ਜਲੰਧਰ/ਲਾਂਬੜਾ (ਕਮਲੇਸ਼, ਵਰਿੰਦਰ)— ਚਾਹ ਪੱਤੀ ਦੇ ਪੈਕੇਟ 'ਚ ਦਿੱਲੀ ਤੋਂ ਭੁੱਕੀ ਖਰੀਦ ਕੇ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਵੇਚਣ ਵਾਲੇ ਪੰਜਾਬ ਰੋਡਵੇਜ਼ ਦੇ ਕੰਡਕਟਰ ਨੂੰ ਲਾਂਬੜਾ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੇ ਕੰਡਕਟਰ ਤੋਂ ਭੁੱਕੀ ਖਰੀਦ ਕੇ ਅੱਗੇ ਵੇਚਣ ਵਾਲੇ ਆਟੋ ਚਾਲਕ ਨੂੰ ਵੀ ਕਾਬੂ ਕੀਤਾ, ਜਦਕਿ ਨਾਜਾਇਜ਼ ਤਰੀਕੇ ਨਾਲ ਸ਼ਰਾਬ ਤੇ ਮੈਡੀਕਲ ਨਸ਼ਾ ਵੇਚਣ ਵਾਲਿਆਂ ਨੂੰ ਵੀ ਪੁਲਸ ਨੇ ਕਾਬੂ ਕੀਤਾ ਹੈ।
ਥਾਣਾ ਲਾਂਬੜਾ ਦੀ ਪੁਲਸ ਟੀਮ ਨੇ ਰਾਮਪੁਰ ਲੱਲੀਆਂ ਕੋਲ ਨਾਕਾਬੰਦੀ ਦੌਰਾਨ ਪੈਦਲ ਆ ਰਹੇ ਮੱਖਣ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਦਯਾਨੰਦ ਚੌਕ ਤੋਂ ਪਲਾਸਟਿਕ ਦੀ ਬੋਰੀ ਦੇਖ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 3 ਕਿਲੋ ਭੁੱਕੀ ਬਰਾਮਦ ਹੋਈ। ਪੁੱਛਗਿਛ ਵਿਚ ਮੱਖਣ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਭੁੱਕੀ ਪੰਜਾਬ ਰੋਡਵੇਜ਼ ਦੇ ਕੰਡਕਟਰ ਸਲਵਿੰਦਰ ਸਿੰਘ ਸ਼ਿੰਦਾ ਪੁੱਤਰ ਗੁਰਨਾਮ ਸਿੰਘ ਵਾਸੀ ਫਾਜ਼ਿਲਕਾ ਤੋਂ ਖਰੀਦੀ ਸੀ। ਪੁਲਸ ਨੇ ਟਰੈਪ ਲਾ ਕੇ ਪਿੰਡ ਸਿੰਘਾਂ ਦੇ ਬੱਸ ਸਟੈਂਡ ਤੋਂ ਉਸ ਨੂੰ ਕਾਬੂ ਕਰ ਲਿਆ। ਉਸ ਤੋਂ 1 ਕਿਲੋ ਭੁੱਕੀ ਵੀ ਮਿਲੀ।
ਪੁੱਛਗਿਛ ਵਿਚ ਉਸ ਨੇ ਦੱਸਿਆ ਕਿ ਉਹ ਦਿੱਲੀ ਰੂਟ 'ਤੇ ਜਾਂਦੀ ਪੰਜਾਬ ਰੋਡਵੇਜ਼ ਦੀ ਬੱਸ ਵਿਚ ਕੰਡਕਟਰ ਹੈ ਅਤੇ ਜਦੋਂ ਦਿੱਲੀ ਜਾਂਦਾ ਹੈ ਤਾਂ ਦਿੱਲੀ ਬਾਰਡਰ ਤੋਂ 2300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁੱਕੀ ਲਿਆ ਕੇ ਇਥੇ 3000 ਰੁਪਏ ਵਿਚ ਵੇਚਦਾ ਹੈ, ਜਦਕਿ ਮੱਖਣ ਸਿੰਘ ਉਸ ਤੋਂ 3000 ਰੁਪਏ ਵਿਚ ਖਰੀਦ ਕੇ 3600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦਾ ਹੈ। ਇਸ ਤਰ੍ਹਾਂ ਥਾਣਾ ਲਾਂਬੜਾ ਦੀ ਪੁਲਸ ਨੇ ਰਾਮਪੁਰ ਚੌਕ 'ਤੇ ਨਾਕਾਬੰਦੀ ਕਰ ਕੇ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨਾਹਲਾਂ ਨੂੰ ਕਾਬੂ ਕਰ ਕੇ ਉਸ ਤੋਂ 50 ਨਸ਼ੇ ਵਾਲੀਆਂ ਗੋਲੀਆਂ ਤੇ 10 ਟੀਕੇ ਬਰਾਮਦ ਕੀਤੇ ਹਨ। ਮੁਲਜ਼ਮ ਨਕੋਦਰ ਤੋਂ ਮੈਡੀਕਲ ਨਸ਼ਾ ਖਰੀਦ ਕੇ ਲਿਆਇਆ ਸੀ।
ਇਸੇ ਤਰ੍ਹਾਂ ਨਾਜਾਇਜ਼ ਸ਼ਰਾਬ ਵੇਚਣ ਵਾਲੇ ਹਰਜਿੰਦਰ ਸਿੰਘ ਪੁੱਤਰ ਜ਼ੈਲ ਸਿੰਘ ਵਾਸੀ ਕਲਿਆਣਪੁਰ ਨੂੰ 24 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁੱਛਗਿਛ ਵਿਚ ਪਤਾ ਲੱਗਾ ਹੈ ਕਿ ਕਲਿਆਣਪੁਰ ਦੇ ਹੀ ਕੇਵਲ ਸਿੰਘ ਕੇਬਾ ਪੁੱਤਰ ਕਰਮ ਸਿੰਘ ਤੋਂ ਸ਼ਰਾਬ ਖਰੀਦਦਾ ਸੀ। ਇਸੇ ਤਰ੍ਹਾਂ ਪੁਲਸ ਨੇ ਮੋਹਨ ਸਿੰਘ ਵਾਸੀ ਲੱਲੀਆਂ ਕਲਾਂ ਦੇ ਘਰ ਛਾਪੇਮਾਰੀ ਕਰ ਕੇ ਨਾਜਾਇਜ਼ ਤਰੀਕੇ ਨਾਲ ਵੇਚੀ ਜਾ ਰਹੀ ਸ਼ਰਾਬ ਦੀਆਂ ਸਾਢੇ ਚਾਰ ਬੋਤਲਾਂ ਬਰਾਮਦ ਕੀਤੀਆਂ। ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਬੰਦੂਕ ਦੀ ਨੌਕ 'ਤੇ ਠੇਕੇ ਦੇ ਕਰਿੰਦਿਆਂ ਤੋਂ ਲੁੱਟੇ 5 ਲੱਖ ਰੁਪਏ
NEXT STORY