ਸੁਲਤਾਨਪੁਰ ਲੋਧੀ,(ਸੋਢੀ)— ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਵੀਰਵਾਰ ਹਲਕਾ ਵਿਧਾਇਕ ਅਤੇ ਸ਼ਤਾਬਦੀ ਸਮਾਗਮ ਕਮੇਟੀ ਦੇ ਉੱਪ ਪ੍ਰਧਾਨ ਸ. ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਸਮੇਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਲਈ 18.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ 'ਚ ਨਗਰ ਕੌਂਸਲ ਸੁਲਤਾਨਪੁਰ ਲੋਧੀ ਲਈ 11.50 ਕਰੋੜ ਰੁਪਏ ਦੀ ਰਾਸ਼ੀ ਵੀ ਸ਼ਾਮਲ ਹੈ। ਜਿਸ 'ਚੋਂ ਸ਼ਹਿਰ ਦੇ ਬੱਸ ਸਟੈਂਡ ਲਈ 3.50 ਕਰੋੜ ਰੁਪਏ ਅਤੇ ਬਾਕੀ ਹੋਰਨਾਂ ਜ਼ਰੂਰੀ ਕਾਰਜਾਂ 'ਤੇ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ ਰਹਿੰਦੀ 7 ਕਰੋੜ ਦੀ ਰਾਸ਼ੀ ਨਾਲ ਤਲਵੰਡੀ ਪੁਲ ਤੋਂ ਪਾਰ ਦੀਆਂ ਸਾਰੀਆਂ ਕਲੋਨੀਆਂ ਲਈ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ, ਜਿਸ ਨਾਲ ਇਨ੍ਹਾਂ ਕਲੋਨੀਆਂ ਦੀ ਸੀਵਰੇਜ ਸਬੰਧੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ।
ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਆਪਸੀ ਤਾਲਮੇਲ ਨਾਲ ਸਮੇਂ ਸਿਰ ਸ਼ੁਰੂ ਕਰਕੇ ਇਨ੍ਹਾਂ ਨੂੰ ਤੈਅ ਸਮਾਂ ਸੀਮਾ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਏ। ਉਨ੍ਹਾਂ ਵੱਖ-ਵੱਖ ਪ੍ਰਾਜੈਕਟਾਂ ਸਬੰਧੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਐੱਸ. ਡੀ. ਐੱਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਕਸੀਅਨ ਪੀ. ਡਬਲਿਊ. ਡੀ ਵਰਿੰਦਰ ਕੁਮਾਰ, ਐਕਸੀਅਨ ਸੀਵਰੇਜ ਬੋਰਡ ਸੰਦੀਪ ਗੋਗਨਾ, ਐੱਸ. ਡੀ. ਓ ਸੀਵਰੇਜ ਬੋਰਡ ਸਤਨਾਮ ਸਿੰਘ, ਐੱਸ. ਡੀ. ਓ. ਪੀ. ਡਬਲਿਊ. ਡੀ ਬਲਵੀਰ, ਈ. ਓ ਮਿਊਂਸਪਲ ਕਮੇਟੀ ਸ. ਬਲਜੀਤ ਸਿੰਘ, ਜੇ. ਈ ਸ. ਅਵਤਾਰ ਸਿੰਘ, ਪੀ ਏ ਸ੍ਰੀ ਰਵਿੰਦਰ ਰਵੀ, ਸ੍ਰੀ ਬਲਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਜਲੰਧਰ ਨਗਰ ਨਿਗਮ ਕੌਂਸਲਰ ਹਾਊਸ ਦੀ ਮੀਟਿੰਗ ਦਾ ਅਧਿਕਾਰੀਆਂ ਨੇ ਕੀਤਾ ਬਾਈਕਾਟ
NEXT STORY