ਜਲੰਧਰ,(ਚੋਪੜਾ) : ਅਗਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਟਿਕਟ ਲੈਣ ਦੇ ਦਾਅਵੇਦਾਰ ਚੰਡੀਗੜ੍ਹ ਤੋਂ ਲੈ ਕੇ ਰਾਹੁਲ ਗਾਂਧੀ ਦਰਬਾਰ ਤੱਕ ਆਪਣੀਆਂ ਗੋਟੀਆਂ ਫਿੱਟ ਕਰਨ ਦਾ ਜੁਗਾੜ ਕਰ ਰਹੇ ਹਨ ਪਰ ਕਾਂਗਰਸ ਹਾਈਕਮਾਨ ਵਲੋਂ ਅਪਣਾਈ ਜਾ ਰਹੀ ਰਣਨੀਤੀ ਤੋਂ ਜ਼ਾਹਿਰ ਹੁੰਦਾ ਹੈ ਕਿ ਸਿਰਫ ਜੁਗਾੜ ਦੇ ਦਮ 'ਤੇ ਟਿਕਟ ਹਾਸਲ ਕਰਨਾ ਸੰਭਵ ਨਹੀਂ ਹੋਵੇਗਾ। ਰਾਹੁਲ ਗਾਂਧੀ ਨੇ ਪਾਰਟੀ ਦੇ ਕੌਮੀ ਪੱਧਰ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਜਿਨ੍ਹਾਂ ਦਾਅਵੇਦਾਰਾਂ ਦਾ ਫੀਡਬੈਕ ਬਿਹਤਰ ਹੋਵੇਗਾ ਸਿਰਫ ਉਨ੍ਹਾਂ ਚਿਹਰਿਆਂ ਨੂੰ ਹੀ ਟਿਕਟ ਮਿਲੇਗੀ। ਰਾਹੁਲ ਗਾਂਧੀ ਨੇ ਹਰੇਕ ਲੋਕ ਸਭਾ ਹਲਕੇ ਲਈ ਸਰਵੇ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਪੰਜਾਬ 'ਚ ਵੀ ਟੀਮ ਰਾਹੁਲ ਦੁਆਰਾ ਅਧਾਰਿਤ ਟੀਮਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਕਿ ਹਰੇਕ ਲੋਕ ਸਭਾ ਹਲਕੇ 'ਚ ਜਾ ਕੇ ਵਿਅਕਤੀਗਤ ਤੌਰ 'ਤੇ ਕਾਂਗਰਸ ਨੇਤਾਵਾਂ, ਵਰਕਰਾਂ ਤੇ ਆਮ ਜਨਤਾ ਨਾਲ ਮਿਲ ਕੇ ਦਾਅਵੇਦਾਰਾਂ ਬਾਰੇ ਫੀਡਬੈਕ ਇਕੱਠਾ ਕਰ ਰਹੀਆਂ ਹਨ। ਹਾਈਕਮਾਨ ਨੇ ਬੇਹੱਦ ਗੁਪਤ ਤਰੀਕੇ ਨਾਲ ਅਜਿਹੀਆਂ 4-4 ਟੀਮਾਂ ਵੱਖ-ਵੱਖ ਤੌਰ 'ਤੇ ਸਰਵੇ 'ਤੇ ਲਾਈਆਂ ਹਨ ਤਾਂ ਕਿ ਕਾਂਗਰਸ ਦੇ ਸੀਨੀਅਰ ਨੇਤਾ ਤੇ ਹੋਰ ਅਹੁਦੇਦਾਰ ਸਰਵੇ ਦੇ ਕੰਮ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਕਰ ਸਕਣ ਤੇ ਚਾਰੇ ਟੀਮਾਂ ਦੀਆਂ ਸਰਵੇ ਰਿਪੋਰਟਾਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਹੀ ਦਾਅਵੇਦਾਰਾਂ ਨੂੰ ਟਿਕਟ ਮਿਲੇਗੀ। ਸਰਵੇ 'ਚ ਜਿਸ ਦਾ ਪ੍ਰਦਰਸ਼ਨ ਚੰਗਾ ਹੋਵੇਗਾ, ਉਸ ਦੀ ਟਿਕਟ ਹੀ ਫਾਈਨਲ ਹੋਵੇਗੀ।
ਪੰਜਾਬ 'ਚ ਕਾਂਗਰਸ ਨੇ 13 ਹਲਕਿਆਂ ਨੂੰ ਤਿੰਨ ਜ਼ੋਨਾਂ 'ਚ ਵੰਡਿਆ ਹੈ। ਮਾਝਾ, ਦੋਆਬਾ ਤੇ ਮਾਲਵਾ ਜ਼ੋਨ ਲਈ ਕੌਮੀ ਪੱਧਰ 'ਤੇ ਕਿਸੇ ਅਧਿਕਾਰੀ ਦੀ ਡਿਉੂਟੀ ਲਾਈ ਗਈ ਹੈ ਤੇ ਉਨ੍ਹਾਂ ਅਧਿਕਾਰੀਆਂ ਤੋਂ ਹਰੇਕ ਇੰਟਰਨਲ ਸਰਵੇ ਤੋਂ ਬਾਅਦ ਉਮੀਦਵਾਰਾਂ ਬਾਰੇ ਰਾਹੁਲ ਗਾਂਧੀ ਸਿੱਧਾ ਫੀਡਬੈਕ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਵੀ ਸੂਬੇ ਦੇ ਕਾਂਗਰਸੀ ਨੇਤਾਵਾਂ ਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਸੰਭਾਵਿਤ ਉਮੀਦਵਾਰਾਂ ਬਾਰੇ ਹਾਈਕਮਾਨ ਨੂੰ ਰਿਪੋਰਟ ਦੇ ਰਹੇ ਹਨ ਪਰ ਰਾਹੁਲ ਗਾਂਧੀ ਦੇ ਸਰਵੇ, ਸੂਬਾ ਪ੍ਰਧਾਨ, ਸੂਬਾ ਇੰਚਾਰਜ ਤੇ ਮੁੱਖ ਮੰਤਰੀ ਦੀ ਰਿਪੋਰਟ ਦਾ ਆਪਸ 'ਚ ਮਿਲਾਨ ਕੀਤਾ ਜਾਵੇਗਾ, ਜਿਸ ਦੇ ਆਧਾਰ 'ਤੇ ਉਮੀਦਵਾਰਾਂ ਦੇ ਨਾਂ ਫਾਈਨਲ ਹੋਣਗੇ।
ਸੂਤਰਾਂ ਦੀ ਮੰਨੀਏ ਤਾਂ ਜਿਨ੍ਹਾਂ ਲੋਕ ਸਭਾ ਹਲਕਿਆਂ 'ਚ ਟਿਕਟ ਨੂੰ ਲੈ ਕੇ ਉਮੀਦਵਾਰਾਂ 'ਚ ਜ਼ਿਆਦਾ ਖਿੱਚੋਤਾਣ ਹੋਵੇਗੀ, ਸਿਰਫ ਉਨ੍ਹਾਂ ਸੀਟਾਂ 'ਤੇ ਪਾਰਟੀ ਨੇਤਾਵਾਂ ਦੇ ਪੱਧਰ 'ਤੇ ਮੰਥਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਇਕ ਨਾਂ ਫਾਈਨਲ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਇਸ ਕਦਮ ਨਾਲ ਸੂਬੇ 'ਚ ਪਾਰਟੀ ਦੇ ਅੰਦਰ ਹੋਣ ਵਾਲੀ ਗੁੱਟਬਾਜ਼ੀ 'ਤੇ ਵੀ ਰੋਕ ਲੱਗੇਗੀ। ਇਸ ਨਾਲ ਕਿਸੇ ਨੂੰ ਵੀ ਇਹ ਕਹਿਣ ਦਾ ਮੌਕਾ ਹੀ ਨਹੀਂ ਮਿਲੇਗਾ ਕਿ ਪਾਰਟੀ ਵਲੋਂ ਕਿਸੇ ਵਿਸ਼ੇਸ਼ ਗੁੱਟ ਜਾਂ ਆਪਣੇ ਗਾਡਫਾਦਰ ਨੇਤਾ ਕਾਰਨ ਸਬੰਧਤ ਨੇਤਾ ਨੂੰ ਟਿਕਟ ਦੇ ਦਿੱਤੀ ਗਈ। ਇਹੀ ਕਾਰਨ ਹੈ ਕਿ ਕੋ-ਆਰਡੀਨੇਸ਼ਨ ਕਮੇਟੀ ਦੀ ਚੇਅਰਮੈਨ ਤੇ ਸੂਬਾ ਇੰਚਾਰਜ ਆਸ਼ਾ ਕੁਮਾਰੀ ਵਾਰ-ਵਾਰ ਅਜਿਹਾ ਕਹਿ ਰਹੀ ਹੈ ਕਿ ਸਿਰਫ ਚੋਣਾਂ ਜਿੱਤਣ ਵਾਲਿਆਂ ਨੂੰ ਹੀ ਟਿਕਟ ਦਿੱਤੀ ਜਾਵੇਗੀ।
'2019 ਲੋਕਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ'
NEXT STORY