ ਮੰਗ ਕੀਤੀ ਕਿ ਇਸ ਭਾਜਪਾ ਆਗੂ ਅਤੇ ਠੇਕੇਦਾਰ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਵਾ ਕੇ ਉਸ ਨੂੰ ਹਿਰਾਸਤ ਵਿਚ ਲਿਆ ਜਾਵੇ। ਕਾਂਗਰਸੀ ਆਗੂ ਤੇ ਕੌਂਸਲਰਪਤੀ ਪਰਮਜੀਤ ਪੰਮਾ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਖਿਲਾਫ ਰੈਲੀਆਂ ਕੱਢ ਰਹੇ ਭਾਜਪਾ ਆਗੂ ਪਹਿਲਾਂ 10 ਸਾਲਾਂ ਤੱਕ ਗੱਠਜੋੜ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਚਿੱਠਾ ਜਨਤਾ ਦੇ ਸਾਹਮਣੇ ਰੱਖਣ। ਭਾਜਪਾ ਆਗੂਆਂ ਨੇ ਪਹਿਲਾਂ ਬੂਟਿਆਂ ਅਤੇ ਪਾਰਕਾਂ ਦੀ ਮੇਨਟੀਨੈਂਸ ਦੇ ਨਾਂ 'ਤੇ ਫਿਰ ਸੜਕਾਂ ਬਣਾਉਣ ਦੇ ਨਾਂ 'ਤੇ ਪੈਸੇ ਖਾਧੇ, ਜਿਸ ਤੋਂ ਬਾਅਦ ਨਿਗਮ ਅਧਿਕਾਰੀਆਂ ਨੂੰ ਧਮਕੀਆਂ ਦੇ ਕੇ ਪੈਸੇ ਕਢਵਾਏ। ਇਸ ਮਠੌਕੇ ਕਾਂਗਰਸੀ ਆਗੂ ਵਿਜੇ ਸੈਣੀ, ਅਸ਼ੋਕ ਸ਼ਰਮਾ, ਰਾਜੇਸ਼ ਵਰਮਾ, ਸੋਹਣ ਸਿੰਘ ਮੌਜੂਦ ਸਨ।
ਨਾਰਥ ਤੋਂ ਸ਼ੁਰੂ ਹੋਣਗੇ ਪ੍ਰਾਪਰਟੀ ਟੈਕਸ ਤੇ ਵਾਟਰ ਟੈਕਸ ਵਸੂਲੀ ਕੈਂਪ
NEXT STORY